ਜਿਸਤ-ਟਾਂਕ ਤਹਿਤ ਦੁਕਾਨਾਂ ਖੋਲ੍ਹਣ ਦੀ ਤਿਆਰੀ

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਸ ਤਹਿਤ ਹੁਣ ਪ੍ਰਸ਼ਾਸਨ ਨੇ ਦੁਕਾਨਾਂ ਜਿਸਤ-ਟਾਂਕ ਫਾਰਮੂਲੇ ਤਹਿਤ ਖੁੱਲ੍ਹਵਾਉਣ ਦਾ ਫ਼ੈਸਲਾ ਲਿਆ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਫਾਰਮੂਲੇ ਤਹਿਤ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਜਿਸਤ ਨੰਬਰ ਵਾਲੇ ਦਿਨ ਜਿਸਤ ਨੰਬਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਤੇ ਟਾਂਕ ਵਾਲੇ ਦਿਨ ਟਾਂਕ ਨੰਬਰ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ।

ਉਨ੍ਹਾਂ ਦੱਸਿਆ ਕਿ ਜਿਹੜੀਆਂ ਦੁਕਾਨਾਂ ਨੂੰ ਨੰਬਰ ਲੱਗੇ ਹੋਏ ਹਨ, ਉਹ ਠੀਕ ਹਨ, ਜਿੱਥੇ ਨੰਬਰ ਨਹੀਂ ਹਨ, ਉਹ ਦੁਕਾਨਾਂ ਦੇ ਨੰਬਰ ਦੁਕਾਨਦਾਰ ਐਸੋਸੇਈਸ਼ੇਨਾਂ ਵੱਲੋਂ ਪੁਲੀਸ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਮਿਲ ਕੇ ਲਗਾਏ ਜਾਣਗੇ। ਇਹ ਫਾਰਮੂਲਾ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ’ਤੇ ਲਾਗੂ ਹੋਵੇਗਾ।

ਇਸ ਫਾਰਮੂਲੇ ਦੇ ਐਲਾਨ ਤੋਂ ਬਾਅਦ ਹੁਣ ਦੁਕਾਨਦਾਰਾਂ ਵਿਚ ਪਰੇਸ਼ਾਨੀ ਵੱਧ ਗਈ ਹੈ। ਦੁਕਾਨਦਾਰਾਂ ਦੀ ਮੰਨੀਏ ਤਾਂ ਪਹਿਲਾਂ ਹੀ ਕੰਮ ਨਹੀਂ ਹੈ, ਉਪਰੋਂ ਇਸ ਫਾਰਮੂਲੇ ਤਹਿਤ ਦੁਕਾਨਾਂ ਖੋਲ੍ਹਣ ਦਾ ਹੋਰ ਨੁਕਸਾਨ ਹੋਵੇਗਾ।

ਉਧਰ ਕਰੋਨਾ ਕਾਰਨ ਸੂਬੇ ਵਿਚ ਮੋਹਰੀ ਬਣੇ ਲੁਧਿਆਣਾ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਨੂੰ ਹਫ਼ਤਾਵਰੀ ਕਰਫਿਊ ਲਗਾਇਆ ਗਿਆ ਸੀ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਦੀਆਂ ਦੁਕਾਨਾਂ ਬੰਦ ਰਹੀਆਂ। ਪਰ ਸੜਕਾਂ ’ਤੇ ਆਵਾਜਾਈ ਦੀ ਰੋਕ ਨਾ ਹੋਣ ਕਾਰਨ ਆਵਾਜਾਈ ਜਾਰੀ ਰਹੀ। ਹਾਲਾਂਕਿ, ਗੈਰ ਜ਼ਰੂਰੀ ਦੁਕਾਨਾਂ ਅਤੇ ਬਾਜ਼ਾਰ ਬੰਦ ਹੋਣ ਕਾਰਨ ਆਮ ਦਿਨਾਂ ਦੇ ਮੁਕਾਬਲੇ ਭੀੜ ਘੱਟ ਰਹੀ।

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਭਾਈ ਰਣਧੀਰ ਸਿੰਘ ਨਗਰ ਸਥਿਤ ਡੱਬੂ ਮਾਰਕੀਟ ਵਿੱਚ ਡੱਬੂ ਚਿਕਨ ਕਾਰਨਰ ਦੇ ਮਾਲਕ ਦਮਨ ਅਤੇ ਉਸ ਦੇ ਨੌਕਰ ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਕੁਲਵੰਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜਦੋਂ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤਾਂ ਡੱਬੂ ਚਿਕਨ ਕਾਰਨਰ ਦੀ ਦੁਕਾਨ ਖੁੱਲ੍ਹੀ ਹੋਈ ਸੀ ਜਿੱਥੇ ਗਾਹਕਾਂ ਨੂੰ ਖਾਣਾ ਪਰੋਸਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਪੁਲੀਸ ਨੇ ਕੇਸ ਦਰਜ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਾਛੀਵਾੜਾ : ਪੰਜਾਬ ਸਰਕਾਰ ਦੇ ਹਫਤਾਵਰੀ ਤਾਲਾਬੰਦੀ ਦੇ ਨਿਰਦੇਸ਼ਾਂ ਤਹਿਤ ਮਾਛੀਵਾੜੇ ਵਿੱਚ ਅੱਜ ਕਰਫਿਊ ਵਰਗੇ ਹਾਲਾਤ ਰਹੇ। ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ। ਦੂਸਰੇ ਪਾਸੇ ਪੁਲੀਸ ਅਧਿਕਾਰੀ ਤੇ ਮੁਲਜ਼ਮ ਇਲਾਕੇ ਵਿਚ ਪੂਰੀ ਤਰ੍ਹਾਂ ਮੁਸ਼ਤੈਦ ਰਹੇ। ਥਾਣਾ ਮੁਖੀ ਰਾਓ ਵਰਿੰਦਰ ਸਿੰਘ, ਇੰਦਰਜੀਤ ਸਿੰਘ, ਅਜਮੇਰ ਸਿੰਘ ਤੇ ਮਦਨ ਸਿੰਘ ਪੁਲੀਸ ਪਾਰਟੀ ਸਮੇਤ ਨਾਕਿਆਂ ’ਤੇ ਤਾਇਨਾਤ ਰਹੇ।

ਖੰਨਾ ’ਚ ਜ਼ੋਨਾਂ ਦੇ ਆਧਾਰ ’ਤੇ ਖੁੱਲ੍ਹਣਗੀਆਂ ਦੁਕਾਨਾਂ

ਖੰਨਾ : ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਅੱਜ ਸ਼ਨਿਚਰਵਾਰ ਤੇ ਐਤਵਾਰ ਨੂੰ ਜਿੱਥੇ ਤਾਲਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਗਈ, ਉੱਥੇ ਹੀ ਖੰਨਾ ਵਪਾਰ ਮੰਡਲ ਤੇ ਸਾਰੀਆਂ ਐਸੋਸ਼ੀਏਸ਼ਨਜ਼ ਦੀ ਸਹਿਮਤੀ ਨਾਲ ਦੋ ਜ਼ੋਨ ਬਣਾਏ ਹਨ ਤਾਂ ਜੋ ਬਾਜ਼ਾਰਾਂ ਵਿਚ ਕਰੋਨਾਂ ਨਿਯਮਾਂ ਦੀ ਪਾਲਣਾ ਹੋ ਸਕੇ। ਕੱਪੜਾ ਐਸੋਸ਼ੀਏਸ਼ਨ ਦੇ ਪ੍ਰਧਾਨ ਸੂਰਬੀਰ ਸਿੰਘ ਸੇਠੀ ਤੇ ਸਵਰਨਕਾਰ ਸੰਘ ਦੇ ਪ੍ਰਧਾਨ ਰੂਪ ਚੰਦ ਸੇਢਾ ਨੇ ਕਿਹਾ ਕਿ 24 ਅਗਸਤ ਤੋਂ ਦੁਕਾਨਾਂ ਜ਼ੋਨਾਂ ਦੇ ਆਧਾਰ ’ਤੇ ਖੁੱਲ੍ਹਣਗੀਆਂ। ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ‘ਏ’ ਜ਼ੋਨ ’ਚ ਕੱਪੜਾ ਅਤੇ ਹੈਂਡਲੂਮ, ਬੁਟੀਕ ਤੇ ਟੇਲਰ, ਜਨਰਲ ਮਰਚੈਂਟ, ਗਿਫ਼ਟ ਸ਼ਾਪ, ਸੁਨਿਆਰੇ, ਮੋਬਾਈਲ ਅਤੇ ਫੋਟੋ ਸਟੇਟ, ਸ਼ੀਸ਼ੇ ਦੀਆਂ ਦੁਕਾਨਾਂ, ਡਰਾਈਕਲੀਨ, ਸੈਨੇਟਰੀ, ਹਾਰਡਵੇਅਰ, ਫਰਨੀਚਰ ਆਦਿ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਸੇ ਤਰ੍ਹਾਂ ਬਾਕੀ ਦੁਕਾਨਾਂ ‘ਬੀ’ ਜ਼ੋਨ ਵਿੱਚ ਹਨ, ਜੋ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਖੁੱਲ੍ਹਣਗੀਆਂ। ਇਸ ਸਬੰਧੀ ਰੈਡੀਮੇਡ ਗਾਰਮੈਂਟਸ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਪਨ ਚੰਦਰ ਗੈਂਦ ਨੇ ਕਿਹਾ ਕਿ ਉਨ੍ਹਾਂ ਦੀ ਐਸੋਸ਼ੀਏਸ਼ਨ ਨੇ ਅਜਿਹਾ ਕੋਈ ਫ਼ੈਸਲਾ ਨਹੀਂ ਕੀਤਾ। ਉਹ ਹਫ਼ਤੇ ਦੇ 5 ਦਿਨ ਦੁਕਾਨਾਂ ਖੋਲ੍ਹਣਗੇ।

Leave a Reply

Your email address will not be published. Required fields are marked *