ਸਿੱਖਜ਼ ਫਾਰ ਜਸਟਿਸ ਦੇ ਬੰਦ ਦੇ ਸੱਦੇ ਕਾਰਨ ਅਲਰਟ

ਚੰਡੀਗੜ੍ਹ : ਸਿੱਖਸ ਫਾਰ ਜਸਟਿਸ (SFJ) ਵਲੋਂ ਮਹੀਨੇ ਦੇ ਅਖ਼ੀਰ ਵਿੱਚ ‘ਪੰਜਾਬ ਬੰਦ’ ਦਾ ਸੱਦਾ ਦਿੱਤੇ ਜਾਣ ਦੀ ਜਾਣਕਾਰੀ ਮਿਲਣ ਮਗਰੋਂ ਖ਼ੁਫ਼ੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। SFJ, ਜਿਸ ਨੂੰ ਪਿਛਲੇ ਵਰ੍ਹੇ ਜੁਲਾਈ ਵਿੱਚ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਗੈਰਕਾਨੂੰਨੀ ਸੰਸਥਾ ਗਰਦਾਨਿਆ ਗਿਆ ਸੀ, ਨੇ ਸੱਜਰੇ ਸੁਨੇਹੇ ਵਿੱਚ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ’ਤੇ 31 ਅਗਸਤ, 1995 ਵਿੱਚ ਚੰਡੀਗੜ੍ਹ ’ਚ ਸਿਵਲ ਸਕੱਤਰੇਤ ਦੇ ਬਾਹਰ ਕਾਰ ਬੰਬ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਮੰਤਰੀ ਬੇਅੰਤ ਮਾਰਿਆ ਗਿਆ ਸੀ। ਪੰਜਾਬ ਪੁਲੀਸ ਦਾ ਅਫਸਰ ਦਿਲਾਵਰ ਸਿੰਘ ਇਸ ਹਮਲੇ ਦਾ ਫ਼ਿਦਾਈਨ ਹਮਲਾਵਰ ਸੀ। ਐੱਸਐੱਫਜੇ ਨੇ ਆਪਣੇ ਬੰਦ ਦੇ ਸੱਦੇ ਦੌਰਾਨ ਅੰਮ੍ਰਿਤਸਰ ਜਾ ਕੇ ਅਕਾਲ ਤਖ਼ਤ ਵਿਖੇ ਅਰਦਾਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੇ ਆਊਣ-ਜਾਣ ਦੇ ਸਫ਼ਰ ਦਾ ਖ਼ਰਚਾ ਚੁੱਕਣ ਦੀ ਪੇਸ਼ਕਸ਼ ਕੀਤੀ ਹੈ। ਇਸ ਸਬੰਧੀ ਸੂਬੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੰਜਾਬ ਪੁਲੀਸ ਨੂੰ ਸੂਬੇ ਵਿੱਚ ਕੋਈ ਅਣਸੁਖਾਵੀਂ ਘਟਨਾ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ। –