ਗਰੀਬੀ ਕਾਰਨ ਮਾਂ ਨੇ 4 ਮਹੀਨੇ ਦੀ ਧੀ ਵੇਚੀ

ਮਾਛੀਵਾੜਾ : ਕਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਗਰੀਬ ਪਰਿਵਾਰਾਂ ’ਤੇ ਆਰਥਿਕ ਤੰਗੀ ਦੇ ਸੰਕਟ ਛਾਏ ਹੋਏ ਹਨ ਅਤੇ ਹਾਲਾਤ ਇੱਥੋਂ ਤੱਕ ਬਣ ਗਏ ਹਨ ਕਿ ਇੱਕ ਮਾਂ ਨੇ ਆਪਣੀ 4 ਮਹੀਨਿਆਂ ਦੀ ਧੀ ਕੇਵਲ ਚਾਰ ਹਜ਼ਾਰ ਰੁਪਏ ’ਚ ਕਿਸੇ ਨੂੰ ਗੋਦ ਦੇ ਕੇ ਵੇਚ ਦਿੱਤੀ। ਇਸ ਦਾ ਖੁਲਾਸਾ ਹੋਣ ਮਗਰੋਂ ਇਹ ਮਾਮਲਾ ਮਾਛੀਵਾੜਾ ਥਾਣੇ ’ਚ ਪੁੱਜ ਗਿਆ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜਲੇ ਪਿੰਡ ਸ਼ਤਾਬਗੜ੍ਹ ’ਚ ਝੁੱਗੀਆਂ ’ਚ ਰਹਿੰਦੇ ਪਰਵਾਸੀ ਮਜ਼ਦੂਰ ਦੇ ਘਰ ਤੀਸਰਾ ਬੱਚਾ ਪੈਦਾ ਹੋਇਆ ਸੀ। ਬੱਚੀ ਦੀ ਮਾਂ ਨੇ ਦੱਸਿਆ ਕਿ ਘਰ ਵਿਚ ਪਹਿਲਾਂ ਹੀ ਗਰੀਬੀ ਅਤੇ ਪੈਸੇ ਦੀ ਘਾਟ ਚੱਲ ਰਹੀ ਸੀ ਅਤੇ ਤੀਜਾ ਬੱਚਾ ਹੋਣ ਕਾਰਨ ਉਸ ਦਾ ਪਾਲਣ-ਪੋਸ਼ਣ ਕਰਨਾ ਬਹੁਤ ਔਖਾ ਹੋ ਗਿਆ ਸੀ। ਪਿੰਡ ਦੀ ਹੀ ਇੱਕ ਔਰਤ ਨੇ ਉਸ ਨੂੰ 4 ਮਹੀਨਿਆਂ ਦੀ ਧੀ ਹਸਨਪੁਰ ਦੇ ਇੱਕ ਪਰਿਵਾਰ ਨੂੰ ਗੋਦ ਦੇਣ ਲਈ ਰਜ਼ਾਮੰਦ ਕਰ ਲਿਆ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਬਾਹਰ ਮਹਿਲਾ ਆਪਣੀ ਧੀ ਨੂੰ ਲੈ ਕੇ ਆਈ ਅਤੇ ਉੱਥੇ ਹੀ ਬੱਚੀ ਨੂੰ ਗੋਦ ਲੈਣ ਵਾਲਾ ਪਰਿਵਾਰ ਵੀ ਪਹੁੰਚ ਗਿਆ। ਧੀ ਨੂੰ ਗੋਦ ਦੇਣ ਦੇ ਬਦਲੇ ਕੇਵਲ 4 ਹਜ਼ਾਰ ਰੁਪਏ ਦਿੱਤੇ ਗਏ। 

ਸਮਾਜ ਸੇਵੀ ਨੇ ਦਿੱਤੀ ਪੁਲੀਸ ਨੂੰ ਸੂਚਨਾ

ਗੁਰਦੁਆਰੇ ਨੇੜੇ ਮੌਜੂਦ ਸਮਾਜ ਸੇਵੀ ਕਾਮਰੇਡ ਜਗਦੀਸ਼ ਰਾਏ ਬੌਬੀ ਤੇ ਹੋਰ ਪਤਵੰਤੇ ਸੱਜਣਾਂ ਨੂੰ ਜਦੋਂ ਇਸ ਘਟਨਾ ਨੂੰ ਅੱਖੀਂ ਦੇਖਿਆ ਤਾਂ ਊਨ੍ਹਾਂ ਇਸ ਦੀ ਪੁਲੀਸ ਨੂੰ ਸੂਚਨਾ ਦਿੱਤੀ। ਉਦੋਂ ਤੱਕ ਗੋਦ ਲੈਣ ਵਾਲਾ ਪਰਿਵਾਰ ਬੱਚੀ ਨੂੰ ਲੈ ਕੇ ਮੌਕੇ ਤੋਂ ਚਲਾ ਗਿਆ ਸੀ। ਮਾਛੀਵਾੜਾ ਪੁਲੀਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸੌਦਾ ਕਰਵਾਉਣ ਵਾਲੀ ਔਰਤ ਅਤੇ ਬੱਚੀ ਦੀ ਮਾਂ ਤੋਂ ਪੁੱਛ-ਗਿੱਛ ਕੀਤੀ। ਐੱਸਐੱਚਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਬੱਚਾ ਸਹਿਮਤੀ ਨਾਲ ਦਿੱਤਾ ਗਿਆ ਹੈ ਜਿਸ ਕਾਰਨ ਫਿਲਹਾਲ ਕੋਈ ਕੇਸ ਨਹੀਂ ਬਣਦਾ ਹੈ। ਊਂਜ ਪੁਲੀਸ ਨੇ ਗੋਦ ਲੈਣ ਵਾਲੇ ਪਰਿਵਾਰ ਅਤੇ ਬੱਚੀ ਦੀ ਮਾਂ ਸਮੇਤ ਦੋਵਾਂ ਧਿਰਾਂ ਨੂੰ ਭਲਕੇ ਥਾਣੇ ਬੁਲਾਇਆ ਹੈ। 

Leave a Reply

Your email address will not be published. Required fields are marked *