ਬਾਜਵਾ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ’ਤੇ ਵਰ੍ਹੇ ਕੈਪਟਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਸਕਾਲਰਸ਼ਿਪ ਘੁਟਾਲੇ ਅਤੇ ਤਾਰਕੋਲ ਘੁਟਾਲੇ ਸਬੰਧੀ ਦਿੱਤੇ ਗਏ ਤਰਕ ਨੂੰ ਰੱਦ ਕਰ ਦਿੱਤਾ ਹੈ। ਬਾਜਵਾ ਨੇ ਬੀਤੇ ਦਿਨੀਂ ਬਿਆਨ ਦਿੱਤਾ ਸੀ ਕਿ ਸਕਾਲਰਸ਼ਿਪ ਘੁਟਾਲੇ ਅਤੇ ਤਾਰਕੋਲ ਘੁਟਾਲੇ ਵਿੱਚ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤਾਂ ਭ੍ਰਿਸ਼ਟਾਚਾਰ ਹੈ, ਭਾਵੇਂ ਕਿਸੇ ਵੀ ਰੂਪ ਵਿੱਚ ਹੋਏ।

ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਿਛਲੀ ਸਰਕਾਰ ਦੌਰਾਨ ਲੋਕ ਨਿਰਮਾਣ ਮੰਤਰੀ ਰਹੇ ਬਾਜਵਾ ਖ਼ਿਲਾਫ਼ ਲੱਗੇ ਤਾਰਕੋਲ ਘੁਟਾਲੇ ਦੇ ਇਲਜ਼ਾਮ ਵੀ ਓਨੇ ਹੀ ਗੰਭੀਰ ਹਨ, ਜਿੰਨੇ ਹੁਣ ਸਕਾਲਰਸ਼ਿਪ ਮਾਮਲੇ ਵਿੱਚ ਲੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਥਿਤ ਸਕਾਲਰਸ਼ਿਪ ਘੁਟਾਲੇ ਦੀ ਗਹਿਰਾਈ ਨਾਲ ਜਾਂਚ ਦੀ ਜ਼ਿੰਮੇਵਾਰੀ ਮੁੱਖ ਸਕੱਤਰ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ ਕਿਉਂਕਿ ਸਬੰਧਿਤ ਮੰਤਰੀ ਅਤੇ ਸਮਾਜਿਕ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ, ਜਿਸ ਦੀ ਅੰਦਰੂਨੀ ਰਿਪੋਰਟ ਮੰਤਰੀ ਖ਼ਿਲਾਫ਼ ਇਲਜ਼ਾਮਾਂ ਦਾ ਆਧਾਰ ਬਣੀ, ਵਿਚਾਲੇ ਅਸਹਿਮਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੰਤਰੀ ਰਹਿ ਚੁੱਕੇ ਹੋਣ ਦੇ ਨਾਤੇ ਬਾਜਵਾ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਮੌਜੂਦਾ ਮਾਮਲੇ ਦੇ ਹਾਲਾਤ ਵੇਖਦੇ ਹੋਏ ਕਾਰਵਾਈ ਅੱਗੇ ਲਿਜਾਣ ਦਾ ਇਹੋ ਹੀ ਇਕ ਰਸਤਾ ਹੈ ਅਤੇ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਸ ਦੀ ਗਹਿਰਾਈ ਨਾਲ ਜਾਂਚ-ਪੜਤਾਲ ਲਈ ਕਿਹਾ ਹੈ। ਉਨ੍ਹਾਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦੀ ਵੀ ਇਸ ਗੱਲੋਂ ਨਿੰਦਾ ਕੀਤੀ ਕਿ ਮੁੱਖ ਸਕੱਤਰ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕੀਤੇ ਬਿਨਾਂ ਹੀ ਉਹ ਕਥਿਤ ਘੁਟਾਲੇ ਵਿੱਚ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਬਾਜਵਾ ਤੇ ਦੂਲੋਂ ’ਤੇ ਲਗਾਤਾਰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਲਈ ਵਰ੍ਹਦਿਆਂ ਕਿਹਾ ਕਿ ਦੋਵੇਂ ਸੰਸਦ ਮੈਂਬਰਾਂ ਵੱਲੋਂ ਆਪਣੀ ਹੀ ਸਰਕਾਰ ’ਤੇ ਦਿਖਾਈ ਜਾ ਰਹੀ ਬੇਭਰੋਸੇਯੋਗਤਾ ਉਨ੍ਹਾਂ ਦੀ ਮਾੜੀ ਨੀਅਤ ਨੂੰ ਦਰਸਾਉਂਦੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ’ਚੋਂ ਪੈਦਾ ਹੋਈ ਪਾਰਟੀ ਹੋਣ ਦੇ ਦਾਅਵੇ ’ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਉਹ ਪਹਿਲਾਂ ਹੀ ਦਿੱਲੀ ਵਿੱਚ ਆਪਣੇ ਅਸਲ ਰੰਗ ਦਿਖਾ ਚੁੱਕੇ ਹਨ।

Leave a Reply

Your email address will not be published. Required fields are marked *