ਪਿੰਡ ਦਾਖਾ ਵਿੱਚ ਬਜ਼ੁਰਗ ਜੋੜੇ ਦੀ ਕੁੱਟਮਾਰ

ਗੁਰੂਸਰ ਸੁਧਾਰ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਆਪਣਾ ਸਭ ਕੁਝ ਗੁਆ ਕੇ ਪਿੰਡ ਦਾਖਾ ਵਿੱਚ ਕਿਸੇ ਦੇ ਘਰ ਵਿਚ ਰਖਵਾਲੇ ਵਜੋਂ ਜ਼ਿੰਦਗੀ ਬਤੀਤ ਕਰ ਰਿਹਾ ਬਜ਼ੁਰਗ ਗੁਰਸਿੱਖ ਜੋੜਾ ਸੱਤਾਧਾਰੀ ਧਿਰ ਦੀ ਕੁੱਟਮਾਰ ਦਾ ਸ਼ਿਕਾਰ ਹੋ ਕੇ ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਇਨਸਾਫ਼ ਲਈ ਹਾੜੇ ਕੱਢ ਰਿਹਾ ਹੈ।

ਬਜ਼ੁਰਗ ਖੇਮ ਸਿੰਘ (74) ਤੇ ਉਸ ਦੀ ਪਤਨੀ ਮਾਇਆ ਜਾਟ (55) ਨੇ ਦੱਸਿਆ ਕਿ ਉਨ੍ਹਾਂ ਦੀ ਕਥਿਤ ਕੁੱਟਮਾਰ ਤੋਂ ਬਾਅਦ ਪਿੰਡ ਦਾਖਾ ਦੀ ਸਰਪੰਚ ਰਵਿੰਦਰ ਕੌਰ ਦੇ ਪਤੀ ਤੇ ਇਲਾਕੇ ਦੇ ਕਾਂਗਰਸੀ ਆਗੂ ਜਤਿੰਦਰ ਸਿੰਘ ਨੇ ਸਿਵਲ ਹਸਪਤਾਲ ਰਾਏਕੋਟ ਤੱਕ ਵੀ ਉਨ੍ਹਾਂ ਦਾ ਪਿੱਛਾ ਜਾਰੀ ਰੱਖਿਆ। ਬਜ਼ੁਰਗ ਜੋੜੇ ਦਾ ਇੱਕ ਪੁੱਤਰ ਫ਼ੌਜੀ ਹੈ ਤੇ ਸਿੱਕਮ ’ਚ ਤਾਇਨਾਤ ਹੈ। ਇਸ ਕਰ ਕੇ ਉਹ ਉਸ ਨਾਲ ਸੰਪਰਕ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ’ਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਤੇ ਉਹ ਕੰਮ ਕਰ ਰਹੇ ਮਿਸਤਰੀਆਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਸਰਪੰਚ ਦੇ ਪਤੀ ਨੇ ਆ ਕੇ ਕਥਿਤ ਤੌਰ ’ਤੇ ਬਿਰਧ ਔਰਤ ਨਾਲ ਕੁੱਟਮਾਰ ਕੀਤੀ ਤੇ ਫੋਨ ਵੀ ਖੋਹ ਲਿਆ। ਪਤਨੀ ਦਾ ਬਚਾਅ ਕਰਦਾ ਬਜ਼ੁਰਗ ਖੇਮ ਸਿੰਘ ਵੀ ਕੁੱਟਮਾਰ ਦਾ ਸ਼ਿਕਾਰ ਹੋ ਗਿਆ। ਬਜ਼ੁਰਗ ਜੋੜੇ ਨੇ ਦਸਤਾਰ ਤੇ ਕਕਾਰਾਂ ਦੀ ਕਥਿਤ ਬੇਅਦਬੀ ਤੇ ਮੋਟਰਸਾਈਕਲ ਦੀ ਭੰਨਤੋੜ ਦਾ ਵੀ ਦੋਸ਼ ਲਾਇਆ। ਇਸ ਬਾਰੇ ਕਾਂਗਰਸ ਆਗੂ ਜਤਿੰਦਰ ਸਿੰਘ ਨੇ ਕਿਹਾ ਕਿ ਬਜ਼ੁਰਗ ਖੇਮ ਸਿੰਘ ਨੇ ਉਸ ਦੇ ਸਿਰ ਵਿੱਚ ਰਾਡ ਮਾਰੀ ਹੈ।

ਇਸ ਸਬੰਧੀ ਦਾਖਾ ਹਲਕੇ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਘਟਨਾ ਦੀ ਨਿਰਪੱਖ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ। ਉੱਧਰ ਅਕਾਲੀ ਦਲ (ਡ) ਦੇ ਆਗੂ ਰਣਜੀਤ ਸਿੰਘ ਤਲਵੰਡੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਤੋਂ ਮੰਗ ਕੀਤੀ ਕਿ ਉਹ ਖ਼ੁਦ ਪਹਿਲ ਕਰ ਕੇ ਬਜ਼ੁਰਗ ਜੋੜੇ ਨੂੰ ਇਨਸਾਫ਼ ਦਿਵਾਉਣ। ਸ੍ਰੀ ਸੰਧੂ ਨੇ ਕਿਹਾ ਕਿ ਸਿਆਸੀ ਵਿਰੋਧੀ ਉਨ੍ਹਾਂ ਨੂੰ ਬਿਨਾਂ ਕਾਰਨ ਘੜੀਸ ਰਹੇ ਹਨ।

ਉੱਧਰ ਡੀਐੱਸਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

Leave a Reply

Your email address will not be published. Required fields are marked *