ਖਾਲੜਾ ਦੀ ਬਰਸੀ ਮੌਕੇ ਝੂਠੇ ਮੁਕਾਬਿਲਆਂ ਦੀ ਜਾਂਚ ਯੂਐੱਨਓ ਤੋਂ ਕਰਵਾਉਣ ਦੀ ਮੰਗ ਉੱਠੀ

ਅੰਮ੍ਰਿਤਸਰ : ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ 25ਵੀਂ ਬਰਸੀ ਅੱਜ ਇਥੇ ਕਬੀਰ ਪਾਰਕ ਦੇ ਗੁਰਦੁਆਰੇ ਵਿੱਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਮਨਾਈ ਗਈ, ਜਿਸ ਵਿਚ ਯੂਐੱਨਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਗਈ ਕਿ 6 ਸਤੰਬਰ ਨੂੰ ‘ਖਾਲੜਾ ਡੇਅ’ ਐਲਾਨਿਆ ਜਾਵੇ। ਇਹ ਵੀ ਮੰਗ ਕੀਤੀ ਹੈ ਕਿ ਫੌਜੀ ਹਮਲਿਆਂ ਅਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਲਈ ਯੂਐੱਨਓ ਵੱਲੋਂ ਟੀਮ ਭੇਜੀ ਜਾਵੇ।

ਬਰਸੀ ਸਮਾਗਮ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਮਗਰੋਂ ਗੁਰਬਾਣੀ ਦਾ ਕੀਰਤਨ ਹੋਇਆ। ਅਰਦਾਸ ਮਗਰੋਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਜਥੇਬੰਦੀ ਵੱਲੋਂ ਮਤੇ ਪਾ ਕੇ ਕੁਝ ਫੈਸਲੇ ਵੀ ਕੀਤੇ ਗਏ ਹਨ। ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ ਅਤੇ ਹਰਦਿਆਲ ਸਿੰਘ ਘਰਿਆਲਾ ਨੇ ਦੱਸਿਆ ਕਿ ਅੱਜ ਦੇ ਇਕੱਠ ਵੱਲੋਂ ਯੂਐੱਨਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ 6 ਸਤੰਬਰ ਦਾ ਦਿਨ ‘ਖਾਲੜਾ ਡੇਅ’ ਵਜੋਂ ਐਲਾਨਣ ਅਤੇ ਫੌਜੀ ਹਮਲਿਆਂ ਤੇ ਝੂਠੇ ਮੁਕਾਬਲਿਆਂ ਦੀ ਜਾਂਚ ਲਈ ਟੀਮ ਭੇਜਣ ਦੀ ਅਪੀਲ ਕੀਤੀ ਹੈ। ਸਮਾਗਮ ਦੌਰਾਨ 25000 ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਨੌਜਵਾਨਾਂ ਅਤੇ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਦੀ ਮੰਗ ਕੀਤੀ ਹੈ। ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਨੈਤਿਕ ਆਧਾਰ ’ਤੇ ਅਸਤੀਫੇ ਦੀ ਮੰਗ ਕੀਤੀ ਗਈ। ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਕਿ ਉਹ ਨਸ਼ਿਆਂ ਦੇ ਵੱਡੇ ਕਾਰੋਬਾਰੀਆਂ ਅਤੇ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਫੜਨ ਵਿੱਚ ਅਸਫ਼ਲ ਰਹੇ ਹਨ। ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਏ 21 ਨੌਜਵਾਨ ਜੋ ਝੂਠੇ ਮੁਕਾਬਲੇ ਵਿੱਚ ਮਾਰ ਦਿੱਤੇ ਗਏ ਸਨ, ਦਾ ਸੱਚ ਵੀ ਸਾਹਮਣੇ ਨਹੀਂ ਲਿਆਂਦਾ।

ਬੀਬੀ ਪਰਮਜੀਤ ਕੌਰ ਖਾਲੜਾ ਨੇ ਆਖਿਆ ਕਿ ਜੂਨ 1984 ਦੇ ਫੌਜੀ ਹਮਲੇ, ਝੂਠੇ ਮੁਕਾਬਲਿਆਂ ਅਤੇ ਨਵੰਬਰ 1984 ਕਤਲੇਆਮ ਲਈ ਕਸੂਰਵਾਰ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਤੋਂ ਮਨੁੱਖਤਾ ਦੇ ਕਾਤਲ ਐਲਾਨਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮਨੂੰਵਾਦੀ ਧਿਰਾਂ ਪੰਜਾਬ ਅਤੇ ਦੇਸ਼ ਨੂੰ ਸਿੱਖਾਂ ਅਤੇ ਸਿੱਖੀ ਤੋਂ ਮੁਕਤ ਕਰਨਾ ਚਾਹੁੰਦੀਆਂ ਹਨ। ਇਸ ਦੌਰਾਨ ਬਾਦਲਾਂ ਨੂੰ ਕਥਿਤ ਸਾਕਾ ਨੀਲਾ ਤਾਰਾ ਹਮਲੇ ਦੀ ਯੋਜਨਾਬੰਦੀ ਅਤੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿਚ ਸ਼ਾਮਲ ਹੋਣ ਦਾ ਕਸੂਰਵਾਰ ਠਹਿਰਾਇਆ ਗਿਆ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਭਾਈ ਖਾਲੜਾ ਦੀ 25ਵੀਂ ਬਰਸੀ ’ਤੇ ਉਨ੍ਹਾਂ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਸੰਗਠਨ ਦੇ ਆਗੂ ਸਰਬਜੀਤ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਤਿੰਨ ਸ਼ਹਿਰਾਂ ਬਰੈਂਪਟਨ, ਨਿਊ ਵੈਸਟਮਿਨਸਟਰ ਅਤੇ ਬਰਨੇਬੀ ਦੇ ਮੇਅਰਾਂ ਵਲੋਂ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਡੇਅ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।

ਜਸਵੰਤ ਸਿੰਘ ਖਾਲੜਾ ਕੌਮ ਦਾ ਹੀਰਾ: ਜਥੇਦਾਰ

ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਰਗੀ ਜਸਵੰਤ ਸਿੰਘ ਖਾਲੜਾ ਨੂੰ ਕੌਮ ਦਾ ਹੀਰਾ ਕਰਾਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਦਾ ਇੱਕ ਵੀਡਿਓ ਸੁਨੇਹਾ ਵਾਇਰਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਂਗ ਹੀ ਸਿੱਖ ਕੌਮ ਨੂੰ ਖ਼ਤਮ ਕਰਨ ਦੀਆਂ ਚਾਲਾਂ ਅੱਜ ਵੀ ਹੋ ਰਹੀਆਂ ਹਨ ਪਰ ਉਨ੍ਹਾਂ ਦੇ ਢੰਗ ਤਰੀਕੇ ਬਦਲ ਚੁੱਕੇ ਹਨ। ਅੱਜ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਬੌਧਿਕ ਤੌਰ ’ਤੇ ਕੰਗਾਲ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *