ਤਰਨ ਤਾਰਨ ’ਚ ਪੰਜ ਪਾਕਿਸਤਾਨੀ ਘੁਸਪੈਠੀਏ ਹਲਾਕ

ਤਰਨ ਤਾਰਨ : ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੀ 103 ਬਟਾਲੀਅਨ ਨੇ ਅੱਜ ਵੱਡੇ ਤੜਕੇ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪੰਜ ਘੁਸਪੈਠੀਆਂ ਨੂੰ ਮਾਰ ਮੁਕਾਇਆ। ਖਾਲੜਾ ਥਾਣੇ ਅਧੀਨ ਆਉਂਦੇ ਪਿੰਡ ਡੱਲ ਦੀ ਬੁਰਜੀ ਨੇੜੇ ਪਾਕਿਸਤਾਨੀ ਘੁਸਪੈਠੀਆਂ ਨਾਲ ਹੋਏ ਗਹਿਗੱਚ ਮੁਕਾਬਲੇ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ, ਗੋਲੀ-ਸਿੱਕਾ ਅਤੇ ਹੈਰੋਇਨ ਬਰਾਮਦ ਕੀਤੀ  ਗਈ ਹੈ। ਬੀਤੀ ਅੱਧੀ ਰਾਤ ਡੇਢ ਕੁ ਵਜੇ ਦੇ ਕਰੀਬ ਸ਼ੁਰੂ ਹੋਇਆ ਇਹ ਅਪਰੇਸ਼ਨ ਸਵੇਰੇ ਤੱਕ ਜਾਰੀ ਰਿਹਾ| ਬੀਐੱਸਐੱਫ ਦੇ ਆਈਜੀ (ਪੰਜਾਬ ਫਰੰਟੀਅਰ) ਮਹੀਪਾਲ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਕੇ ਤੋਂ 45 ਕਰੋੜ ਰੁਪਏ ਮੁੱਲ ਦੀ ਹੈਰੋਇਨ ਦੇ 9 ਪੈਕੇਟ, ਇਕ ਏਕੇ-47 ਰਾਈਫਲ, ਚਾਰ ਪਿਸਤੌਲ, ਅੱਠ ਮੈਗਜ਼ੀਨ, 117 ਰੌਂਦ ਅਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ| ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਸਾਢੇ 12 ਵਜੇ ਦੇ ਕਰੀਬ ਸੀਮਾ ਸੁਰੱਖਿਆ ਬਲ ਦੀ 103 ਬਟਾਲੀਅਨ ਦੇ ਜਵਾਨਾਂ ਨੇ ਸੀਸੀਟੀਵੀ ਕੈਮਰਿਆਂ ਵਿੱਚ ਤਾਰ ਤੋਂ ਪਾਰ ਤੋਂ ਹਿਲਜੁਲ ਦੇਖੀ| ਜਵਾਨਾਂ ਨੂੰ ਪਹਿਲਾਂ ਕੈਮਰਿਆਂ ਵਿੱਚ ਦੋ ਜਣਿਆਂ ਦੀ ਹਰਕਤ ਦਿਖਾਈ ਦਿੱਤੀ। ਜਿਵੇਂ ਹੀ ਘੁਸਪੈਠੀਆਂ ਨੇ ਕੰਡਿਆਲੀ ਤਾਰ ਦੇ ਨੇੜੇ ਆ ਕੇ ਹੱਥਾਂ ਵਿੱਚ ਫੜੇ ਪੈਕੇਟ ਤਾਰ ਤੋਂ ਪਾਰ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਵੰਗਾਰਿਆ ਜਿਸ ’ਤੇ ਘੁਸਪੈਠੀਆਂ ਨੇ ਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ| ਸੁਰੱਖਿਆ ਬਲਾਂ ਦੇ ਜਵਾਨਾਂ ਨੇ ਜਵਾਬੀ ਫਾਇਰਿੰਗ ਕੀਤੀ| ਦੋਹਾਂ ਧਿਰਾਂ ਵਿਚਕਾਰ ਫਾਇਰਿੰਗ ਸਵੇਰੇ ਸਾਢੇ 5 ਵਜੇ ਤੱਕ ਜਾਰੀ ਰਹੀ| ਜਦੋਂ ਗੋਲੀਬਾਰੀ ਸ਼ਾਂਤ ਹੋ ਗਈ ਤਾਂ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ| ਬੀਐੱਸਐੱਫ ਦੇ ਜਵਾਨਾਂ ਨੂੰ ਪੰਜ ਘੁਸਪੈਠੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ|   

ਘੁਸਪੈਠੀਆਂ ਦੀ ਗਿਣਤੀ ਵੱਧ ਹੋਣ ਦਾ ਸ਼ੱਕ

ਆਈਜੀ ਮਹੀਪਾਲ ਯਾਦਵ ਨੇ ਸੰਭਾਵਨਾ ਜਤਾਈ ਕਿ ਘੁਸਪੈਠੀਆਂ ਦੀ ਗਿਣਤੀ ਪੰਜ ਤੋਂ ਜ਼ਿਆਦਾ ਹੋ ਸਕਦੀ ਹੈ ਅਤੇ ਬਾਕੀ ਦੇ ਘੁਸਪੈਠੀਏ ਵਾਪਸ ਜਾਣ ਵਿੱਚ ਸਫ਼ਲ ਰਹੇ| ਉਨ੍ਹਾਂ ਦੱਸਿਆ ਕਿ ਸਵੇਰ ਵੇਲੇ ਤਲਾਸ਼ੀ ਦੌਰਾਨ ਪਹਿਲਾਂ ਦੋ ਲਾਸ਼ਾਂ ਮਿਲੀਆਂ ਸਨ ਅਤੇ ਬਾਅਦ ’ਚ ਤਿੰਨ ਹੋਰ ਲਾਸ਼ਾਂ ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਲਾਸ਼ਾਂ ਸਥਾਨਕ ਪੁਲੀਸ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਉਹ ਮੋਬਾਈਲ ਫੋਨਾਂ ਦੇ ਡੇਟਾ ਖੰਗਾਲ ਕੇ ਇਸ ਦੀ ਜਾਂਚ ਕਰੇਗੀ। ਪਾਕਿਸਤਾਨ ਨਾਲ ਲਗਦੀ 3300 ਕਿਲੋਮੀਟਰ ਲੰਬੀ ਸਰਹੱਦ ’ਤੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ’ਚ ਇਕ ਹੀ ਘਟਨਾ ’ਚ ਘੁਸਪੈਠੀਆਂ ਦੇ ਮਾਰੇ ਜਾਣ ਦੀ ਇਹ ਸਭ ਤੋਂ ਵੱਧ ਗਿਣਤੀ ਹੈ। 

Leave a Reply

Your email address will not be published. Required fields are marked *