ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦਿੱਲੀ ਤੋਂ ਕਾਬੂ

ਮੋਗਾ : ਇਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਨਾਮਜ਼ਦ ਦੋਵਾਂ ਮੁਲਜ਼ਮਾਂ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਕਾਬੂ ਕਰ ਲਿਆ ਹੈ। ਦਿੱਲੀ ਪੁਲੀਸ ਦੀ ਸੂਚਨਾ ’ਤੇ ਸਥਾਨਕ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੀ ਟੀਮ ਦੋਵਾਂ ਮੁਲਜ਼ਮਾਂ ਨੂੰ ਲਿਆਉਣ ਲਈ ਦਿੱਲੀ ਰਵਾਨਾ ਹੋ ਗਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨਾਮ ਦੀ ਹੱਕਦਾਰ ਦਿੱਲੀ ਪੁਲੀਸ ਹੋਵੇਗੀ ਜਾਂ ਸਥਾਨਕ ਪੁਲੀਸ ਅਧਿਕਾਰੀ?

ਐੱਸਪੀ (ਡੀ) ਜਗਤਪ੍ਰੀਤ ਸਿੰਘ ਨੇ ਦੋਵਾਂ ਮੁਲਜ਼ਮਾਂ ਜਸਪਾਲ ਸਿੰਘ ਉਰਫ਼ ਰਿੰਪਾ ਤੇ ਇੰਦਰਜੀਤ ਸਿੰਘ ਗਿੱਲ ਵਾਸੀ ਪਿੰਡ ਰੌਲੀ (ਮੋਗਾ) ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਝੰਡਾ ਝੁਲਾਉਣ ਦੀ ਵੀਡੀਓ ਬਣਾਉਣ ਵਾਲੇ ਸਥਾਨਕ ਆਈਟੀਆਈ ਦੇ ਵਿਦਿਆਰਥੀ ਆਕਾਸ਼ਦੀਪ ਸਿੰਘ (19) ਵਾਸੀ ਸਾਧੂਵਾਲਾ (ਜ਼ੀਰਾ) ਨੂੰ ਪੁਲੀਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। 

ਪੁਲੀਸ ਮੁਤਾਬਕ ਵੀਡੀਓ ਬਣਾਉਣ ਵਾਲਾ ਆਕਾਸ਼ਦੀਪ ਸਿੰਘ ਤੇ ਰਿੰਪਾ ਮਾਮੇ-ਭੂਆ ਦੇ ਪੁੱਤਰ ਹਨ। ਦੋਵਾਂ ਮੁਲਜ਼ਮਾਂ ਨੇ 13 ਅਗਸਤ ਨੂੰ  ਸਕੱਤਰੇਤ ਦੀ ਰੇਕੀ ਕੀਤੀ ਅਤੇ 14 ਅਗਸਤ ਨੂੰ ਝੰਡਾ ਝੁਲਾਉਣ ਪਿੱਛੋਂ ਅਕਾਸ਼ਦੀਪ ਨੇ ਵੀਡੀਓ ਰਿੰਪਾ ਨੂੰ ਸੌਂਪ ਦਿੱਤੀ। ਇਸ ਮਗਰੋਂ ਦੋਵੇਂ ਮੁਲਜ਼ਮ ਪਿੰਡ ਪੱਖੋਵਾਲ (ਲੁਧਿਆਣਾ) ਵਿੱਚ ਜੱਗਾ ਸਿੰਘ ਕੋਲ ਚਲੇ ਗਏ, ਜੋ ਮੁਲਜ਼ਮ ਇੰਦਰਜੀਤ ਗਿੱਲ ਦਾ ਰਿਸ਼ਤੇਦਾਰ ਹੈ।  

ਪੁਲੀਸ ਨੇ ਇਨ੍ਹਾਂ ਬਾਰੇ ਸੂਹ ਦੇਣ ਵਾਲੇ ਲਈ 50 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਸੂਤਰਾਂ ਮੁਤਾਬਕ 16 ਅਗਸਤ ਨੂੰ ਸਥਾਨਕ ਇੱਕ ਪੁਲੀਸ ਅਧਿਕਾਰੀ ਨੇ ਇਨ੍ਹਾਂ ਮੁਲਜ਼ਮਾਂ ਦਾ ਪਤਾ ਲਗਾ ਕੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ। ਮੁਲਜ਼ਮਾਂ ਦੀ ਸੂਹ ਮਿਲਣ ਮਗਰੋਂ ਐੱਸਐੱਸਪੀ ਹਰਮਨਬੀਰ ਗਿੱਲ ਨੇ ਐੱਸਪੀ ਜਗਤਪ੍ਰੀਤ ਸਿੰਘ ਤੇ ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਨੂੰ ਪੜਤਾਲ ਲਈ ਸਿਵਲ ਵਰਦੀ ’ਚ ਮੋਟਰਸਾਈਕਲ ’ਤੇ ਪਿੰਡ ਰੌਲੀ ਭੇਜਿਆ ਤਾਂ ਸ਼ੱਕ ਸਚਾਈ ’ਚ ਬਦਲ ਗਿਆ। ਪੁਲੀਸ ਨੇ ਛਾਪਾ ਮਾਰਿਆ ਤਾਂ ਵੀਡੀਓ ਬਣਾਉਣ ਵਾਲਾ ਵਿਦਿਆਰਥੀ ਥਿੜਕ ਗਿਆ ਅਤੇ ਪੁਲੀਸ ਅੱਗੇ ਪੇਸ਼ ਹੋ ਗਿਆ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੱਜ ਦੋਵਾਂ ਮੁੱਖ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨਾਮ ਦੀ ਹੱਕਦਾਰ ਦਿੱਲੀ ਪੁਲੀਸ ਹੋਵੇਗੀ ਜਾਂ ਸਥਾਨਕ ਪੁਲੀਸ ਅਧਿਕਾਰੀ? 

ਇਸ ਸਬੰਧੀ ਪੁਲੀਸ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਕਰਨਾਲ ਨੇੜਿਓਂ ਕੀਤਾ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ 18 ਮੈਂਬਰੀ ਪੁਲੀਸ ਟੀਮ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਮੁਲਜ਼ਮਾਂ ਨੂੰ ਲੈ ਕੇ ਦੇਰ ਰਾਤ ਤੱਕ ਪਹੁੰਚੇਗੀ। ਦਿੱਲੀ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ) ਸੰਜੀਵ ਯਾਦਵ ਮੁਤਾਬਕ ਦੋਵਾਂ ਮੁਲਜ਼ਮਾਂ ਨੂੰ ਏਸੀਪੀ ਸੰਜੇ ਦੱਤ ਦੀ ਅਗਵਾਈ ’ਚ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਮੁਲਜ਼ਮਾਂ ਨੂੰ ਉੱਤਰੀ ਦਿੱਲੀ ਕੌਮੀ ਮਾਰਗ ਕਰਨਾਲ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦਾ ਸਬੰਧ ਕੇਜ਼ੈੱਡਐੱਫ ਨਾਲ ਹੈ। 

Leave a Reply

Your email address will not be published. Required fields are marked *