ਅਫ਼ਵਾਹਾਂ ਕਾਰਨ ਰਾਜਿੰਦਰਾ ਹਸਪਤਾਲ ਤੋਂ ਮੂੰਹ ਮੋੜਨ ਲੱਗੇ ਲੋਕ

ਪਟਿਆਲਾ : ਕਰੋਨਾ ਦੇ ਵਧਦੇ ਕਹਿਰ ਨੇ ਤਾਂ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਸਿਰਜਿਆ ਹੀ ਹੈ, ਉਪਰੋਂ ਕਰੋਨਾ ਮ੍ਰਿਤਕਾਂ ਦੇ ਅੰਗ ਕੱਢ ਲੈਣ ਦੀਆਂ ਅਫਵਾਹਾਂ ਨੇ ਲੋਕਾਂ ਨੂੰ ਹੋਰ ਖੌਫ਼ਜ਼ਦਾ ਕਰ ਦਿੱਤਾ ਹੈ। ਇਸ ਕਾਰਨ ਪਾਜ਼ੇਟਿਵ ਪਾਏ ਜਾਣ ਮਰੀਜ਼ ਰਾਜਿੰਦਰਾ ਹਸਪਤਾਲ ਆਉਣ ਤੋਂ ਇਨਕਾਰੀ ਹੋ ਰਹੇ ਹਨ ਅਤੇ ਕਰੋਨਾ ਟੈਸਟ ਕਰਵਾਉਣ ਤੋਂ ਵੀ ਕੋਰਾ ਜਵਾਬ ਦੇਣ ਲੱਗੇ ਹਨ। ਇਸ ਸਬੰਧੀ ਜ਼ਿਲ੍ਹੇ ਦੀਆਂ ਕਈ ਪੰਚਾਇਤਾਂ ਨੇ ਸੈਂਪਲ ਨਾ ਦੇਣ ਅਤੇ ਪਾਜ਼ੇਟਿਵ ਆਉਣ ’ਤੇ ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਨਾ ਭੇਜਣ ਦੇ ਮਤੇ ਪਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੂਬੇ ਦੇ 10 ਜ਼ਿਲ੍ਹਿਆਂ ਦੇ ਗੰਭੀਰ ਕਰੋਨਾ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਹੀ ਦਾਖਲ ਕਰਵਾਇਆ ਜਾਂਦਾ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ  ਲੋਕਾਂ ਦੇ ਭਾਰੀ ਵਿਰੋਧ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਬਿਨਾਂ ਸੈਂਪਲ ਲਿਆਂ ਹੀ ਮੁੜਨਾ ਪਿਆ। ਇਹ ਸਥਿਤੀ ਕਰੋਨਾ ਖ਼ਿਲਾਫ਼ ਜਾਰੀ ਸਰਕਾਰ ਦੀ ਮੁਹਿੰਮ ਨੂੂੰ ਪ੍ਰਭਾਵਿਤ ਕਰਨ ਲੱਗੀ ਹੈ। ਕੁਝ ਕੁ ਦਿਨਾਂ ਦੇ ਅਜਿਹੇ ਵਿਵਾਦ ਕਾਰਨ ਜ਼ਿਲ੍ਹੇ ਵਿੱਚ ਸੈਂਪਲ ਲੈਣ ਦੀ ਗਿਣਤੀ ਲਗਪਗ 50 ਫੀਸਦੀ ਘੱਟ ਗਈ ਹੈ। 25 ਅਗਸਤ ਨੂੰ ਲਏ ਗਏ 2350 ਸੈਂਪਲਾਂ ਦੇ ਮੁਕਾਬਲੇ 31 ਅਗਸਤ ਨੂੰ ਇਹ ਅੰਕੜਾ 1200 ਦੇ ਕਰੀਬ ਰਿਹਾ।

ਜ਼ਿਲ੍ਹੇ ਦੇ ਪਿੰਡ ਬਲਬੇੜਾ ਦੀ ਪੰਚਾਇਤ ਨੇ ਮਤਾ ਪਾਇਆ ਹੈ ਕਿ ਉਨ੍ਹਾਂ ਦੇ ਪਿੰਡ ਦਾ ਜੇ ਕੋਈ ਵੀ  ਵਸਨੀਕ ਕਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ, ਤਾਂ ਰਾਜਿੰਦਰਾ ਹਸਪਤਾਲ ਜਾਂ ਆਈਸੋਲੇਸ਼ਨ ਸੈਂਟਰ ਦੀ ਜਗ੍ਹਾ ਉਸ ਨੂੰ ਪਿੰਡ ਵਿਚ ਹੀ ਇਕਾਂਤਵਾਸ ਕੀਤਾ ਜਾਵੇੇਗਾ।  ਸਰਪੰਚ ਹਰਵਿੰਦਰ ਕੌਰ ਨੇ ਕਿਹਾ ਕਿ ਜੇ ਕਿਸੇ ਪਿੰਡ ਵਾਸੀ ਵਿਚ ਕਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ, ਤਾਂ ਪੰਚਾਇਤ ਖੁਦ ਉਸ ਦਾ ਕਰੋਨਾ ਟੈਸਟ ਕਰਵਾਏਗੀ। ਪਰ ਪਾਜ਼ੇਟਿਵ ਪਾਏ ਜਾਣ ’ਤੇ  ਉਸ ਨੂੰ ਪਿੰਡ ਵਿੱਚ ਹੀ ਇਕਾਂਤਵਾਸ ਕੀਤਾ ਜਾਵੇਗਾ। ਧਨੌਰਾ, ਧਨੌਰੀ ਅਤੇ ਮੋਹਲ ਗੁਆਰਾ ਸਮੇਤ ਕੁਝ ਹੋਰਨਾਂ ਪੰਚਾਇਤਾਂ ਨੇ ਵੀ ਅਜਿਹੇ ਮਤੇ ਪਾਏ ਹਨ। ਪਾਤੜਾਂ ਦੇ ਪਿੰਡ ਅਰਨੇਟੂ ਵਿੱਚ ਗਈ ਸਿਹਤ ਵਿਭਾਗ ਦੀ ਟੀਮ ਨੂੰ ਅੱਜ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। 

ਅਸਲ ’ਚ ਅਜਿਹੇ ਗੰਭੀਰ ਹਾਲਾਤ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਕਾਰਨ ਬਣੇ ਹਨ। ਸੋਸ਼ਲ ਮੀਡੀਆ ’ਤੇ ਇਹ  ਗੱਲ ਜ਼ੋਰ  ਦੇ ਕੇ ਆਖੀ  ਜਾ ਰਹੀ ਹੈ ਕਿ ਹਸਪਤਾਲਾਂ ਵਿੱਚ ਕਰੋਨਾ ਮ੍ਰਿਤਕਾਂ  ਦੇ ਅੰਗ ਕੱਢ ਲਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਹੁਣ ਤੱਕ ਲਗਪਗ 275 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚੋਂ 163 ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ। ਪਰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਥੇ ਗੰਭੀਰ ਮਰੀਜ਼ ਹੀ ਦਾਖਲ ਕੀਤੇ ਜਾਂਦੇ ਹਨ ਤੇ ਮ੍ਰਿਤਕਾਂ ’ਚੋਂ 95 ਫੀਸਦੀ ਹੋਰ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਸਨ। ਉਨ੍ਹਾਂ ਮੰਨਿਆ ਕਿ ਅਫ਼ਵਾਹਾਂ ਕਾਰਨ ਸਿਹਤ ਵਿਭਾਗ ਨੂੰ ਸੈਂਪਲ ਲੈਣ ਤੇ ਪਾਜ਼ੇਟਿਵ ਮਰੀਜ਼ਾਂ ਨੂੰ ਵਾਰਡ ’ਚ  ਤਬਦੀਲ ਕਰਨ ’ਚ ਮੁਸ਼ਕਲ ਆ ਰਹੀ  ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਰੋਨਾ ਮ੍ਰਿਤਕਾਂ ਦੇ ਅੰਗ ਕੱਢਣ ਜਾਂ ਨੈਗੇਟਿਵ  ਹੁੰਦਿਆਂ ਹੀ ਪਾਜ਼ੇਟਿਵ ਐਲਾਨਣ ਦੀ ਚਰਚਾ ਕੋਰੀਆਂ ਅਫਵਾਹਾਂ ਹਨ। 

ਅਫਵਾਹਾਂ ਫੈਲਾਉਣ ਵਾਲੇ ਦੋ ਕਾਬੂ

ਪਟਿਆਲਾ ਪੁਲੀਸ ਨੇ ਅੱਜ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ  ਹੈ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਇਸ ਦੀ ਪੁਸ਼ਟੀ ਕੀਤਾ ਹੈ।  

Leave a Reply

Your email address will not be published. Required fields are marked *