ਭੂਚਾਲ ਨਾਲ ਕੰਬੀ ਇਰਾਨ ਦੀ ਧਰਤੀ, ਗੁਆਢੀ ਮੁਲਕ ਤੁਰਕੀ ‘ਚ ਹੋਈਆਂ 8 ਮੌਤਾਂ!

ਇਸਤਾਂਬੁਲ : ਈਰਾਨ ਦੇ ਤੁਰਕੀ ਨਾਲ ਲੱਗਦੇ ਉੱਤਰੀ-ਪੱਛਮੀ ਖੇਤਰ ਵਿਚ ਆਏ ਭੂਚਾਲ ਨੇ ਇਲਾਕੇ ‘ਚ ਦਹਿਸ਼ਤ ਮਚਾ ਦਿਤੀ ਹੈ। ਮੁਢਲੀਆਂ ਰਿਪੋਰਟਾਂ ਮੁਤਾਬਕ 5.7 ਤੀਬਰਤਾ ਵਾਲੇ ਇਸ ਭੂਚਾਲ ਕਾਰਨ ਗੁਆਂਢੀ ਦੇਸ਼ ਤੁਰਕੀ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਅੰਦਰ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੇ ਵੀ ਸਮਾਚਾਰ ਹਨ। ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਅਨੁਸਾਰ ਇਸ ਭੂਚਾਲ ਕਰ ਕੇ ਤੁਰਕੀ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਹੈ।

ਸਿਹਤ ਮੰਤਰੀ ਫਾਹਰੇਟਿਨ ਕੋਸਾ ਨੇ ਕਿਹਾ ਕਿ ਭੂਚਾਲ ਕਾਰਨ 21 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚੋਂ ਅੱਠ ਦੀ ਹਾਲਤ ਗੰਭੀਰ ਹੈ। ਤੁਰਕੀ ਦੇ ਐੱਨਟੀਵੀ ਨੇ ਈਰਾਨ ਸਰਹੱਦ ਨੇੜੇ ਵਾਨ ਸੂਬੇ ‘ਚ ਭੂਚਾਲ ਨਾਲ ਤਬਾਹ ਹੋਏ ਮਕਾਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਗਵਰਨਰ ਮਹਿਮਟ ਐਮਿਨ ਬਿਲਮੇਜ਼ ਨੇ ਕਿਹਾ ਕਿ ਕਿਸੇ ਵੀ ਸ਼ਹਿਰੀ ਦੇ ਮਲਬੇ ਹੇਠ ਦੱਬੇ ਹੋਣ ਦਾ ਸਮਾਚਾਰ ਨਹੀਂ।

ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤੈਯਪ ਅਰਦੋਗਨ ਨੇ ਫ਼ੋਨ ‘ਤੇ ਗ੍ਰਹਿ ਮੰਤਰਾਲੇ ਤੋਂ ਸਥਿਤੀ ਰਿਪੋਰਟ ਹਾਸਿਲ ਕੀਤੀ ਅਤੇ ਕਿਹਾ ਕਿ ਰਾਹਤ ਕਾਰਜ ਤੇਜ਼ ਕੀਤੇ ਜਾਣ। ਸਵੇਰੇ 9.23 ਵਜੇ ਆਏ ਇਸ ਭੂਚਾਲ ਦਾ ਕੇਂਦਰ ਈਰਾਨ ਦਾ ਪਿੰਡ ਹਬਾਸ਼-ਏ-ਓਲੀਆ ਸੀ ਜੋਕਿ ਸਰਹੱਦ ਤੋਂ 10 ਕਿਲੋਮੀਟਰ ਦੂਰ ਹੈ।

ਤਹਿਰਾਨ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਇਹ ਭੂਚਾਲ ਜ਼ਮੀਨ ਦੇ ਹੇਠਾਂ ਛੇ ਕਿਲੋਮੀਟਰ ਡੂੰਘਾਈ ‘ਤੇ ਆਇਆ। ਐਮਰਜੈਂਸੀ ਵਿਭਾਗ ਅਨੁਸਾਰ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਵਿਚ 40 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਵਿਚੋਂ 17 ਵਿਅਕਤੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। 43 ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਕਾਬਲੇਗੌਰ ਹੈ ਕਿ ਈਰਾਨ ‘ਚ ਅਕਸਰ ਹੀ ਅਜਿਹੇ ਭੂਚਾਲ ਆਉਂਦੇ ਰਹਿੰਦੇ ਹਨ। 2017 ‘ਚ ਈਰਾਨ ਵਿਚ ਆਏ 7.3 ਤੀਬਰਤਾ ਵਾਲੇ ਭੂਚਾਲ ਕਾਰਨ 620 ਲੋਕਾਂ ਦੀ ਮੌਤ ਹੋ ਗਈ ਸੀ। 2003 ਵਿਚ ਆਏ ਭੂਚਾਲ ਕਾਰਨ 31 ਹਜ਼ਾਰ ਲੋਕ ਮਾਰੇ ਗਏ ਸਨ ਜਦਕਿ 1990 ਵਿਚ 7.4 ਤੀਬਰਤਾ ਦੇ ਆਏ ਭੂਚਾਲ ਕਾਰਨ 40 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

Leave a Reply

Your email address will not be published. Required fields are marked *