ਲੋਕਧਾਰਾ ਤੇ ਭਾਸ਼ਾ ਵਿਗਿਆਨੀ ਡਾ. ਸਤਿੰਦਰ ਕੌਰ ਔਲਖ ਦਾ ਦੇਹਾਂਤ

ਅੰਮ੍ਰਿਤਸਰ : ਲੋਕਧਾਰਾ ਤੇ ਭਾਸ਼ਾ ਵਿਗਿਆਨੀ ਡਾ. ਸਤਿੰਦਰ ਕੌਰ ਔਲਖ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਸੇਵਾਮੁਕਤ ਹੋਏ ਸਨ, ਜਿਥੇ ਉਨ੍ਹਾਂ ਲਗਪਗ ਢਾਈ ਦਹਾਕੇ ਅਧਿਆਪਨ ਅਤੇ ਖੋਜ ਦਾ ਕੰਮ ਕੀਤਾ। ਉਹ ਲੋਕ ਧਾਰਾ ਅਤੇ ਹਿੰਦੁਸਤਾਨੀ ਮਿੱਥਾਂ ਦੇ ਅਧਿਐਨ ਦੇ ਮਾਹਿਰ ਸਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਡਾ. ਪਰਮਿੰਦਰ ਸਿੰਘ ਦੇ ਜੀਵਨ ਸਾਥਣ ਸਨ। ਉਨ੍ਹਾਂ ਦਾ ਸਸਕਾਰ ਭਲਕੇ 14 ਸਤੰਬਰ ਨੂੰ ਸਵੇਰੇ 11 ਵਜੇ ਦੁਰਗਿਆਣਾ ਮੰਦਰ ਨੇੜਲੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। 70 ਸਾਲਾ ਡਾ. ਸਤਿੰਦਰ ਔਲਖ ਬਲੱਡ ਕੈਂਸਰ ਤੋਂ ਪੀੜਤ ਸਨ ਅਤੇ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਦੀ ਮੌਤ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਅਧਿਆਪਕਾਂ ਅਤੇ ਹੋਰਨਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਆਪਣੀ ਪੀਐੱਚਡੀ ਪੰਜਾਬੀ ਯੂਨੀਵਰਸਿਟੀ ਦੇ ਪ੍ਰਸਿੱਧ ਵਿਦਵਾਨ ਡਾ. ਹਰਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਫਾਸਟ ਹੋਰਸ ਐਂਡ ਫੋਰਸੀਅਰਸ ਰਿਵਰ ਵਿਸ਼ੇ ’ਤੇ ਕੀਤੀ ਸੀ। ਡਾ. ਸਤਿੰਦਰ ਔਲਖ ਨੇ ਲੋਕਧਾਰਾ, ਪੰਜਾਬੀ ਬਿਰਤਾਂਤ, ਭਾਸ਼ਾ ਵਿਗਿਆਨ ਅਤੇ ਮੱਧਕਲੀਨ ਪੰਜਾਬ ਸਾਹਿਤ ਦੇ ਖੇਤਰ ਵਿਚ ਮੁਲਵਾਨ ਖੋਜ ਕਾਰਜ ਕੀਤਾ। ਉਨ੍ਹਾਂ ਔਰਤ ਦੇ ਅਤੀਤ ਅਤੇ ਵਰਤਮਾਨ ਬਾਰੇ ਅਹਿਮ ਖੋਜ ਪੱਤਰ ਲਿਖੇ। ਉਨ੍ਹਾਂ ਨੇ ਛੇ ਕਿਤਾਬਾਂ ਵੀ ਲਿਖੀਆਂ।

ਉਹ ਹਮੇਸ਼ਾਂ ਡਾ. ਪਰਮਿੰਦਰ ਸਿੰਘ ਅਤੇ ਹੋਰ ਸਾਥੀਆਂ ਦੀਆਂ ਜਮਹੂਰੀ ਸਰਗਰਮੀਆਂ ਵਿਚ ਵੀ ਸ਼ਾਮਲ ਰਹੇ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਕਾਹਲੋਂ, ਡੀਨ ਸਰਬਜੋਤ ਸਿੰਘ ਬਹਿਲ, ਡਾ. ਹਰਜੀਤ ਸਿੰਘ ਗਿੱਲ, ਯੂਨੀਵਰਸਿਟੀ ਦੇ ਪੈਨਸ਼ਨਰ ਐਸੋਸੀਸ਼ਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਬਾਈ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਦੀਪ ਦਵਿੰਦਰ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਤਰਕਸ਼ੀਲ ਸੁਸਾਇਟੀ ਭਾਰਤ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੀ ਚੰਡੀਗੜ੍ਹ ਇਕਾਈ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੰਚ ਦੇ ਡਾ. ਸਰਬਜੀਤ ਸਿੰਘ ਤੇ ਡਾ. ਗੁਰਮੇਲ ਸਿੰਘ ਨੇ ਆਖਿਆ ਕਿ ਡਾ. ਔਲਖ ਦੇ ਵਿਛੋੜੇ ਨਾਲ ਲੋਕਧਾਰਾ ਚਿੰਤਨ ਅਤੇ ਪੰਜਾਬੀ ਅਧਿਆਪਨ ਨੂੰ ਵੱਡਾ ਘਾਟਾ ਪਿਆ ਹੈ।

Leave a Reply

Your email address will not be published. Required fields are marked *