ਪੰਜਾਬ ’ਚ ਹਫ਼ਤਾਵਾਰੀ ਲੌਕਡਾਊਨ ਤੇ ਰਾਤਰੀ ਕਰਫ਼ਿਊ 30 ਤੱਕ ਵਧਾਇਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਕੇਂਦਰੀ ਲੀਹਾਂ ’ਤੇ ਚੱਲਦਿਆਂ ਰਾਜ ਦੇ ਸ਼ਹਿਰੀ ਖੇਤਰਾਂ ’ਚ ਹਫ਼ਤਾਵਾਰੀ ਲੌਕਡਾਊਨ ਅਤੇ ਰਾਤਰੀ ਕਰਫ਼ਿਊ ਨੂੰ 30 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ 167 ਮਿਉਂਸਪਲ ਕਸਬਿਆਂ ਵਿਚ ਹਫ਼ਤਾਵਾਰੀ ਲੌਕਡਾਊਨ ਅਤੇ ਸ਼ਹਿਰਾਂ ਵਿਚ ਰਾਤ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਸਤੰਬਰ ਦੇ ਅਖੀਰ ਤੱਕ ਲਾਗੂ ਰਹੇਗਾ। ਰਾਜ ਭਰ ਵਿਚ ਧਾਰਾ 144 ਲਾਗੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਦੋਂਕਿ ਵਿਆਹ ਅਤੇ ਅੰਤਿਮ ਸੰਸਕਾਰ ਸਬੰਧੀ ਇਕੱਠਾਂ ਵਿੱਚ ਕ੍ਰਮਵਾਰ 30 ਅਤੇ 20 ਵਿਅਕਤੀ ਹੀ ਜਾ ਸਕਣਗੇ। ਮਿਉਂਸਪਲ ਖੇਤਰਾਂ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ ਜਦਕਿ ਵਿਅਕਤੀਆਂ ਦੀ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਵਿੱਚ ਪੂਰੇ ਹਫ਼ਤੇ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਗੈਰਜ਼ਰੂਰੀ ਕੰਮਾਂ ਲਈ ਆਵਾਜਾਈ ਦੀ ਪਾਬੰਦੀ ਕਾਇਮ ਰਹੇਗੀ। ਇਨ੍ਹਾਂ ਪਾਬੰਦੀਆਂ ਤੋਂ ਲੋਕ ਸੇਵਾ ਕਮਿਸ਼ਨਾਂ, ਬੋਰਡਾਂ, ਯੂਨੀਵਰਸਿਟੀਆਂ ਦੁਆਰਾ ਲਈਆਂ ਜਾਣ ਵਾਲੀਆਂ ਪ੍ਰਵੇਸ਼ ਅਤੇ ਹੋਰ ਸਭ ਕਿਸਮ ਦੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਬਾਹਰ ਰੱਖਿਆ ਗਿਆ ਹੈ। ਧਾਰਮਿਕ ਸਥਾਨਾਂ ਨੂੰ ਸਾਰੇ ਦਿਨ ਸ਼ਾਮ 6.30 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ (ਮਾਲਜ਼ ਵਾਲਿਆਂ ਸਮੇਤ) ਅਤੇ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਦਿਨ/ਰਾਤ ਦੀਆਂ ਬੰਦਿਸ਼ਾਂ ਹੋਟਲਾਂ ’ਤੇ ਲਾਗੂ ਨਹੀਂ ਹੋਣਗੀਆਂ। ਬੰਦਿਸ਼ਾਂ ਦੀਆਂ ਹਾਲਤਾਂ ਦੌਰਾਨ ਵੀ ਕੌਮੀ ਤੇ ਸੂਬਾਈ ਮਾਰਗਾਂ ਉਤੇ ਅੰਤਰ-ਰਾਜ ਤੇ ਰਾਜ ਦੇ ਅੰਦਰ ਲੋਕਾਂ ਦੇ ਆਉਣ ਜਾਣ, ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ, ਬੱਸ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਆਪਣੀ ਮੰਜ਼ਿਲ ’ਤੇ ਜਾਣ ਵਾਲੇ ਲੋਕਾਂ ਅਤੇ ਮਾਲ ਉਤਾਰਨ ਤੇ ਲਿਜਾਣ ਲਈ ਆਗਿਆ ਹੋਵੇਗੀ। ਜ਼ਰੂਰੀ ਵਸਤਾਂ ਨਾਲ ਸਬੰਧ ਰੱਖਣ ਵਾਲਿਆਂ ਨੂੰ ਛੱਡ ਕੇ ਦੁਕਾਨਾਂ/ਮਾਲਜ਼ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6.30 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਸ਼ਨਿਚਰਵਾਰ ਤੇ ਐਤਵਾਰ ਨੂੰ ਸਾਰੇ ਸ਼ਹਿਰਾਂ ਵਿੱਚ ਇਹ ਬੰਦ ਰਹਿਣਗੇ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਹਫ਼ਤੇ ਦੇ ਅੰਤਲੇ ਦਿਨਾਂ (ਸ਼ਨਿਚਰਵਾਰ ਤੇ ਐਤਵਾਰ) ਨੂੰ ਵੀ ਸ਼ਾਮ 6.30 ਵਜੇ ਤੱਕ ਜ਼ਰੂਰ ਖੁੱਲ੍ਹ ਸਕਦੀਆਂ ਹਨ। ਵਾਹਨਾਂ ਵਿੱਚ ਸਵਾਰੀਆਂ ਦੀ ਸਮਰੱਥਾ ਉੱਤੇ ਲਗਾਈਆਂ ਬੰਦਿਸ਼ਾਂ ਲਾਗੂ ਰਹਿਣਗੀਆਂ। ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਇਸ ਮਹੀਨੇ ਦੇ ਅੰਤ ਤੱਕ 50 ਫੀਸਦੀ ਸਟਾਫ਼ ਸਮਰੱਥਾ ਨਾਲ ਕੰਮ ਕਰਨਗੇ। ਜ਼ਿਆਦਾ ਪ੍ਰਭਾਵਿਤ ਪੰਜ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੁਹਾਲੀ ਤੇ ਲੁਧਿਆਣਾ ਵਿੱਚ ਦੁਕਾਨਾਂ ਖੋਲ੍ਹਣ ਦੇ ਸਬੰਧ ਵਿੱਚ ਢਿੱਲ ਦੇ ਹੁਕਮ ਦਿੱਤੇ ਹੋਏ ਹਨ। ਇਨ੍ਹਾਂ ਸ਼ਹਿਰਾਂ ਵਿੱਚ ਨਿਰਧਾਰਿਤ ਦਿਨ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ 50 ਫੀਸਦੀ ਖੋਲ੍ਹਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ।

ਆਪਣੇ ਖ਼ਰਚੇ ’ਤੇ ਘਰੇਲੂ ਇਕਾਂਤਵਾਸ ਦੀ ਸਹੂਲਤ ਮਿਲੇਗੀ

ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਵਿਦੇਸ਼ਾਂ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਆਪਣੇ ਖ਼ਰਚੇ ’ਤੇ ਘਰੇਲੂ ਇਕਾਂਤਵਾਸ ਦੀ ਸਹੂਲਤ ਦੇ ਦਿੱਤੀ ਹੈ। ਅੱਜ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਕੌਮਾਂਤਰੀ ਯਾਤਰੀਆਂ ਨੂੰ ਨਿਰਧਾਰਿਤ ਯਾਤਰਾ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਆਨਲਾਈਨ ਪੋਰਟਲ (www.newdelhiairport.in) ’ਤੇ ਸਵੈ- ਘੋਸ਼ਣਾ ਪੱਤਰ ਜਮ੍ਹਾਂ ਕਰਨਾ ਹੋਵੇਗਾ ਕਿ ਉਹ 14 ਦਿਨਾਂ ਦੇ ਲਾਜ਼ਮੀ ਇਕਾਂਤਵਾਸ- ਸੱਤ ਦਿਨਾਂ ਦਾ ਸੰਸਥਾਗਤ ਇਕਾਂਤਵਾਸ ਤੇ ਮਗਰੋਂ ਸਿਹਤ ਦੀ ਸਵੈ-ਨਿਗਰਾਨੀ ਦੀ ਸ਼ਰਤ ’ਤੇ 7 ਦਿਨਾਂ ਦੇ ਘਰੇਲੂ ਇਕਾਂਤਵਾਸ  ਦੀ ਪਾਲਣਾ ਕਰਨਗੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਦੱਸਿਆ ਕਿ ਹੁਣ ਯਾਤਰੀ ਘਰੇਲੂ ਇਕਾਂਤਵਾਸ ਲਈ ਸਿੱਧੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ ਜਿਸ ਤਹਿਤ ਸਿਰਫ਼ ਮਾਨਸਿਕ ਪ੍ਰੇਸ਼ਾਨੀ ਦੇ ਠੋਸ ਕਾਰਨਾਂ/ਕੇਸਾਂ ਜਿਵੇਂ ਕਿ ਗਰਭ ਅਵਸਥਾ, ਪਰਿਵਾਰ ਵਿੱਚ ਮੌਤ ਹੋਣ, ਗੰਭੀਰ ਬਿਮਾਰੀ ਅਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਲਈ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯਾਤਰੀ ਪੋਰਟਲ ’ਤੇ ਕੋਵਿਡ-19 ਦੀ ਟੈਸਟ ਰਿਪੋਰਟ ਜਮ੍ਹਾਂ ਕਰਵਾ ਸਕਦੇ ਹਨ ਅਤੇ ਇੱਥੇ ਪਹੁੰਚਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੋਡਲ ਅਧਿਕਾਰੀ ਨੂੰ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਯਾਤਰੀ ਨੈਗੇਟਿਵ ਟੈਸਟ ਰਿਪੋਰਟ ਜਮ੍ਹਾਂ ਕਰਵਾ ਕੇ ਸੰਸਥਾਗਤ ਇਕਾਂਤਵਾਸ ਦੀ ਛੋਟ ਲੈ ਸਕਦੇ ਹਨ। ਟੈਸਟ ਯਾਤਰਾ ਸ਼ੁਰੂ  ਕਰਨ ਤੋਂ ਪਹਿਲਾਂ 96 ਘੰਟਿਆਂ ਦੌਰਾਨ ਕੀਤਾ ਜਾਣਾ ਚਾਹੀਦਾ ਹੈ। ਰਿਪੋਰਟ ਵਿਚਾਰਨ ਲਈ ਪੋਰਟਲ ’ਤੇ ਅਪਲੋਡ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮੋਬਾਈਲ ’ਤੇ ਅਰੋਗਿਆ ਸੇਤੂ ਐਪ ਡਾਊਨਲੋਡ ਕੀਤੀ ਜਾਵੇ। ਜ਼ਮੀਨੀ ਰਸਤੇ ਆਉਣ ਵਾਲੇ ਯਾਤਰੀਆਂ ਨੂੰ ਵੀ ਇਸੇ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ ਅਤੇ ਸਿਰਫ਼ ਲੱਛਣ ਨਾ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ।

Leave a Reply

Your email address will not be published. Required fields are marked *