ਜ਼ੀਰਕਪੁਰ ਵਿੱਚ ਗੱਡੀਆਂ ਓਵਰਟੇਕ ਕਰਨ ਮੌਕੇ ਚੱਲੀਆਂ ਗੋਲੀਆਂ, ਨੌਜਵਾਨ ਦਾ ਕਤਲ

ਜ਼ੀਰਕਪੁਰ : ਇਥੋਂ ਦੀ ਵੀਆਈਪੀ ਰੋਡ ‘ਤੇ ਲੰਘੀ ਦੇਰ ਰਾਤ ਗੱਡੀਆਂ ਨੂੰ ਓਵਰਟੇਕ ਮੌਕੇ ਨੌਜਵਾਨਾਂ ਦੇ ਦੋ ਗਰੁੱਪਾਂ ਵਿੱਚ ਝਗੜੇ ਦੌਰਾਨ ਫੌਰਚੂਨਰ ਸਵਾਰ ਦੋ ਨੌਜਵਾਨਾਂ ਨੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 35 ਸਾਲਾ ਦਾ ਅਨਿਲ ਕੁਮਾਰ ਹਾਲ ਵਾਸੀ ਦਾਊਂ ਸਾਹਿਬ, ਖਰੜ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ ਅਤੇ ਇਕ ਦਸ ਮਹੀਨੇ ਦਾ ਲੜਕਾ ਛੱਡ ਗਿਆ ਹੈ। ਪੁਲੀਸ ਨੇ ਫੌਰਚੂਨਰ ਸਵਾਰ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਅਨਿਲ ਲਿਫ਼ਟਾਂ ਠੀਕ ਕਰਦਾ ਸੀ। ਦੇਰ ਰਾਤ ਕਰੀਬ ਡੇਢ ਵਜੇ ਕੁਝ ਨੌਜਵਾਨ ਜਨਮ ਦਿਨ ਦੀ ਪਾਰਟੀ ਕਰਨ ਮਗਰੋਂ ਦੋ ਗੱਡੀਆਂ ‘ਤੇ ਵੀਆਈਪੀ ਰੋਡ ‘ਤੇ ਆ ਰਹੇ ਸਨ। ਇਸ ਦੌਰਾਨ ਵੀਆਈਪੀ ਰੋਡ ‘ਤੇ ਸਥਿਤ ਚੌਕ ‘ਤੇ ਫੌਰਚੂਨਰ ਸਵਾਰਾਂ ਦੀ ਕਾਰ ਸਵਾਰ ਦੋ ਵਿਅਕਤੀਆਂ ਨਾਲ ਓਵਰਟੇਕ ਮੌਕੇ ਤਕਰਾਰ ਹੋ ਗਈ। ਝਗੜਾ ਐਨਾ ਵਧ ਗਿਆ ਕਿ ਫੌਰਚੂਨਰ ਸਵਾਰ ਨੌਜਵਾਨਾਂ ਨੇ ਪਿਸਤੌਲ ਨਾਲ ਨੌਜਵਾਨਾਂ ‘ਤੇ ਤਿੰਨ ਫਾਇਰ ਕਰ ਦਿੱਤੇ। ਤਿੰਨ ਵਿੱਚੋਂ ਦੋ ਗੋਲੀਆਂ ਅਨਿਲ ਕੁਮਾਰ ਦੇ ਲੱਗੀਆਂ, ਜਿਸ ਦੀ ਨਿੱਜੀ ਹਸਪਤਾਲ ਵਿੱਚ ਇਲਾਜ ਮੌਤ ਹੋ ਗਈ। ਮ੍ਰਿਤਕ ਦਾ ਦੋਸਤ ਸਦਮੇ ਕਾਰਨ ਬੇਸੁੱਧ ਹੈ। ਹਮਲਾਵਰ ਨੌਜਵਾਨਾਂ ਨਾਲ ਫੌਰਚੂਨਰ ਗੱਡੀ ਵਿੱਚ ਇਕ ਕੁੜੀ ਵੀ ਸੀ ਅਤੇ ਉਨ੍ਹਾਂ ਨੇ ਮੌਕੇ ’ਤੇ ਸਵਿਫ਼ਟ ਸਵਾਰ ਆਪਣੇ ਤਿੰਨ ਦੋਸਤ ਹੋਰ ਮੌਕੇ ‘ਤੇ ਬੁਲਾਏ ਸੀ ਜੋ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਗੱਡੀਆਂ ’ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਮੁਲਜ਼ਮ ਕਥਿਤ ਸ਼ਰਾਬ ਦੇ ਨਸ਼ੇ ’ਚ ਸਨ।

ਡੀਐੱਸਪੀ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਦੋਸਤਾਂ ਦੇ ਬਿਆਨ ’ਤੇ ਕਤਲ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਪੀੜਤ ਧਿਰ ਵਲੋਂ ਮੁਲਜ਼ਮਾਂ ਵਿਚੋਂ ਗੋਲੀ ਚਲਾਉਣ ਵਾਲੇ ਨੌਜਵਾਨ ਹੈਪੀ ਬਰਾੜ ਫਰੀਦਕੋਟ ਨਾਂ ਦੇ ਨੌਜਵਾਨ ਦੀ ਪਛਾਣ ਕੀਤੀ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *