ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਵਧਾਈਆਂ ਜਾਣਗੀਆਂ: ਪੁਰੀ

ਚੰਡੀਗੜ੍ਹ : ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਉਣ ਲਈ ਛੇਤੀ ਹੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ  ਫੈਸਲਾ ਲੈਣ ਜਾ ਰਿਹਾ ਹੈ। ਇਸ ਬਾਰੇ  ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ ਸਮੇਤ ਹੋਰ ਸਹੂਲਤਾਂ ਆਦਿ ਦਾ ਪ੍ਰੀਖਣ ਕਰਨ ਤੋਂ ਬਾਅਦ ਬਕਾਇਆ ਕੰਮ ਪੂਰੇ ਕੀਤੇ ਜਾਣਗੇ। ਇਹ ਖੁਲਾਸਾ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਚੰਡੀਗੜ੍ਹ ਭਾਜਪਾ ਆਗੂਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਮੀਟਿੰਗ ਦੌਰਾਨ ਕੀਤਾ। 

ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਸਮਾਜ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਅਤੇ ਦੇਸ਼ ਵਿੱਚ ਲੋੜੀਂਦੀਆਂ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਉਪਲਬਧ ਕਰਵਾ ਕੇ ਆਲਮੀ ਮਹਾਮਾਰੀ ’ਤੇ ਕੁੱਝ ਹੱਦ ਤੱਕ ਕਾਬੂ ਪਾਉਣ ਵਿੱਚ ਸਫਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵਲੋਂ ਲਗਪਗ 12 ਲੱਖ ਯਾਤਰੀਆਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆਇਆ ਗਿਆ ਅਤੇ 2 ਲੱਖ ਤੋਂ ਵੱਧ ਵਿਦੇਸ਼ੀ ਵਾਪਸ ਭੇਜੇ ਗਏ। 

ਮੀਟਿੰਗ ਦੌਰਾਨ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਪ੍ਰਦੇਸ਼ ਭਾਜਪਾ ਵਲੋਂ ਪਾਰਟੀ ਪੱਧਰ ’ਤੇ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਕਰੋਨਾ ਨੂੰ ਲੈ ਕੇ ਸ਼ਹਿਰ ਲਈ ਕੀਤੇ ਗਏ ਕੰਮਾਂ ਬਾਰੇ ਵੀ ਚਰਚਾ ਕੀਤੀ। ਮੀਟਿੰਗ ਦੌਰਾਨ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਸੈਨਿਕਾਂ, ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਮੇਜਰ ਅਨੁਜ ਸੂਦ, ਭਾਜਪਾ ਦੇ ਸੀਨੀਅਰ ਆਗੂ ਅਤੇ ਬਿਹਾਰ ਦੇ ਰਾਜਪਾਲ ਲਾਲ ਜੀ ਟੰਡਨ, ਚੰਡੀਗੜ੍ਹ ਸੋਸ਼ਲ ਵੈਲਫੇਅਰ ਬੋਰਡ ਦੀ ਚੇਅਰਮੈਨ ਸੰਤੋਸ਼ ਸ਼ਰਮਾ, ਭਾਰਤੀ ਹਾਕੀ ਦੇ ਸਾਬਕਾ ਕਪਤਾਨ ਬਲਬੀਰ ਸਿੰਘ  ਸੀਨੀਅਰ, ਭਾਜਪਾ ਮੰਡਲ ਨੰਬਰ-22  ਦੇ ਸਾਬਕਾ ਪ੍ਰਧਾਨ ਵਿਜੈ ਪ੍ਰਭਾਕਰ, ਜਗਦੀਸ਼ ਲਾਲ ਬਜਾਜ ਤੇ ਕਰੋਨਾ ਮਹਾਮਾਰੀ ਦੌਰਾਨ ਦੇਸ਼ ਭਰ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਡਾਕਟਰਾਂ, ਪੈਰਾਮੈਡੀਕਲ ਸਟਾਫ,  ਪੁਲੀਸ ਫੋਰਸ ਦੇ ਮੁਲਾਜ਼ਮਾਂ, ਸਫਾਈ ਕਰਮਚਾਰੀਆਂ ਦੀਆਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਮੀਟਿੰਗ ਮੌਕੇ ਚੰਡੀਗੜ੍ਹ ਭਾਜਪਾ ਇੰਚਾਰਜ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਪ੍ਰਭਾਤ ਝਾਅ, ਸੰਸਦ ਮੈਂਬਰ ਕਿਰਨ ਖੇਰ, ਕੌਮੀ ਕਾਰਜਕਾਰਨੀ ਮੈਂਬਰ ਤੇ ਐਡੀਸ਼ਨਲ ਸੌਲੀਸਿਟਰ ਆਫ ਇੰਡੀਆ ਸਤਪਾਲ ਜੈਨ, ਕੌਮੀ ਪਰਿਸ਼ਦ ਮੈਂਬਰ ਸੰਜੇ ਟੰਡਨ, ਰਾਮਬੀਰ ਭੱਟੀ, ਮੇਅਰ ਰਾਜ ਬਾਲਾ ਮਲਿਕ ਤੇ ਹੋਰਾਂ ਨੇ ਹਿੱਸਾ ਲਿਆ ਅਤੇ ਪਾਰਟੀ ਵਲੋਂ ਜਾਰੀ ਕਾਰਜਾਂ ਬਾਰੇ ਚਰਚਾ ਕੀਤੀ।  

Leave a Reply

Your email address will not be published. Required fields are marked *