ਬਾਦਲਾਂ ਵਾਲੀ ਥਾਂ ਢੀਂਡਸਿਆਂ ਨੇ ਵੀ ਲਾਈ ਤੋਹਮਤਾਂ ਦੀ ‘ਝੜੀ’, ਸੁਖਬੀਰ ਵੱਲ ਛੱਡੇ ‘ਸ਼ਬਦੀ ਤੀਰ’!

ਸੰਗਰੂਰ : ਬਾਦਲਕਿਆਂ ਦਾ ਹਿਸਾਬ ਬਰਾਬਰ ਕਰਨ ਦੇ ਮਕਸਦ ਵਿੱਢੀ ਮੁਹਿੰਮ ਦੇ ਤਹਿਤ ਢੀਂਡਸਾ ਪਿਓ-ਪੁੱਤਰ ਨੇ ਅੱਜ ਸੰਗਰੂਰ ਵਿਖੇ ਉਸੇ ਥਾਂ ‘ਤੇ ਰੈਲੀ ਕਰ ਕੇ ਅਪਣਾ ਗੁਬਾਰ ਕੱਢ ਲਿਆ ਹੈ ਜਿੱਥੇ ਕੁੱਝ ਦਿਨ ਪਹਿਲਾਂ ਬਾਦਲਾਂ ਨੇ ਰੈਲੀ ਕਰ ਕੇ ਢੀਂਡਸਾ ਪਰਵਾਰ ‘ਤੇ ਨਿਸ਼ਾਨੇ ਸਾਧੇ ਸਨ। ਇਸ ਰੈਲੀ ਵਿਚ ਢੀਂਡਸਾ ਪਿਓ-ਪੁੱਤਰ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।

ਰੈਲੀ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲ ਪਰਵਾਰ ਵਿਰੁਧ ਰੱਜ ਕੇ ਭੜਾਸ ਕੱਢੀ। ਉਨ੍ਹਾਂ ਬਾਦਲ ਪਰਵਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਪਰਵਾਰ ਨੇ ਅਪਣੇ ਨਿੱਜੀ ਮੁਫਾਦਾਂ ਕਾਰਨ ਸਮੁੱਚੀ ਸਿੱਖ ਕੌਮ ਦੇ ਵੱਕਾਰ ਨੂੰ ਦਾਅ ‘ਤੇ ਲਾ ਦਿਤਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਨੂੰ ਬਾਦਲਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਸਾਡੇ ਪਰਵਾਰ ‘ਤੇ ਕਾਂਗਰਸ ਨਾਲ ਮਿਲੇ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਪਰ ਹਕੀਕਤ ‘ਚ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕਾਂਗਰਸ ਨਾਲ ਕੌਣ ਰਲਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਿਸ ਦੇ ਕਹਿਣ ‘ਤੇ ਕਾਂਗਰਸ ਨੇ ਠੱਪ ਕੀਤੀ ਹੋਈ ਹੈ। ਦੋਵਾਂ ਪਰਵਾਰਾਂ ਵਲੋਂ ਇਕ-ਦੂਜੇ ਦੀ ਥਾਪੜੀ ਜਾਂਦੀ ਪਿੱਠ ਤੋਂ ਹੁਣ ਸਾਰਾ ਪੰਜਾਬ ਜਾਣੂ ਹੋ ਚੁੱਕਿਆ ਹੈ। ਇਨ੍ਹਾਂ ਦੋਵਾਂ ਪਰਵਾਰਾਂ ਨੇ 25 ਸਾਲ ਤਕ ਪੰਜਾਬ ‘ਤੇ ਰਾਜ ਕੀਤਾ ਹੈ। ਇਸੇ ਦਾ ਨਤੀਜੇ ਹੈ ਕਿ ਦੋਵਾਂ ਪਾਰਟੀਆਂ ਅੰਦਰ ਅੱਜ ਇਨ੍ਹਾਂ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਚੱਲਦੀ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੀ ਸਹੀ ਅਗਵਾਈ ਕੌਣ ਕਰ ਸਕਦਾ ਹੈ, ਇਸ ਦਾ ਫ਼ੈਸਲਾ ਲੋਕਾਂ ‘ਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਸੁਚੱਜੇ ਢੰਗ ਨਾਲ ਚਲਾਉਣ ਖ਼ਾਤਰ ਧਰਮ ਪ੍ਰਤੀ ਸੇਵਾ ਭਾਵਨਾ ਰੱਖਣ ਵਾਲੇ ਲੋਕਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦੀ ਬਹਾਲੀ ਲਈ ਯਤਨ ਜਾਰੀ ਰੱਖੇ ਜਾਣਗੇ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਿਸੇ ਸਮੇਂ ਵੀ ਕਰਵਾਉਣ ਦੀ ਡੀਂਘਾ ਮਾਰੀਆਂ ਜਾ ਰਹੀਆਂ ਹਨ। ਜੇਕਰ ਉਹ ਵਾਕਈ ਹੀ ਅਜਿਹਾ ਚਾਹੁੰਦੇ ਹਨ ਤਾਂ ਅਕਾਲੀ ਦਲ ਵਲੋਂ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਭੇਜਦੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਸੇ ਥਾਂ ‘ਤੇ ਢੀਂਡਸਾ ਪਰਵਾਰ ਦਾ ਭੋਗ ਪਾਉਣ ਦਾ ਐਲਾਨ ਕਰ ਕੇ ਗਏ ਸਨ। ਇਹ ਉਨ੍ਹਾਂ ਦੀ ਸੋਚ ਦਾ ਹਿੱਸਾ ਸੀ। ਪਰ ਅਸੀਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹਾਂ ਤਾਂ ਜੋ ਉਹ ਲੋਕਾਂ ਦਾ ਹੋਣ ਵਾਲਾ ਫ਼ੈਸਲਾ ਵੇਖ ਸਕਣ।

ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਕੋਲੋਂ ਵੀ ਕੁੱਝ ਗ਼ਲਤੀਆਂ ਹੋਈਆਂ ਹਨ। ਕਿਉਂਕਿ ਜਿਹੜਾ ਫ਼ੈਸਲਾ ਅਸੀਂ ਹੁਣ ਲਿਆ ਹੈ, ਇਹ ਬਹੁਤ ਪਹਿਲਾ ਲੈ ਲੈਣਾ ਚਾਹੀਦਾ ਸੀ। ਇਸ ਦੇਰੀ ਲਈ ਅਸੀਂ ਸਮੂਹ ਸੰਗਤ ਤੋਂ ਮੁਆਫ਼ੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਖਿਲਾਫ਼ ਵਿੱਢੀ ਲੜਾਈ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ।  ਇਸ ਲੜਾਈ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਸੰਘਰਸ਼ ਜਾਰੀ ਰਹੇਗਾ।  

Leave a Reply

Your email address will not be published. Required fields are marked *