ਕਿਸਾਨ ਜਥੇਬੰਦੀਆਂ ਵੱਲੋਂ ਧਰਨਿਆਂ ਲਈ ਲਾਮਬੰਦੀ

ਪਟਿਆਲਾ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਐਕਟ-2020 ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਤੇਜ਼ ਕਰਨਗੇ। ਕਿਸਾਨ ਮੱਦਾਂ ਦੇ ਹੱਲ ਲਈ ਢਾਈ ਸੌ ਜਥੇਬੰਦੀਆਂ ਦੀ ਸਾਂਝੀ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵੱਲੋਂ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਹੀ ਦਿਨ ਧਰਨਾ ਪ੍ਰਦਰਸ਼ਨ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਪੰਜਾਬ ਵਿਚਲੀਆਂ ਦਸ ਕਿਸਾਨ ਜਥੇਬੰਦੀਆਂ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਵਜੋਂ ਅੱਜ ਪਟਿਆਲਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ। ਪਟਿਆਲਾ ਦੇ ਪਿੰਡ ਭਾਨਰਾ ਸਮੇਤ ਕਈ ਥਾਈਂ ਕਿਸਾਨਾਂ ਦੇ ਇਕੱਠ ਹੋਏ। ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ 14 ਸਤੰਬਰ ਨੂੰ ਪਾਰਲੀਮੈਂਟ ਅੱਗੇ ਸੰਕੇਤਕ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਟਿਆਲਾ, ਅੰਮ੍ਰਿਤਸਰ, ਫਗਵਾੜਾ, ਬਰਨਾਲਾ ਅਤੇ ਮੋਗਾ ਵਿਚ ਕਿਸਾਨ ਰੈਲੀਆਂ ਕੀਤੀਆਂ ਜਾਣਗੀਆਂ। ਊਨ੍ਹਾਂ ਕਿਹਾ ਕਿ ਜੋ ਚਿੱਠੀ ਸੁਖਬੀਰ ਬਾਦਲ ਦਿਖਾ ਰਹੇ ਹਨ, ਉਸ ’ਚ ਇਹ ਸਪੱਸ਼ਟ ਹੈ ਕਿ ਖਰੀਦ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ’ਤੇ ਪਾਈ ਜਾ ਰਹੀ ਹੈ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਬਿਨਾਂ ਰੋਕ-ਟੋਕ ਤੋਂ ਜਿਣਸਾਂ ਦੀ ਖਰੀਦ ਸਬੰਧੀ ਖੁੱਲ੍ਹ ਦਿੱਤੀ ਗਈ ਹੈ। ਸੰਗਠਨ ਨੇ ਕਿਹਾ ਕਿ ਕਿਸਾਨੀ ਮੱਦਾਂ ’ਤੇ ਐਤਕੀਂ ਕਿਸਾਨ ਧਿਰਾਂ ਆਰ-ਪਾਰ ਦੀ ਲੜਾਈ ਲੜਨਗੀਆਂ।