ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਪੁਲੀਸ ਦਰਮਿਆਨ ਧੱਕਾ-ਮੁੱਕੀ, ਦਸ ਫੱਟੜ

ਪਟਿਆਲਾ : ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕਰਨ ਮੌਕੇ ‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਦੇ ਮੈਂਬਰਾਂ ਅਤੇ ਪੁਲੀਸ ਦਰਮਿਆਨ ਹੋਈ ਧੱਕਾ-ਮੁੱਕੀ ਦੌਰਾਨ ਦੋਵਾਂ ਧਿਰਾਂ ਦੇ ਦਰਜਨ ਦੇ ਕਰੀਬ ਮੈਂਬਰ ਫੱਟੜ ਹੋ ਗਏ। ਇਨ੍ਹਾਂ ਵਿਚ ਮਹਿਲਾ ਪੁਲੀਸ ਮੁਲਾਜ਼ਮਾਂ ਸਮੇਤ ਪੰਜ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਦੌਰਾਨ ਭਾਵੇਂ ਪੁਲੀਸ ਨੇ ਦਰਜਨਾਂ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ, ਪਰ ਰਾਤ ਅੱਠ ਵਜੇ ਦੇ ਕਰੀਬ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਂਜ ਪੁਲੀਸ ਨਾਲ ਧੱਕਾ-ਮੁੱਕੀ, ਧਾਰਾ 144 ਅਤੇ ਕੋਵਿਡ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਹੇਠ ਡੇਢ ਸੌ ਦੇ ਕਰੀਬ ਮੁਜ਼ਾਹਰਾਕਾਰੀਆਂ ਖ਼ਿਲਾਫ਼ ਪੁਲੀਸ ਨੇ ਕੇਸ ਵੀ ਦਰਜ ਕੀਤਾ ਹੈ।

ਸ਼ਾਮਲਾਟ ਜ਼ਮੀਨਾਂ ਵਿਚੋਂ ਦਲਿਤ ਪਰਿਵਾਰਾਂ ਨੂੰ ਬਣਦਾ ਹਿੱਸਾ ਯਕੀਨੀ ਬਣਾਉਣ, ਰੁਜ਼ਗਾਰ ਅਤੇ ਦਸ-ਦਸ ਮਰਲੇ ਦੇ ਪਲਾਟ ਦੇਣ, ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਦੀ ਕਰਜ਼ਾ ਮੁਆਫ਼ੀ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਇੱਥੇ ਅਨਾਜ ਮੰਡੀ ਵਿਚ ਰੋਸ ਰੈਲੀ ਕੀਤੀ ਗਈ, ਜਿਸ ਵਿਚ ਔਰਤਾਂ ਵੀ ਸ਼ਾਮਲ ਹੋਈਆਂ। ਇਸ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ, ਮੀਤ ਪ੍ਰਧਾਨ ਗੁਰਵਿੰਦਰ ਬੌੜਾਂ, ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਮੀਤ ਪ੍ਰਧਾਨ ਕਰਨੈਲ ਸਿੰਘ ਬਰਨਾਲਾ, ਬਿੱਕਰ ਸਿੰਘ ਹਥੋਆ ਅਤੇ ਜਸਵੰਤ ਖੇੜੀ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਨੂੰ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਬਣਾਇਆ ਜਾਵੇ।

ਰੈਲੀ ਮਗਰੋਂ ਇਹ ਕਾਫ਼ਲਾ ਜਦੋਂ ਮੁੱਖ ਮੰਤਰੀ ਨਿਵਾਸ ਤਕ ਜਾਣ ਲਈ ਸਾਈ ਮਾਰਕੀਟ ਕੋਲ ਪੁੱਜਾ ਤਾਂ ਪੁਲੀਸ ਨੇ ਬੈਰੀਕੇਡ ਲਾ ਕੇ ਰੋਕ ਲਿਆ ਪਰ ਮੁਜ਼ਾਹਰਾਕਾਰੀ ਇਹ ਨਾਕਾ ਟੱਪ ਕੇ ਮਹਿਲ ਦੇ ਨੇੜੇ ਆਯੁਰਵੈਦਿਕ ਕਾਲਜ ਕੋਲ਼ ਜਾ ਅੱਪੜੇ। ਇੱਥੇ ਪੁਲੀਸ ਨੇ ਉਨ੍ਹਾਂ ਨੂੰ ਹੋਰ ਅੱਗੇ ਨਾ ਵਧਣ ਦਿੱਤਾ। ਇੱਥੇ ਧੱਕਾ-ਮੁੱਕੀ ਵੀ ਹੋਈ। ਭਾਵੇਂ ਪੁਲੀਸ ਇਨ੍ਹਾਂ ਦੋਸ਼ਾਂ ਦਾ ਖੰਡਨ ਕਰ ਰਹੀ ਹੈ, ਪਰ ਕਮੇਟੀ ਆਗੂ ਗੁਰਮੁਖ ਸਿੰਘ ਅਨੁਸਾਰ ਪੁਲੀਸ ਨੇ ਉਨ੍ਹਾਂ ਦੇ ਕੁਝ ਆਗੂਆਂ ਦੇ ਸੋਟੀਆਂ ਵੀ ਮਾਰੀਆਂ, ਜਿਸ ਦੌਰਾਨ ਜਗਤਾਰ ਸਿੰਘ ਤੋਲਾਵਾਲ, ਗੁਰਦੀਪ ਧੰਦੀਵਾਲ ਅਤੇ ਪਰਦੀਪ ਘਰਾਚੋਂ ਸਮੇਤ ਛੇ ਮੁਜ਼ਾਹਰਾਕਾਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਪੰਜ ਪੁਲੀਸ ਮੁਲਾਜ਼ਮਾਂ ਨੂੰ ਵੀ ਸੱਟਾਂ ਵੱਜੀਆਂ।

ਇਸੇ ਦੌਰਾਨ ਆਯੁਰਵੈਦਿਕ ਕਾਲਜ ਚੌਕ ਵਿਚੋਂ ਪੁਲੀਸ ਮੁਜ਼ਾਹਰਾਕਾਰੀਆਂ ਨੂੰ ਛੇ ਬੱਸਾਂ ’ਚ ਲੱਦ ਕੇ ਲੈ ਗਈ ਤੇ ਕਈ ਘੰਟੇ ਉਨ੍ਹਾਂ ਨੂੰ ਵੱਖ ਵੱਖ ਥਾਣਿਆਂ ਅਤੇ ਚੌਕੀਆਂ ਵਿਚ ਬੰਦ ਰੱਖਿਆ। ਮਰਗੋਂ ਉਨ੍ਹਾਂ ਨੂੰ ਛੱਡ ਦਿਤਾ ਗਿਆ।

Leave a Reply

Your email address will not be published. Required fields are marked *