ਕੁਪਵਾੜਾ ’ਚ ਮੁਕਾਬਲਾ, ਰਾਜੌਰੀ ਵਿੱਚ ਘਰ ’ਚ ਧਮਾਕਾ

ਸ੍ਰੀਨਗਰ/ਜੰਮੂ : ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਇਕ ਐੱਮ-4 ਰਾਈਫ਼ਲ ਬਰਾਮਦ ਕੀਤੀ ਗਈ ਹੈ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ’ਤੇ ਦਾਨਾ ਬਹਿਕ ਹੇਮਲੀ ਟੌਪ ਜੰਗਲੀ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ ਤੇ ਪੂਰੇ ਇਲਾਕੇ ਨੂੰ ਘੇਰਾ ਪਾਇਆ ਗਿਆ ਸੀ। ਇਸੇ ਦੌਰਾਨ ਲੁਕੇ ਹੋਏ ਅਤਿਵਾਦੀਆਂ ਨੇ ਗੋਲੀ ਚਲਾ ਦਿੱਤੀ ਤੇ ਫ਼ੌਜ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ਵਾਲੀ ਥਾਂ ਤੋਂ ਫ਼ੌਜ ਨੂੰ ਕੁਝ ਹੋਰ ਇਤਰਾਜ਼ਯੋਗ ਸਮੱਗਰੀ ਵੀ ਮਿਲੀ ਹੈ। ਫ਼ੌਜ ਨੇ ਭਾਲ ਮੁਹਿੰਮ ਜਾਰੀ ਰੱਖੀ ਹੋਈ ਸੀ। ਰਾਜੌਰੀ ਜ਼ਿਲ੍ਹੇ ਵਿਚ ਇਕ ਪੁਲੀਸ ਅਧਿਕਾਰੀ ਦੇ ਭਰਾ ਦੇ ਘਰ ਹਲਕੇ ਪੱਧਰ ਦਾ ਧਮਾਕਾ ਹੋਣ ਨਾਲ ਤਿੰਨ ਕਾਰਾਂ ਨੁਕਸਾਨੀਆਂ ਗਈਆਂ ਹਨ। ਪੁਲੀਸ ਮੁਤਾਬਕ ਧਮਾਕਾ ਸਰਹੱਦੀ ਜ਼ਿਲ੍ਹੇ ਦੇ ਮੈੜਾ ਚੌਕੀਆਂ ਪਿੰਡ ਵਿਚ ਸ਼ਨਿਚਰਵਾਰ ਦੇਰ ਰਾਤ ਹੋਇਆ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਧਮਾਕੇ ਕਾਰਨ ਕਈ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਪੁਲੀਸ ਧਮਾਕੇ ਦੀ ਕਿਸਮ ਤੇ ਕਾਰਨਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਬਾਂਦੀਪੋਰਾ ’ਚ ਨਦੀ ’ਚੋਂ ਦੋ ਸਥਾਨਕ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।

ਜੰਮੂ ਕਸ਼ਮੀਰ ਪੁਲੀਸ ਨੇ ਕਿਹਾ ਕਿ ਇਹ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਡੁੱਬੇ ਹਨ। ਪੁਲੀਸ ਤੇ ਫ਼ੌਜ ਨੇ ਲਾਸ਼ਾਂ ਦੇ ਨਾਲ ਹਥਿਆਰ ਤੇ ਹੋਰ ਅਸਲਾ ਵੀ ਬਰਾਮਦ ਕੀਤਾ ਹੈ। ਇਹ ਦੋਵੇਂ ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ਦੇ ਟੁਲੇਲ ਇਲਾਕੇ ਵਿਚ ਕਿਸ਼ਨਗੰਗਾ ਨਦੀ ਪਾਰ ਕਰਦਿਆਂ ਡੁੱਬੇ ਹਨ। ਦੇਹਾਂ ਨੂੰ ਮੈਡੀਕਲ ਤੇ ਹੋਰ ਰਸਮੀ ਕਾਰਵਾਈ ਲਈ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਕੋਲੋਂ ਚਾਰ ਏਕੇ-47 ਮੈਗਜ਼ੀਨ, 115 ਏਕੇ-47 ਰੌਂਦ, ਪਿਸਤੌਲ ਦੇ 17, 9ਐਮਐਮ ਦੇ ਰੌਂਦ, ਇਕ ਗ੍ਰਨੇਡ, ਵਾਇਰਲੈੱਸ ਸੈੱਟ, ਚਾਰ ਘੜੀਆਂ, ਮੇਟ੍ਰਿਕਸ ਸ਼ੀਟ ਬਰਾਮਦ ਕੀਤੀ ਗਈ ਹੈ। ਬਰਾਮਦ ਦਸਤਾਵੇਜ਼ਾਂ ਤੋਂ ਇਕ ਦੀ ਸ਼ਨਾਖ਼ਤ ਸਮੀਰ ਅਹਿਮਦ ਡਾਰ ਵਜੋਂ ਹੋਈ ਹੈ ਜੋ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਡੋਗਰੀਪੁਰਾ ਇਲਾਕੇ ਦਾ ਰਹਿਣ ਵਾਲਾ ਹੈ।

ਪੁਲੀਸ ਰਿਕਾਰਡ ਮੁਤਾਬਕ ਉਹ 2018 ਤੋਂ ਲਾਪਤਾ ਸੀ ਤੇ ਉਹ ਐਲਓਸੀ ਪਾਰ ਕਰ ਕੇ ਅਤਿਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਲ ਹੋ ਗਿਆ ਸੀ। ਦੂਜੇ ਅਤਿਵਾਦੀ ਦੀ ਸ਼ਨਾਖ਼ਤ ਕਰਨੀ ਅਜੇ ਬਾਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਨੂੰ ਸ਼ਨਾਖ਼ਤ ਲਈ ਬੁਲਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਮੁੜ ਭਾਰਤ ਵਾਲੇ ਪਾਸੇ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਡੁੱਬ ਗਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *