ਹਵਾਰਾ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਖੁੱਲ੍ਹਾ ਪੱਤਰ

ਅੰਮ੍ਰਿਤਸਰ : ਹਵਾਰਾ ਕਮੇਟੀ ਤੇ ਹੋਰ ਸਿੱਖ ਸ਼ਖ਼ਸੀਅਤਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਂ ਇਕ ਖੁੱਲ੍ਹਾ ਪੱਤਰ ਜਾਰੀ ਕਰ ਕੇ ਉਨ੍ਹਾਂ ਦੀ ਆਤਮਾ ਨੂੰ ਝੰਜੋੜਨ ਦਾ ਯਤਨ ਕੀਤਾ ਹੈ। ਇਹ ਪੱਤਰ ਹਵਾਰਾ ਕਮੇਟੀ ਦੇ ਆਗੂ ਬਲਜਿੰਦਰ ਸਿੰਘ ਐਡਵੋਕੇਟ, ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ, ਪੰਜ ਪਿਆਰਿਆਂ ਵਿਚੋਂ ਭਾਈ ਸਤਨਾਮ ਸਿੰਘ ਝੰਜੀਆਂ ਤੇ ਭਾਈ ਤਰਲੋਕ ਸਿੰਘ ਵੱਲੋਂ ਜਾਰੀ ਕੀਤਾ ਗਿਆ। ਦੋ ਸਫ਼ਿਆਂ ਦੇ ਇਸ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ’ਤੇ ਹੋ ਰਹੇ ਹਮਲਿਆਂ ਨੂੰ ਠੱਲ੍ਹਣ ਵਿਚ ਅਸਫ਼ਲ ਰਹੀ ਹੈ। ਪਿਛਲੀਆਂ ਕਈ ਘਟਨਾਵਾਂ ਦੇ ਹਵਾਲੇ ਦਿੰਦਿਆਂ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਨੱਕ ਹੇਠ ਪਬਲੀਕੇਸ਼ਨ ਵਿਭਾਗ ਵਿਚ 2016 ਦੌਰਾਨ 80 ਸਰੂਪ ਅਗਨ ਭੇਟ ਅਤੇ 328 ਲਾਪਤਾ ਹੋਏ ਹਨ।  ਉਨ੍ਹਾਂ ਲਿਖਿਆ ਕਿ ਬਾਦਲਾਂ ਅਤੇ ਕੈਪਟਨ ਦੋਵਾਂ ਦੇ ਰਾਜ ਵਿਚ ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ ਹਨ। ਸਿੱਖ ਆਗੂਆਂ ਨੇ ਭਾਈ ਮਹਾਂਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਪਣੀਆਂ ਭੁੱਲਾਂ  ਨੂੰ ਬਖਸ਼ਾਉਣ ਲਈ 28 ਸਤੰਬਰ ਨੂੰ ਹੋ ਰਹੇ ਬਜਟ ਇਜਲਾਸ ਵਿਚ ਆਵਾਜ਼ ਬੁਲੰਦ ਕਰਨਗੇ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਾਹਮਣੇ ਮੋਰਚਾ ਲਾ ਕੇ ਬੈਠੇ ਸਿੱਖ ਆਗੂਆਂ ਨੇ ਮੰਗ ਕੀਤੀ ਹੈ ਕਿ ਬਜਟ ਇਜਲਾਸ ਵਿਚ ਮਤਾ ਪਾਸ ਕੀਤਾ ਜਾਵੇ ਕਿ ਬੇਅਦਬੀ ਮਾਮਲੇ ਵਿਚ ਧਾਰਾ 302 ਤਹਿਤ ਕਤਲ ਦਾ ਮੁਕਦਮਾ ਦਰਜ ਹੋਵੇ।  

Leave a Reply

Your email address will not be published. Required fields are marked *