ਸਿੱਖ ਜਥੇਬੰਦੀਆਂ ਵੱਲੋਂ ਲੌਂਗੋਵਾਲ ਦਾ ਘਿਰਾਓ

ਪਾਇਲ : ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਨਿੰਮਸਰ ਸਾਹਿਬ ਪਿੰਡ ਘੁਡਾਣੀ ਕਲਾਂ ਵਿਚ ਨਵੇਂ ਬਣੇ ਦਰਬਾਰ ਸਾਹਿਬ ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਿੱਖ ਨੌਜਵਾਨਾਂ ਨੇ ਲੌਂਗੋਵਾਲ ਨੂੰ ਸਵਾਲ ਕੀਤੇ ਅਤੇ ਆਖਿਆ ਕਿ ਅਸਲ ਮੁਲਜ਼ਮ ਸਿੱਖ ਸੰਗਤ ਸਾਹਮਣੇ ਕਿਉਂ ਨਹੀਂ ਲਿਆਂਦੇ ਜਾ ਰਹੇ। ਇਸ ਦੌਰਾਨ ਨੌਜਵਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਡੀ ਘੇਰ ਕੇ ਉਸ ਅੱਗੇ ਲੰਮੇ ਪੈ ਗਏ, ਜਿਸ ਕਾਰਨ ਸਥਿਤੀ ਕਾਫੀ ਗੰਭੀਰ ਬਣ ਗਈ। ਪੁਲੀਸ ਤੇ ਉਨ੍ਹਾਂ ਦੇ ਸਰੁੱਖਿਆ ਮੁਲਾਜ਼ਮਾਂ ਨੇ ਪ੍ਰਧਾਨ ਲੌਂਗੋਵਾਲ ਨੂੰ ਉਥੋਂ ਮੁਸ਼ਕਲ ਨਾਲ ਕੱਢਿਆ, ਜਿਸ ਤੋਂ ਬਾਅਦ ਵੀ ਨੌਜਵਾਨ ਨਾਅਰੇਬਾਜ਼ੀ ਕਰਦੇ ਰਹੇ।
ਪੰਥਕ ਅਕਾਲੀ ਲਹਿਰ ਨੌਜਵਾਨ ਵਿੰਗ ਕਮੇਟੀ ਦੇ ਮੈਂਬਰ ਭਾਈ ਲਖਵੰਤ ਸਿੰਘ ਦੋਬੁਰਜੀ, ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਧਰਮ ਪ੍ਰਚਾਰ ਲਹਿਰ ਲੁਧਿਆਣਾ ਦੇ ਆਗੂ ਭਾਈ ਵਿਸਾਖਾ ਸਿੰਘ ਦੇ ਸਾਥੀਆਂ ਨੇ ਦੋਸ਼ ਲਗਾਏ ਕਿ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਲਾਪਤਾ ਹਨ, ਪਰ ਇਸ ਮਾਮਲੇ ਵਿਚ ਐੱੱਸਜੀਪੀਸੀ ਕੋਈ ਜਵਾਬ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਹਾਲੇ ਤੱਕ ਇਹ ਪਾਵਨ ਸਰੂਪ ਮਿਲੇ ਨਹੀਂ ਹਨ, ਐੱਸਜੀਪੀਸੀ ਸਪੱਸ਼ਟ ਕਰੇ ਕਿ ਇਹ ਸਰੂਪ ਕਿੱਥੇ ਗਏ ਤੇ ਕਿਸਨੇ ਲਾਪਤਾ ਕੀਤੇ ਹਨ। ਉਨ੍ਹਾਂ ਕਿਹਾ ਕਿ ਛੋਟੀਆਂ ਮੱਛੀਆਂ ’ਤੇ ਕਾਰਵਾਈ ਕਰ ਦਿੱਤੀ ਗਈ ਪਰ ਅਸਲ ਕਸੂਰਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਹਨ, ਜਿਨ੍ਹਾਂ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ।
ਉਧਰ, ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਮੰਗ ’ਤੇ ਹੀ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੁੱਜਿਆ ਸੀ, ਜਿੱਥੋਂ ਐਡਵੋਕੇਟ ਡਾ. ਈਸ਼ਰ ਸਿੰਘ ਕੋਲੋਂ ਪੜਤਾਲ ਕਰਵਾਈ ਗਈ ਹੈ, ਜਿਸ ਵਿੱਚ ਕਸੂਰਵਾਰ ਪਾਏ ਗਏ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਤੱਕ ਨੂੰ ਵੀ ਬਖਸ਼ਿਆ ਨਹੀਂ ਗਿਆ।
ਕਮੇਟੀ ਦੀ ਸਿਫਾਰਸ਼ ਅਨੁਸਾਰ ਜਿਨ੍ਹਾਂ ’ਤੇ ਫੌਜਦਾਰੀ ਕੇਸ ਬਣਦਾ ਸੀ ਉਨ੍ਹਾਂ ਤੇ ਮੁਕੱਦਮਾ ਦਰਜ ਕੀਤਾ ਗਿਆ। ਜਦੋਂ ਪ੍ਰਦਰਸ਼ਨ ਦੌਰਾਨ ਇੱਕ ਵਾਰ ਮਾਹੌਲ ਵਿਗੜ ਗਿਆ ਤਾਂ ਜਥੇਦਾਰ ਹਰਪਾਲ ਸਿੰਘ ਜੱਲਾ ਅਤੇ ਮੈਨੇਜਰ ਸੁਖਦੇਵ ਸਿੰਘ ਨੇ ਕਾਫੀ ਜਦੋ-ਜਹਿਦ ਅਤੇ ਸੂਝਬੂਝ ਨਾਲ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਤੇ ਲੌਂਗੋਵਾਲ ਦੀ ਗੱਡੀ ਉਥੋਂ ਕਢਵਾਈ।
ਟਕਸਾਲੀਆਂ ਨੇ ਸੁਖਬੀਰ ਤੇ ਲੌਂਗੋਵਾਲ ਦੇ ਅਸਤੀਫੇ਼ ਮੰਗੇ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਸਠਿਆਲਾ ਅਤੇ ਸ਼ਹਿਰੀ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਲਕੱਤਾ ਨੇ ਸਾਂਝੇ ਬਿਆਨ ਵਿਚ 328 ਸਰੂਪਾਂ ਦੀ ਚੋਰੀ ਅਤੇ 125 ਸਰੂਪਾਂ ਦੀ ਅਣਅਧਿਕਾਰਤ ਛਪਾਈ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਕੁਝ ਕਰਮਚਾਰੀਆਂ ਖਿਲਾਫ ਕਾਰਵਾਈ ਨਾਲ ਅਸੰਤੁਸ਼ਟੀ ਪ੍ਰਗਟਾਈ ਹੈ। ਉਨ੍ਹਾਂ ਇਸ ਨੂੰ ਵੱਡੇ ਦੋਸ਼ੀਆਂ ਨੂੰ ਬਚਾਉਣ ਵਾਲੀ ਕਾਰਵਾਈ ਦੱਸਦੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਹੋਈ ਹੇਰਾਫੇਰੀ ਅਤੇ ਕੁਤਾਹੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸ੍ਰੀ ਲੌਂਗੋਵਾਲ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਸਰੂਪਾਂ ਦੀ ਚੋਰੀ ਸਬੰਧੀ ਸ੍ਰੀ ਅਕਾਲ ਤਖਤ ਵਿਖੇ ਪੇਸ਼ ਹੋਈ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।