ਹਥਿਆਰਬੰਦ ਨੌਜਵਾਨਾਂ ਨੇ ਗਊ ਸੇਵਕਾਂ ’ਤੇ ਚਲਾਈਆਂ ਗੋਲੀਆਂ

ਮੋਗਾ : ਇੱਥੇ ਸਰਕਾਰੀ ਗਊਸ਼ਾਲਾ ’ਚ ਅੱਜ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਦੁਪਹਿਰ ਵੇਲੇ ਅਖੌਤੀ ਗਊ ਸੇਵਕਾਂ ਨੇ ਗਊ ਸੇਵਕ ਬਾਬਾ ਜੁਗਰਾਜ ਸਿੰਘ ਲੰਗਰਾਂ ਵਾਲੇ ਦੀ ਅਗਵਾਈ ਹੇਠ ਪੁੱਜੇ ਗਊ ਸੇਵਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਥਾਣਾ ਸਿਟੀ ਦੱਖਣੀ ਮੁਖੀ ਸੰਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲੀਸ ਮੁਤਾਬਕ ਬਾਬਾ ਜੁਗਰਾਜ ਸਿੰਘ ਲੰਗਰਾਂ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਲੋਪੋ ਵਿਚ ਗਊਸ਼ਾਲਾ ਹੈ। ਉਹ ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਦੇ ਹੁਕਮਾਂ ’ਤੇ ਸਥਾਨਕ ਚੜਿੱਕ ਰੋਡ ਉੱਤੇ ਸਰਕਾਰੀ ਗਊਸ਼ਾਲਾ ’ਚੋਂ ਵਾਧੂ ਗਊਆਂ ਆਪਣੀ ਗਊਸ਼ਾਲਾ ’ਚ ਲਿਜਾਣ ਲਈ ਤਿੰਨ ਟਰੱਕ ਲੈ ਕੇ ਗਊ ਸੇਵਕਾਂ ਨਾਲ ਪੁੱਜੇ ਸਨ। ਉਹ ਟਰੱਕ ’ਚ ਗਊਆਂ ਲੱਦ ਰਹੇ ਸਨ ਕਿ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਗਊਸ਼ਾਲਾ ’ਚ ਪੁੱਜੇ ਅਤੇ ਗਊਆਂ ਲਿਜਾਣ ਦਾ ਵਿਰੋਧ ਕੀਤਾ। ਉਨ੍ਹਾਂ ਕਈ ਰਾਊਂਡ ਹਵਾਈ ਫ਼ਾਇਰ ਕੀਤੇ ਅਤੇ ਉਨ੍ਹਾਂ ਨਾਲ ਆਏ ਗਊ ਸੇਵਕਾਂ ਉੱਤੇ ਰਾਡਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਮਗਰੋਂ ਹਮਲਾਵਰ ਧਮਕੀਆਂ ਦਿੰਦੇ ਫ਼ਰਾਰ ਹੋ ਗਏ। ਪੁਲੀਸ ਮੁਤਾਬਕ ਦੋਵਾਂ ਧਿਰਾਂ ਵਿਚ ਦੁਧਾਰੂ ਗਊਆਂ ਲਿਜਾਣ ਤੋਂ ਵਿਵਾਦ ਹੋਇਆ। ਉਨ੍ਹਾਂ ਕਿਹਾ ਕਿ ਜੋ ਗਊਆਂ ਟਰੱਕ ’ਚ ਲੱਦੀਆਂ ਗਈਆਂ ਸਨ, ਉਹ ਲੋਪੋ ਗਊਸ਼ਾਲਾ ’ਚ ਭੇਜ ਦਿੱਤੀਆਂ ਹਨ।
ਦੱਸਣਯੋਗ ਹੈ ਕਿ ਨਗਰ ਨਿਗਮ ਨੇ ਗਊਸ਼ਾਲਾ ਨੂੰ ਚਲਾਉਣ ਲਈ ਸ਼ਹਿਰ ਦੇ ਰਸੂਖ਼ਵਾਨ ਵਿਅਕਤੀ ਨੂੰ ਠੇਕਾ ਦਿੱਤਾ ਹੋਇਆ। ਨਗਰ ਨਿਗਮ ਵੱਲੋਂ ਇਹ ਠੇਕਾ ਦੇਣ ਉੱਤੇ 3 ਸਾਲ ਪਹਿਲਾਂ ਵੀ ਉਂਗਲ ਉੱਠੀ ਸੀ। ਇਕ ਸ਼ਿਵ ਸੈਨਾ ਆਗੂ ਨੇ ਗਊ ਸੇਵਾ ਦੇ ਨਾਂ ਉੱਤੇ ਆਪਣੇ ਢਿੱਡ ਭਰਨ ਦੇ ਦੋਸ਼ ਲਾ ਕੇ ਵਿਜੀਲੈਂਸ ਜਾਂਚ ਮੰਗੀ ਸੀ।
ਪਲਾਟ ’ਤੇ ਉਸਾਰੀ ਤੋਂ ਗੋਲੀ ਚੱਲੀ, ਦੋ ਭਰਾਵਾਂ ਸਣੇ ਤਿੰਨ ਫੱਟੜ
ਜਲਾਲਾਬਾਦ : ਥਾਣਾ ਸਿਟੀ ਨੇੜੇ ਖਾਲੀ ਪਲਾਟ ’ਤੇ ਉਸਾਰੀ ਕਰਨ ਤੋਂ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਅਤੇ ਇਕ ਧਿਰ ਵੱਲੋਂ ਗੋਲੀ ਚਲਾਉਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਕਰਕੇ ਦੋ ਭਰਾ ਜ਼ਖ਼ਮੀ ਹੋ ਗਏ। ਇਸ ਦੌਰਾਨ ਦੂਜੀ ਧਿਰ ਦਾ ਇਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਮਲਾਵਰ ਫ਼ਰਾਰ ਹਨ। ਜ਼ਖ਼ਮੀਆਂ ਦੀ ਸ਼ਨਾਖ਼ਤ ਬਲਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਜਲਾਲਾਬਾਦ ਅਤੇ ਦੂਜੀ ਧਿਰ ਦੇ ਕਸ਼ਮੀਰ ਸਿੰਘ ਵਜੋਂ ਹੋਈ ਹੈ। ਸਿਵਲ ਹਸਪਤਾਲ ’ਚ ਦਾਖ਼ਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੇ ਆਪਣੇ ਇਕ ਪਲਾਟ ’ਚ ਉਸਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਪਿੰਡ ਸ਼ੇਰ ਮੁਹੰਮਦ ਦਾ ਕਸ਼ਮੀਰ ਸਿੰਘ ਆਪਣੇ ਤਿੰਨ ਪੁੱਤਰਾਂ, (ਜਿਨ੍ਹਾਂ ’ਚੋਂ ਇਕ ਪੁਲੀਸ ਮੁਲਾਜ਼ਮ ਵੀ ਹੈ) ਅਤੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਨਾਲ ਲੈ ਕੇ ਉਸਾਰੀ ਵਾਲੀ ਥਾਂ ’ਤੇ ਪੁੱਜਾ, ਜਿਨ੍ਹਾਂ ਕੋਲ 12 ਬੋਰ ਬੰਦੂਕ, ਪਿਸਤੌਲ, ਕਾਪੇ ਤੇ ਕ੍ਰਿਪਾਨਾਂ ਸਨ। ਉਨ੍ਹਾਂ ਨੇ ਆਉਂਦਿਆਂ ਹੀ ਹਮਲਾ ਸ਼ੁਰੂ ਕਰ ਦਿੱਤਾ ਤੇ ਉਹ ਦੋਵੇਂ ਭਰਾ ਫੱਟੜ ਹੋ ਗਏ। ਮਗਰੋਂ ਲੋਕ ਇਕੱਠੇ ਹੋਏ ਤਾਂ ਹਮਲਾਵਰ ਫ਼ਰਾਰ ਹੋ ਗਏ। ਘਟਨਾ ਸਥਾਨ ’ਤੇ 12 ਬੋਰ ਦੇ ਕਾਰਤੂਸ ਦਾ ਖੋਲ ਵੀ ਮਿਲਿਆ ਹੈ। ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ। ਝਗੜੇ ਦੇ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਦੋਹਾਂ ਧਿਰਾਂ ਵੱਲੋਂ ਜੋ ਬਿਆਨ ਲਿਖਾਏ ਜਾਣਗੇ, ਉਸ ਅਨੁਸਾਰ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।