ਖੇਤੀ ਬਿਲਾਂ ਖਿਲਾਫ਼ ਪਿੰਡ ਬਾਦਲ ’ਚ ਸਲਫ਼ਾਸ ਨਿਗਲਣ ਵਾਲੇ ਕਿਸਾਨ ਨੇ ਦਮ ਤੋੜਿਆ

ਲੰਬੀ : ਖੇਤੀ ਬਿੱਲਾਂ ਖ਼ਿਲਾਫ਼ ਅੱਜ ਸਵੇਰੇ ਪਿੰਡ ਬਾਦਲ ਵਿੱਚ ਲਾਏ ਕਿਸਾਨ ਮੋਰਚੇ ’ਚ ਸਲਫ਼ਾਸ ਨਿਗਲਣ ਵਾਲੇ ਕਿਸਾਨ ਦੀ ਬਠਿੰਡਾ ਦੇ ਮੈਕਸ ਹਸਪਤਾਲ ’ਚ ਦੇਰ ਸ਼ਾਮ ਮੌਤ ਹੋ ਗਈ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੀੜਤ ਕਿਸਾਨ ਪ੍ਰੀਤਮ ਸਿੰਘ(55) ਮਾਨਸਾ ਜ਼ਿਲ੍ਹੇ ਦੇ ਪਿੰੰਡ ਅੱਕਾਂਵਾਲੀ ਦਾ ਰਹਿਣ ਵਾਲਾ ਸੀ। ਪਹਿਲਾਂ ਉਸ ਨੂੰ ਸਿਵਲ ਹਸਪਤਾਲ ਬਾਦਲ ਵਿੱਚ ਦਾਖਲ ਕਰਵਾਇਆ ਗਿਆ ਹੈ, ਪਰ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਸੀ। ਮਰਹੂਮ ਕਿਸਾਨ ਪ੍ਰੀਤਮ ਸਿੰਘ ਦਾ ਪਰਿਵਾਰ ਵੀ ਕਿਸਾਨੀ ਦੇ ਰਵਾਇਤੀ ਕਰਜ਼ਿਆਂ ਦੇ ਦੈਂਤ ਦਾ ਸ਼ਿਕਾਰ ਹੈ। ਛੇ-ਸੱਤ ਏਕੜ ਵਾਲੇ ਤੰਗੀ-ਤੁਰਸ਼ੀਆਂ ਦੇ ਮਾਰੇ ਤਿੰਨ ਭਰਾਵਾਂ ਦੇ ਪਰਿਵਾਰ ’ਚ ਸਿਰਫ਼ ਇੱਕ ਭਰਾ ਹੀ ਵਿਆਹਿਆ ਹੋਇਆ ਹੈ। ਇਸ ਪਰਿਵਾਰ ਸਿਰ 12-13 ਲੱਖ ਰੁਪਏ ਦਾ ਕਰਜ਼ਾ ਹੈ। ਪ੍ਰੀਤਮ ਸਿੰਘ ਦੇ ਭਤੀਜੇ ਬਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਚਾਚਾ ਭਾਕਿਯੂ ਏਕਤਾ ਉਗਰਾਹਾਂ ਦੇ ਹਰੇਕ ਸੰਘਰਸ਼ ਦਾ ਹਿੱਸਾ ਬਣਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ’ਚ ਪੰਜਾਬ ਦੇ ਪੰਜ-ਛੇ ਜ਼ਿਲਿਆਂ ਤੋਂ ਹਜ਼ਾਰਾਂ ਕਿਸਾਨ ਖੇਤੀ ਆਰਡੀਨੈਂਸਾਂ ਖਿਲਾਫ਼ ਛੇ ਰੋਜ਼ਾ ਮੋਰਚੇ ’ਤੇ ਡਟੇ ਹੋਏ ਹਨ।

Leave a Reply

Your email address will not be published. Required fields are marked *