ਸਤਲੁਜ ਦਰਿਆ ਕੰਢੇ ਖੇਡਦੀਆਂ ਚਾਰ ਨਾਬਾਲਗ ਲੜਕੀਆਂ ਡੁੱਬੀਆਂ

ਜਗਰਾਉਂ : ਸਤਲੁਜ ਦਰਿਆ ਕੰਢੇ ਖੇਡਦਿਆਂ ਚਾਰ ਨਾਬਾਲਗ ਲੜਕੀਆਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਚੰਡੀਗੜ੍ਹ ਦੀਆਂ ਛੰਨਾਂ ਨੇੜੇ ਚਾਰ ਬੱਚੀਆਂ ਕੁਲਵਿੰਦਰ ਕੌਰ ਪੁੱਤਰੀ ਮੁਖਤਿਆਰ ਸਿੰਘ (13), ਮਨਜਿੰਦਰ ਕੌਰ ਪੁੱਤਰੀ ਪਰਮਜੀਤ ਸਿੰਘ (13), ਸੁਮਨ ਪੁੱਤਰੀ ਸੁਰਜੀਤ ਸਿੰਘ (13) ਗਗਨਦੀਪ ਕੌਰ ਪੁੱਤਰੀ ਮਲਕੀਤ ਸਿੰਘ (12) ਸਾਰੀਆਂ ਵਾਸੀ ਪਿੰਡ ਗੋਰਸੀਆਂ ਕਾਦਰ ਬਖਸ਼ ਦੇਰ ਸ਼ਾਮ ਸਤਲੁਜ ਦਰਿਆ ਕਿਨਾਰੇ ਖੇਡ ਰਹੀਆਂ ਸਨ। ਖੇਡਦੇ-ਖੇਡਦੇ ਬੱਚੀਆਂ ਦਰਿਆ ਕਿਨਾਰੇ ਰੇਤ ਦੀਆਂ ਡੂੰਘੀਆਂ ਖੱਡਾਂ ਵਿੱਚ ਚਲੀਆਂ ਗਈਆਂ, ਜਿਨ੍ਹਾਂ ਵਿੱਚ ਪਾਣੀ ਭਰਿਆ ਹੋਇਆ ਸੀ। ਪਿੰਡ ਵਾਸੀਆਂ ਨੇ ਲੰਬੀ ਜੱਦੋਜਹਿਦ ਮਗਰੋਂ ਲੜਕੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੀੜਤ ਪਰਿਵਾਰਾਂ ਨੇ ਬੱਚੀਆਂ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਘਟਨਾ ਦਾ ਪਤਾ ਲਗਦੇ ਹੀ ਹਲਕਾ ਦਾਖਾ ਤੋਂ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਸਿੱਧਵਾਂ ਬੇਟ ਹਸਪਤਾਲ ਪੁੱਜੇ ਅਤੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਏ।

Leave a Reply

Your email address will not be published. Required fields are marked *