CAA ਤੇ NRC ਦੇ ਵਿਰੋਧ ‘ਚ ਕਿਸ਼ਨਗੜ੍ਹ ਚੌਕ ਜਾਮ, ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

ਜਲੰਧਰ/ਕਿਸ਼ਨਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐੱਨਪੀਆਰ, ਐੱਨਆਰਸੀ ਤੇ ਸੀਏਏ ਸਬੰਧੀ ਜਾਰੀ ਫ਼ਰਮਾਨ ਖ਼ਿਲਾਫ਼ ਅੱਜ ਭੀਮ ਆਰਮੀ ਦੀ ਅਗਵਾਈ ਹੇਠ ਕਿਸ਼ਨਗੜ੍ਹ ਚੌਕ ‘ਚ ਧਰਨਾ ਲਗਾਇਆ ਗਿਆ ਹੈ। ਧਰਨੇ ‘ਚ ਅਲਾਵਲਪੁਰ, ਕਿਸ਼ਨਗੜ੍ਹ, ਬਿਆਸ ਪਿੰਡ ਤੇ ਕਰਤਾਰਪੁਰ ਦੇ ਨੌਜਵਾਨਾਂ ਨੇ ਹਿੱਸਾ ਲਿਆ। ਜਲੰਧਰ ਤੋਂ ਪਠਾਨਕੋਟ, ਪਠਾਨਕੋਟ ਤੋਂ ਜਲੰਧਰ, ਕਿਸ਼ਨਗੜ੍ਹ ਤੋਂ ਕਰਤਾਰਪੁਰ ਤੇ ਆਦਮਪੁਰ ਜਾਣ ਵਾਲੇ ਰਸਤਿਆਂ ‘ਚ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਟੀਮ ਭੀਮ ਆਰਮੀ ਦੇ ਆਗੂਆਂ ਨੇ ਕਿਹਾ ਕਿ ਇਹ ਧਰਨਾ ਸ਼ਾਮ ਪੰਜ ਵਜੇ ਤਕ ਜਾਰੀ ਰਹੇਗਾ। ਓਧਰ ਸਰਕਾਰੀ ਨੌਕਰੀਆਂ ‘ਚ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਰੱਕੀ ਲਈ ਰਾਖਵਾਂਕਰਨ ਨਾ ਦਿੱਤੇ ਜਾਣ ਦੇ ਸੁਪਰੀਮ ਕੋਰਟ ਦੇ ਫੈਸਲੇ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਦੇ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਭੀਮ ਆਰਮੀ ਦੇ ਮੈਂਬਰਾਂ ਨੇ ਜਲੰਧਰ ਸ਼ਹਿਰ ਤੋਂ ਇਲਾਵਾ ਹਾਈਵੇ ‘ਤੇ ਪੈਂਦੇ ਕਸਬਿਆਂ ‘ਚ ਵੀ ਰੋਡ ਜਾਮ ਕਰ ਕੇ ਆਵਾਜਾਈ ਠੱਪ ਕਰ ਦਿੱਤੀ। ਪਰਾਗਪੁਰ ਵਿਖੇ ਭੀਮ ਆਰਮੀ ਦੀ ਅਗਵਾਈ ਹੇਠ ਲੋਕਾਂ ਨੇ ਰੋਡ ਜਾਮ ਕਰ ਦਿੱਤਾ ਜਿਸ ਕਾਰਨ ਆਵਾਜਾਈ ਠੱਪ ਹੋ ਗਈ।
ਇਸੇ ਤਰ੍ਹਾਂ ਲੰਮਾ ਪਿੰਡ ਚੌਕ ‘ਚ ਵੀ ਮੁਜ਼ਾਹਰਾਕਾਰੀਆਂ ਨੇ ਹਾਈਵੇ ਵਿਚਾਲੇ ਡਰੰਮ ਰੱਖ ਕੇ ਆਵਾਜਾਈ ਰੋਕ ਦਿੱਤੀ। ਇਸ ਜਾਮ ਕਾਰਨ ਲੁਧਿਆਣਾ ਤੇ ਅੰਮ੍ਰਿਤਸਰ ਵਾਲੇ ਪਾਸਿਓਂ ਆਉਣ ਵਾਲੀਆਂ ਗੱਡੀਆਂ ਪਠਾਨਕੋਟ ਚੌਕ ਨੇੜੇ ਰੁਕ ਗਈਆਂ ਤੇ ਲੰਮੀਆਂ ਲਾਈਨਾਂ ਲੱਗ ਗਈਆਂ। ਹਾਲਾਂਕਿ ਕਾਰਾਂ ਤੇ ਹੋਰ ਛੋਟੇ ਵਾਹਨ ਗਲ਼ੀਆਂ ਤੇ ਮੁਹੱਲਿਆਂ ‘ਚੋਂ ਹੋ ਕੇ ਆਪਣੀ ਮੰਜ਼ਿਲ ਵੱਲ ਜਾ ਰਹੇ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਹੈ।