ਪੱਛਮੀ ਬੰਗਾਲ: ਬਲਵਿੰਦਰ ਸਿੰਘ ਦੇ ਮਾਪੇ ਚਿੰਤਤ

ਬਠਿੰਡਾ : ਕੋਲਕਾਤਾ ਦੇ ਹਾਵੜਾ ਵਿਚ ਬੀਤੇ ਹਫ਼ਤੇ ਭਾਜਪਾ ਵੱਲੋਂ ਮਮਤਾ ਬੈਨਰਜੀ ਸਰਕਾਰ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਵਿਚ ਭਾਜਪਾ ਆਗੂ ਪਰਿਆਂਸ਼ੂ ਪਾਂਡੇ ਦੇ ਨਿੱਜੀ ਸੁਰੱਖਿਆ ਅਫਸਰ ਬਲਵਿੰਦਰ ਸਿੰਘ ਦੀ ਹਾਵੜਾ ਪੁਲੀਸ ਵੱਲੋਂ ਖਿੱਚਧੂਹ ਅਤੇ ਪੱਗ ਦੀ ਬੇਅਦਬੀ ਕਰਨ ਤੋਂ ਬਾਅਦ ਮਾਮਲਾ ਸਿੱਖ ਜਥੇਬੰਦੀਆਂ ਕੋਲ ਪੁੱਜ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਪੀੜਤ ਦੇ ਪਰਿਵਾਰਕ ਮੈਂਬਰ ਨਾਲ ਹਾਵੜਾ ਪੁੱਜ ਗਏ ਹਨ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਮਮਤਾ ਸਰਕਾਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੈਲੀ ਦੌਰਾਨ ਹਾਵੜਾ ਪੁਲੀਸ ਨੇ ਦਰਜਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਬਲਵਿੰਦਰ ਸਿੰਘ ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਬਰਕੰਦੀ ਦਾ ਰਹਿਣ ਵਾਲਾ ਹੈ। ਪਿੰਡ ਬਰਕੰਦੀ ਤੋਂ ਬਲਵਿੰਦਰ ਸਿੰਘ ਦੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਕੋਈ ਕਸੂਰ ਨਹੀਂ ਸੀ। ਬਲਵਿੰਦਰ ਫ਼ੌਜ ਤੋੋਂ ਸੇਵਾਮੁਕਤ ਹੋਇਆ ਹੈ। ਉਹ ਸਪੈਸ਼ਲ ਫੋਰਸ ਦਾ ਬਲੈਕ ਕਮਾਂਡੋ ਰਿਹਾ ਹੈ ਜਿਸ ਨੇ ਭਾਰਤ-ਪਾਕਿ ਕਾਰਗਿਲ ਯੁੱਧ ਵਿਚ ਅਹਿਮ ਭੂਮਿਕਾ ਨਿਭਾਈ ਸੀ। ਬਠਿੰਡਾ ਤੋਂ ਗਏ ਪਰਿਵਾਰਿਕ ਮੈਂਬਰ ਰੁਪਿੰਦਰ ਸਿੰਘ ਨੇ ਹਾਵੜਾ ਤੋਂ ਦੱਸਿਆ ਕਿ ਉਨ੍ਹਾਂ ਲੋਕਲ ਸਿੱਖ ਜਥੇਬੰਦੀਆਂ ਨਾਲ ਮਮਤਾ ਬੈਨਰਜੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ। ਬਲਵਿੰਦਰ ਸਿੰਘ ਨੂੰ ਹਾਵੜਾ ਪੁਲੀਸ ਸਟੇਸ਼ਨ ਵਿਚ ਰੱਖਿਆ ਗਿਆ ਹੈ। ਲੋਕਲ ਪੁਲੀਸ ਹਫ਼ਤਾ ਬੀਤਣ ਦੇ ਬਾਵਜੂਦ ਜਾਂਚ ਦੀ ਗੱਲ ਕਰ ਰਹੀ ਹੈ। ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਪਰਿਵਾਰ ਨੇ ਬੰਗਾਲ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *