ਮੱਖਣਮਾਜਰਾ ’ਚੋਂ ਮਿਲਿਆ ਬੰਬ ਫੌਜ ਵੱਲੋਂ ਨਸ਼ਟ

ਚੰਡੀਗੜ੍ਹ : ਥਾਣਾ ਮੌਲੀ ਜੱਗਰਾਂ ਅਧੀਨ ਪੈਂਦੇ ਪਿੰਡ ਮੱਖਣਮਾਜਰਾ ਵਿੱਚ ਛੇ ਦਿਨ ਪਹਿਲਾਂ ਮਿਲੇ ਬੰਬ (ਮੋਰਟਾਰ) ਨੂੰ ਭਾਰਤੀ ਫੌਜ ਦੀ ਟੀਮ ਦੀ ਦੇਖ-ਰੇਖ ਹੇਠ ਅੱਜ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਫੌਜ ਦੇ ਜਵਾਨਾਂ ਨੇ ਖੁੱਲ੍ਹੇ ਮੈਦਾਨ ’ਚ ਬੰਬ ਨੂੰ ਜ਼ਮੀਨ ਵਿੱਚ ਦੱਬ ਕੇ ਨਸ਼ਟ ਕੀਤਾ। ਇਸ ਗੱਲ ਦੀ ਪੁਸ਼ਟੀ ਥਾਣਾ ਮੌਲੀ ਜੱਗਰਾਂ ਦੇ ਮੁਖੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਬੰਬ ਦੇ ਮਾਲਕਾਨਾ ਹੱਕ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ ਤੇ ਕਿਸੇ ਮਾੜੀ ਘਟਨਾ ਤੋਂ ਬਚਾਅ ਲਈ ਇਸ ਨੂੰ ਨਸ਼ਟ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ 30 ਅਗਸਤ ਨੂੰ ਦੁਪਹਿਰ ਸਵਾ ਤਿੰਨ ਕੁ ਵਜੇ ਦੇ ਕਰੀਬ ਇੱਕ ਔਰਤ ਨੇ ਮੱਖਣਮਾਜਰਾ ਇਲਾਕੇ ਦੇ ਜੰਗਲ ਵੱਲ ਜਾਂਦਿਆਂ ਵੇਖਿਆ ਕਿ ਉੱਥੇ ਬੰਬ (ਮੋਟਰਾਰ) ਡਿੱਗਿਆ ਪਿਆ ਹੈ। ਇਸ ਦੀ ਜਾਣਕਾਰੀ ਔਰਤ ਨੇ ਨਜ਼ਦੀਕੀ ਕਬਾੜ ਵਪਾਰੀ ਅਤੇ ਇਲਾਕੇ ਦੇ ਲੋਕਾਂ ਨੂੰ ਦਿੱਤੀ। ਬੰਬ ਮਿਲਣ ਦਾ ਪਤਾ ਲੱਗਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਮੌਲੀ ਜੱਗਰਾਂ ਦੇ ਮੁਖੀ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਇਜ਼ਾ ਵੀ ਲਿਆ ਸੀ। ਫੌਜ ਨੇ ਬੰਬ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਪੁਲੀਸ ਦਾ ਕਹਿਣਾ ਹੈ ਕਿ ਇਹ ਮੋਰਟਾਰ ਇਕ ਫੁੱਟ ਦੇ ਕਰੀਬ ਲੰਬਾ ਸੀ ਅਤੇ ਬਹੁਤ ਪੁਰਾਣਾ ਸੀ। ਇਲਾਕੇ ਦੇ ਲੋਕਾਂ ਤੋਂ ਇਸ ਬੰਬ ਬਾਰੇ ਪੁਲੀਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੱਖਣਮਾਜਰਾ ਵਿੱਚ ਕਬਾੜ ਦੀਆਂ ਕਈ ਦੁਕਾਨਾਂ ਹਨ ਅਤੇ ਪੁਲੀਸ ਬੰਬ ਮਿਲਣ ਦੇ ਮਾਮਲੇ ਨੂੰ ਇਸ ਪੱਖ ਨਾਲ ਵੀ ਜੋੜ ਕੇ ਵੇਖ ਰਹੀ ਹੈ ਕਿ ਇਹ ਬੰਬ ਕਿਸੇ ਕਬਾੜ ਦੀ ਦੁਕਾਨ ਵਿੱਚੋਂ ਨਾ ਆਇਆ ਹੋਵੇ।

ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਰਾਮ ਦਰਬਾਰ ਦੇ ਇਲਾਕੇ ਵਿੱਚੋਂ ਕੂੜੇ ਦੇ ਢੇਰ ’ਚੋਂ ਤਿੰਨ ਬੰਬਾਂ ਦੇ ਖੋਲ ਮਿਲੇ ਸਨ। ਊਸ ਸਮੇਂ ਵੀ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।

Leave a Reply

Your email address will not be published. Required fields are marked *