‘ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੇ ਪੰਜਾਬ ਦਾ ਪਾਣੀ ਕਿਵੇਂ ਬਚਾਉਣਗੇ’

ਪਟਿਆਲਾ : ਸੰਸਦ ਮੈਂਬਰ ਤੇ ‘ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਪਾਣੀਆਂ ’ਤੇ ਪਹਿਰੇਦਾਰੀ ਦੀ ਗੱਲ ਕਿਹੜੇ ਮੂੰਹ ਨਾਲ ਕਰ ਰਹੇ ਹਨ, ਕਿਉਂਕਿ ਉਹ ਖੁਦ ਹਰਿਆਣਾ ਨੂੰ ਪਾਣੀ ਦੇਣ ਮੌਕੇ ਚਾਂਦੀ ਦੀ ਕਹੀ ਲੈ ਕੇ ਗਏ ਸਨ। ਸ੍ਰੀ ਮਾਨ ਅੱਜ ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਰੋਸ ਧਰਨੇ ’ਚ ਸ਼ਿਰਕਤ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਜਾਣਕਾਰੀ ਅਨੁਸਾਰ ਜਦੋਂ ਐੱਸਵਾਈਐੱਲ ਨਹਿਰ ਦਾ ਪਿੰਡ ਕਪੂਰੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਦਘਾਟਨ ਕੀਤਾ ਸੀ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਲਈ ਚਾਂਦੀ ਦੀ ਕਹੀ ਲੈ ਕੇ ਗਏ ਸਨ।

ਸ੍ਰੀ ਮਾਨ ਨੇ ਆਖਿਆ ਕਿ ਅਸਲ ’ਚ ਪਾਣੀਆਂ ਦੇ ਮਾਮਲੇ ’ਚ ਸਾਰੇ ਰਲੇ ਹੋਏ ਹਨ। ਆਪੋ ਆਪਣੀ ਸਿਆਸਤ ਜ਼ਰੀਏ ਇੱਕ ਦੂਜੇ ਨੂੰ ਬਚਾਉਂਦੇ ਫਿਰਦੇ ਹਨ। ਅਕਸਰ ਚੋਣਾਂ ਵੇਲੇ ਪਾਣੀਆਂ ਦੇ ਮਸਲੇ ’ਤੇ ਕੁਰਬਾਨੀਆਂ ਲਈ  ਪੰਜਾਬੀਆਂ ਨੂੰ ਅੱਗੇ ਕੀਤਾ ਜਾਂਦਾ ਹੈ, ਪ੍ਰੰਤੂ ਸੱਤਾ ਪ੍ਰਾਪਤੀ ਮਗਰੋਂ ਇਹ ਲੋਕ ਫਿਰ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਦੀ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਇੱਕ ਦਿਨ ਦਾ ਸੱਦਣ ਲਈ  ਕੈਪਟਨ ਸਰਕਾਰ ਨੂੰ ਰਗੜੇ ਲਾਏ ਅਤੇ ਆਖਿਆ ਕਿ ਅਸਲ ’ਚ ਸਰਕਾਰ ਕੋਲ ਸੱਚਾਈ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਬਚੀ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਦੇ ਜੋ ਭਖਵੇਂ ਮਸਲੇ ਹਨ, ਉਨ੍ਹਾਂ ਦੇ ਮੱਦੇਨਜ਼ਰ ਇਜਲਾਸ ਘੱਟੋ ਘੱਟ 20 ਦਿਨ ਦਾ ਸੱਦਿਆ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਲਈ ਘਰੋਂ ਬਾਹਰ ਹੀ ਨਹੀਂ ਨਿਕਲਣਾ, ਫਿਰ ਉਹ ਆਪਣੇ ਸਿਸਵਾਂ ਫਾਰਮ ਹਾਊਸ ’ਚ ਹੀ ਇਜਲਾਸ ਸੱਦ ਲੈਂਦੇ। ਉਨ੍ਹਾਂ ਆਖਿਆ ਕਿ ਪੰਜਾਬ ’ਚ ਕੋਵਿਡ-19 ਵਜੋਂ ਅਮਰਿੰਦਰ ਸਿੰਘ ਨੇ ਜੋ ਮਿਸ਼ਨ ਫਤਹਿ ਦਾ ਨਾਂ ਦਿੱਤਾ ਹੈ, ਉਹ ਝੂਠਾ ਪੈ ਗਿਆ ਹੈ, ਕਿਉਂਕਿ ਮਿਸ਼ਨ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਲੋਕ ਕਰੋਨਾ ਪਾਜ਼ੇਟਿਵ ਆ ਰਹੇ ਹਨ ਤੇ ਮੌਤਾਂ ਵੀ ਵੱਧ ਰਹੀਆਂ ਹਨ। 

Leave a Reply

Your email address will not be published. Required fields are marked *