ਸ਼੍ਰੋਮਣੀ ਕਮੇਟੀ ਇਜਲਾਸ ‘ਚ ਮਤਾ ਪਾਸ ਕਰੇ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਹੋਵੇ ਸਜ਼ਾ-ਏ-ਮੌਤ :- ਮੋਰਚਾ ਆਗੂ ਅਤੇ ਫ਼ੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 26 ਸਤੰਬਰ : ਸਿੱਖਾਂ ਨਾਲ ਹੀ ਦਸਤ ਪੰਜਾ ਲੈਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਦੇ ਅਦਬ-ਸਤਿਕਾਰ ਪ੍ਰਤੀ ਬੇਹੱਦ ਅਵੇਸਲੀ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਥਾਣੇ ਤੋਂ ਹੀ ਜ਼ਮਾਨਤ ਲੈ ਕੇ ਤੁਰਦਾ ਬਣਦਾ ਹੈ ਅਤੇ ਅਰਬਾਂ ਦੇ ਬੱਜਟ ਵਾਲੀ ਸ਼੍ਰੋਮਣੀ ਕਮੇਟੀ ਆਪਣੇ ਸਿਆਸੀ ਆਕਾਵਾਂ ਦੀਆਂ ਖ਼ੁਸ਼ੀਆਂ ਲੈਣ ਵਿੱਚ ਗੋਲਕਾਂ ਦੀ ਦੁਰਵਰਤੋਂ ਕਰਦੀ ਰਹਿੰਦੀ ਹੈ ਜਿਸ ਕਰਕੇ ਥਾਂ-ਥਾਂ ‘ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸਰਬ ਸਾਂਝੀਵਾਲਤਾ ਦੇ ਪ੍ਰਤੀਕ, ਸ਼ਬਦ ਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਕਾਰਨ ਸਿੱਖ ਜਗਤ ‘ਚ ਭਾਰੀ ਰੋਸ ਹੈ। ਬੇਅਦਬੀ ਦੀ ਘਟਨਾ ਸੁਣਦਿਆਂ ਸਾਰ ਹਰੇਕ ਸਿੱਖ ਦਾ ਹਿਰਦਾ ਛਲਣੀ-ਛਲਣੀ ਹੋ ਜਾਂਦਾ ਹੈ ਤੇ ਇਸ ਪ੍ਰਤੀ ਰੋਹ ਵਜੋਂ ਸਿੱਖ ਕੋਈ ਵੀ ਕਦਮ ਉਠਾਉਣ ਲਈ ਮਜ਼ਬੂਰ ਹੋ ਜਾਂਦੇ ਹਨ। ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਰੱਤਾ ਵੀ ਗੰਭੀਰ ਨਹੀਂ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਮੋਰਚਾ ਲਾਈ ਬੈਠੇ ਸੱਤ ਮੈਂਬਰੀ ਕਮੇਟੀ ਦੇ ਆਗੂਆਂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਬਲਜਿੰਦਰ ਸਿੰਘ ਪਰਵਾਨਾ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਲਖਬੀਰ ਸਿੰਘ ਮਹਾਲਮ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਦ ਕੋਈ ਦਸਤਾਰ ਉਤਾਰਨ ਦੀ ਬੇਅਦਬੀ ਦਾ ਮਾਮਲਾ ਹੋਵੇ ਜਾਂ ਧਰਮ ਪ੍ਰਤੀ ਮੰਦੀ ਟਿੱਪਣੀ ਕਰਨ ਦਾ ਤਾਂ ਉਸ ਵੇਲੇ 295-ਏ ਧਾਰਾ ਲਗਾਈ ਜਾਂਦੀ ਹੈ ਅਤੇ ਜਦੋਂ ਕੋਈ ਪਾਪੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਦਾ ਹੈ ਤਾਂ ਵੀ 295-ਏ ਧਾਰਾ ਲਾ ਕੇ ਦੋਸ਼ੀ ਨੂੰ ਝੱਟ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਜਿਸ ਨਾਲ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ। ਸ਼੍ਰੋਮਣੀ ਕਮੇਟੀ ਤੋਂ ਇਹ ਮੰਗ ਰੱਖੀ ਹੈ ਕਿ ਉਹ ਆਪਣੇ 28 ਸਤੰਬਰ ਨੂੰ ਬਜਟ ਇਜਲਾਸ ‘ਚ ਮਤਾ ਪਾਸ ਕਰੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਤੇ ਧਾਰਾ 295-ਏ ਨਹੀਂ, ਬਲਕਿ 302 ਧਾਰਾ ਤਹਿਤ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਦੋਸ਼ੀਆਂ ‘ਤੇ ਅਜਿਹੀ ਸਖ਼ਤ ਅਤੇ ਮਿਸਾਲੀ ਸਜ਼ਾ ਦਿੱਤੀ ਜਾਵੇ ਕਿ ਕੋਈ ਵੀ ਬੇਅਦਬੀ ਕਰਨ ਦਾ ਹੀਆ ਨਾ ਕਰ ਸਕੇ। ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਆਪਣੇ ਇੱਕ ਬਿਆਨ ‘ਚ ਕਹਿ ਚੁੱਕੇ ਹਨ ਕਿ ਬੇਅਦਬੀ ਦੇ ਦੋਸ਼ੀ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਭਾਰਤੀ ਸੁਪਰੀਮ ਕੋਰਟ ਵੀ ਇਹ ਗੱਲ ਕਹਿ ਚੁੱਕੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਜਾਗਤ ਜੋਤ ਪ੍ਰਤੱਖ ਸਤਿਗੁਰੂ ਹਨ ਇਸ ਲਈ ਦੋਸ਼ੀ ਉੱਤੇ ਕਤਲ ਦਾ ਮੁਕੱਦਮਾ ਹੀ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਜਟ ਇਜਲਾਸ ‘ਚ ਸ਼੍ਰੋਮਣੀ ਕਮੇਟੀ ਮਤਾ ਪਾਸ ਕਰਵਾ ਕੇ ਸਰਕਾਰ ‘ਤੇ ਦਬਾਅ ਬਣਾਵੇ ਕਿ ਦੋਸ਼ੀਆਂ ਨੂੰ ਹਰਗਿਜ਼ ਬਖ਼ਸ਼ਿਆ ਨਾ ਜਾਵੇ ਤੇ ਸਖ਼ਤ ਧਾਰਾਵਾਂ ਲਗਾ ਕੇ ਹੀ ਬੇਅਦਬੀ ਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ।

Leave a Reply

Your email address will not be published. Required fields are marked *