ਯਾਦਾਂ ਅਤੇ ਯਾਦਸ਼ਕਤੀ

ਨਰਿੰਦਰ ਸਿੰਘ ਕਪੂਰ

ਮਨੁੱਖੀ ਸਰਮਾਇਆ

ਸਾਡੀ ਯਾਦਸ਼ਕਤੀ ਸਾਡੀ ਹੋਂਦ ਦਾ ਆਧਾਰ ਹੁੰਦੀ ਹੈ ਅਤੇ ਸਾਡੀਆਂ ਯਾਦਾਂ ਸਾਡੇ ਹੋਰਾਂ ਨਾਲੋਂ ਵਖਰੇਵੇਂ ਦਾ ਕਾਰਨ ਹੁੰਦੀਆਂ ਹਨ। ਜਿਨ੍ਹਾਂ ਦੀ ਯਾਦਸ਼ਕਤੀ ਨਹੀਂ ਹੁੰਦੀ, ਉਨ੍ਹਾਂ ਕੋਲ ਸੰਸਾਰ ਦੇ ਕਿਸੇ ਪ੍ਰਕਾਰ ਦੇ ਵੇਰਵੇ ਵੀ ਨਹੀਂ ਹੁੰਦੇ। ਜਿਨ੍ਹਾਂ ਦੀ ਯਾਦਸ਼ਕਤੀ ਕਿਸੇ ਦੁਰਘਟਨਾ ਕਾਰਨ ਗਵਾਚ ਜਾਂਦੀ ਹੈ, ਉਹ ਨਵੀਆਂ ਯਾਦਾਂ ਵੀ ਨਹੀਂ ਉਸਾਰ ਸਕਦੇ। ਜੇ ਤੁਸੀਂ ਯਾਦਸ਼ਕਤੀ ਤੋਂ ਵਿਰਵੇ ਕਿਸੇ ਵਿਅਕਤੀ ਨੂੰ ਮਿਲੋ ਅਤੇ ਕੁਝ ਮਿੰਟ ਮਗਰੋਂ, ਫਿਰ ਮਿਲੋੋ ਤਾਂ ਉਹ ਇਵੇਂ ਮਿਲੇਗਾ, ਜਿਵੇਂ ਤੁਸੀਂ ਪਹਿਲੀ ਵਾਰ ਮਿਲ ਰਹੇ ਹੁੰਦੇ ਹੋ। ਹਰ ਯਾਦ ਕਈ ਯਾਦਾਂ ਦਾ ਸੰਗ੍ਰਹਿ ਹੁੰਦੀ ਹੈ। ਜੇ ਤੁਸੀਂ ਪਿਛਲੇ ਸਾਲ ਕਿਸੇ ਦੇ ਵਿਆਹ ਦੇ ਸਮਾਗਮ ਵਿਚ ਸ਼ਾਮਲ ਹੋਏ ਸੀ ਤਾਂ ਉਸ ਸਮਾਗਮ ਦੀ ਯਾਦ ਉਸ ਦੇ ਦ੍ਰਿਸ਼, ਸਜਾਵਟ, ਆਲੇ-ਦੁਆਲੇ ਦੀ ਰੌਣਕ, ਪੰਡਾਲ, ਗੀਤ-ਸੰਗੀਤ, ਸ਼ਕਲਾਂ-ਸੂਰਤਾਂ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਪ੍ਰਬੰਧ ਦੇ ਵੇਰਵਿਆਂ ਦੇ ਸੰਦਰਭ ਵਿਚ ਆਵੇਗੀ। ਸਕੂਲ ਦੇ ਅਧਿਆਪਕਾਂ, ਪੁਸਤਕਾਂ, ਪ੍ਰੀਖਿਆਵਾਂ, ਜਮਾਤੀਆਂ ਨੂੰ ਅਸੀਂ ਭਾਵੇਂ ਭੁੱਲ ਜਾਈਏ, ਪਰ ਸਕੂਲ ਦੀ ਇਕ ਸਮੁੱਚੀ ਅਤੇ ਸੰਗਠਿਤ ਯਾਦ ਆਉਂਦੀ ਰਹਿੰਦੀ ਹੈ ਅਤੇ ਲੋੜ ਪੈਣ ’ਤੇ ਵੇਰਵੇ ਦੀ ਯਾਦ ਆ ਜਾਂਦੇ ਹਨ। ਕਿਸੇ ਨੂੰ ਜਾਣਨ, ਸਮਝਣ ਅਤੇ ਪਸੰਦ ਕਰਨ ਦਾ ਕਾਰਜ ਸਾਡਾ ਮਨ ਕਰਦਾ ਹੈ, ਪਰ ਯਾਦ ਰੱਖਣ ਦਾ ਕਾਰਜ ਸਾਡਾ ਦਿਮਾਗ਼ ਕਰਦਾ ਹੈ। ਮਨ, ਦਿਮਾਗ਼ ਦਾ ਮੂਹਰਲਾ ਭਾਗ ਹੁੰਦੀ ਹੈ। ਭਾਵੇਂ ਕਈਆਂ ਦੀ ਯਾਦਸ਼ਕਤੀ ਗਵਾਚ ਜਾਂਦੀ ਹੈ, ਇਸ ਦੇ ਬਾਵਜੂਦ ਉਹ ਆਪਣੇ ਆਪ ਨੂੰ ਨਹੀਂ ਭੁੱਲਦੇ, ਪਰ ਉਹ ਆਪਣੇ ਅਤੀਤ ਨੂੰ ਭੁੱਲ ਜਾਂਦੇ ਹਨ। ਸ਼ੁਰੂ ਵਿਚ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਤੋਂ ਕੁਝ ਗਵਾਚ ਗਿਆ ਹੈ, ਪਰ ਕੀ ਗਵਾਚ ਗਿਆ ਹੈ, ਇਹ ਯਾਦ ਨਹੀਂ ਆਉਂਦਾ। ਯਾਦਸ਼ਕਤੀ ਗਵਾਚਣ ਦੇ ਬਾਵਜੂਦ ਪੁਰਸ਼ ਆਪਣੇ ਪੁਰਸ਼ ਹੋਣ ਨੂੰ ਅਤੇ ਇਸਤਰੀ ਆਪਣੇ ਇਸਤਰੀ ਹੋਣ ਨੂੰ ਨਹੀਂ ਭੁੱਲਦੀ। ਯਾਦਸ਼ਕਤੀ ਗਵਾਚਣ ਉਪਰੰਤ ਇਕ ਚਿੱਤਰਕਾਰ ਆਪਣੇ ਚਿੱਤਰਾਂ ਨੂੰ ਪਛਾਣਦਾ ਨਹੀਂ ਸੀ, ਪਰ ਉਨ੍ਹਾਂ ਨੂੰ ਧਿਆਨ ਨਾਲ ਵੇਖਦਾ ਸੀ। ਉਹ ਰੇਲਗੱਡੀ ਨੂੰ, ਨਹਿਰੂ ਦੇ ਚਿੱਤਰ ਨੂੰ ਵੀ ਧਿਆਨ ਨਾਲ ਵੇਖਦਾ ਸੀ। ਸਾਡੀ ਯਾਦਸ਼ਕਤੀ ਸਾਨੂੰ ਸਾਡੀ ਹੋਂਦ ਦੀ ਸੋਝੀ ਦਿੰਦੀ ਹੈ, ਇਸ ਦੇ ਗੁਆਚਣ ਜਾਂ ਕਮਜ਼ੋਰ ਹੋਣ ਦੀ ਸੂਰਤ ਵਿਚ ਸਾਡੀ ਆਪਣੇ ਆਪ ਬਾਰੇ ਸੋਝੀ ਪ੍ਰਭਾਵਿਤ ਹੁੰਦੀ ਹੈ। ਜਿਸ ਵਿਅਕਤੀ ਦੀ ਯਾਦਸ਼ਕਤੀ ਗਵਾਚ ਜਾਵੇ, ਉਸ ਨੂੰ ਸੰਭਾਲਣਾ ਅਤੇ ਉਸ ਨਾਲ ਰਹਿਣਾ ਸੌਖਾ ਨਹੀਂ ਹੁੰਦਾ। ਐਲਜ਼ੀਮਰ ਦੇ ਰੋਗ ਵਿਚ ਇਕ ਪੜਾਓ ’ਤੇ ਰੋਗੀ ਦੀ ਯਾਦਸ਼ਕਤੀ ਗਵਾਚ ਜਾਂਦੀ ਹੈ। ਹੁਣ ਚਕਿਤਸਾ ਵਿਗਿਆਨ ਅਤੇ ਮਨੋਵਿਗਿਆਨ ਨੇ ਯਾਦਸ਼ਕਤੀ ਦੇ ਵਿਗਾੜਾਂ ਦਾ ਅਧਿਐਨ ਕਰਨਾ ਆਰੰਭਿਆ ਹੈ।

ਪੜ੍ਹਾਈ ਕਰਨ ਨਾਲ ਯਾਦਸ਼ਕਤੀ ਬਲਵਾਨ ਹੁੰਦੀ ਹੈ। ਹੋਰਾਂ ਨਾਲ ਗੱਲਬਾਤ ਕਰਨ ਨਾਲ ਯਾਦਸ਼ਕਤੀ ਤਿੱਖੀ ਹੁੰਦੀ ਹੈ ਅਤੇ ਹੋਰਾਂ ਨੂੰ ਯਾਦ ਰੱਖਣਾ ਸੌਖਾ ਹੋ ਜਾਂਦਾ ਹੈ। ਸੋਚਣ ਨਾਲ ਨਿਰਣਿਆਂ ਦਾ ਪੱਧਰ ਉੱਚਾ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਨਿਰਣਾ ਕਰਨ ਵੇਲੇ ਅਸੀਂ ਸਮਝਿਆ, ਪੜ੍ਹਿਆ, ਸੁਣਿਆ, ਵੇਖਿਆ, ਸੋਚਿਆ ਆਦਿ ਸਾਰੀ ਸਮੱਗਰੀ ਵਰਤਦੇ ਹਾਂ। ਯਾਦਸ਼ਕਤੀ ਮੁੱਢ ਵਿਚ ਕੋਈ ਭਾਸ਼ਾ ਵਰਤਣ ਨਾਲ ਵਿਕਸਿਤ ਹੁੰਦੀ ਹੈ ਅਤੇ ਇਸ ਉਪਰੰਤ ਅਸੀਂ ਸਾਰਾ ਜੀਵਨ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਾਂ, ਪਰ ਵਿਧੀ ਭਾਸ਼ਾ ਸਿੱਖਣ ਵਾਲੀ ਹੀ ਵਰਤੀ ਜਾਂਦੀ ਹੈ। ਇਵੇਂ ਜਿਨ੍ਹਾਂ ਦੀ ਮੁੱਢਲੀ ਸਿਖਲਾਈ ਮਜ਼ਬੂਤ ਹੁੰਦੀ ਹੈ, ਉਨ੍ਹਾਂ ਦੀ ਹਰੇਕ ਸਿਖਲਾਈ ਚੰਗੇਰੀ ਹੁੰਦੀ ਹੈ। ਅਠਾਈ ਹਫ਼ਤੇ ਦਾ ਬੱਚਾ ਧਾਗੇ ਨੂੰ ਵੇਖ ਸਕਦਾ ਹੈ, ਅਰਥਾਤ ਉਸ ਦੀ ਨਜ਼ਰ ਟਿਕ ਜਾਂਦੀ ਹੈ। ਚਾਲੀ ਹਫ਼ਤੇ ਦਾ ਬੱਚਾ ਅੰਗੂਠੇ ਨਾਲ, ਹੱਥ ਦੀ ਵਿਚਕਾਰਲੀ ਉਂਗਲ ਨਾਲ ਤਾਲਮੇਲ ਉਸਾਰ ਕੇ ਵਰਤਣ ਦੇ ਯੋਗ ਹੋ ਜਾਂਦਾ ਹੈ। ਇਕ ਸਾਲ ਮਗਰੋਂ ਬੱਚਾ ਦੋਵੇਂ ਹੱਥ ਵਰਤਣ ਦੇ ਯੋਗ ਹੋ ਜਾਂਦਾ ਹੈ। ਜੇ ਬੱਚਾ ਦੋ ਇੰਚ ਦਾ ਗੋਲਾ ਵਾਹ ਸਕਦਾ ਹੈ ਤਾਂ ਉਹ ਅਨੇਕਾਂ ਕੰਮ ਕਰਨ ਅਤੇ ਸ਼ਬਦ ਬੋਲਣ ਅਤੇ ਯਾਦ ਰੱਖਣ ਦੇ ਯੋਗ ਹੋ ਜਾਂਦਾ ਹੈ। ਜਿਹੜਾ ਬੱਚਾ ਆਪਣੇ ਬੂਟਾਂ ਦੇ ਤਸਮੇ ਬੰਨ੍ਹ ਸਕਦਾ ਹੈ, ਉਹ ਅਨੇਕਾਂ ਕੰਮ ਆਪੇ ਕਰਨਯੋਗ ਹੋ ਜਾਂਦਾ ਹੈ ਅਤੇ ਇਹ ਯੋਗਤਾ ਉਸ ਦੀ ਯਾਦਸ਼ਕਤੀ ਵਿਚ ਪੱਕੀ ਹੋ ਜਾਂਦੀ ਹੈ। ਅੱਠ ਸਾਲ ਦਾ ਬੱਚਾ ਰਸਤੇ ਦੀ ਯਾਦਸ਼ਕਤੀ ਦੇ ਆਧਾਰ ’ਤੇ ਇਕੱਲਾ ਘਰ ਪਹੁੰਚ ਸਕਦਾ ਹੈ। ਅਜਿਹਾ ਬੱਚਾ ਛੋਟੇ ਆਕਾਰ ਵਾਲੇ ਅੱਖਰ ਲਿਖਣ ਦੇ ਯੋਗ ਹੋ ਜਾਂਦਾ ਹੈ, ਅਰਥਾਤ ਉਸ ਨੂੰ ਚੀਜ਼ਾਂ ਦੇ ਆਕਾਰ, ਰੰਗ, ਦੂਰੀ ਆਦਿ ਦੀ ਸੋਝੀ ਹੋ ਜਾਂਦੀ ਹੈ। ਬੱਚੇ ਨੂੰ ਪੈਨਸਿਲ ਨਾਲ ਲਿਖਣਾ ਸਿਖਾਉਣਾ ਚਾਹੀਦਾ ਹੈ। ਜੇ ਉਸ ਨੂੰ ਰਬੜ ਵੀ ਦਿੱਤੀ ਜਾਵੇ ਤਾਂ ਉਸ ਨੂੰ ਲਿਖਣਾ ਅਤੇ ਮੇਟਣਾ ਦੋਵੇਂ ਆ ਜਾਣ ਕਰਕੇ, ਉਸ ਦੀ ਲਿਖਣ ਵਿਚ ਦਿਲਚਸਪੀ ਵਧ ਜਾਂਦੀ ਹੈ। ਚਾਰ ਸਾਲ ਦਾ ਬੱਚਾ ਸੱਜੇ ਹੱਥ ਦੀ ਉਂਗਲ ਨਾਲ ਚੱਕਰ ਵਾਹੁਣ ਲੱਗ ਪੈਂਦਾ ਹੈ। ਪੰਜ ਸਾਲ ਦਾ ਚੀਜ਼ਾਂ ਨੂੰ ਲਾਈਨ ਵਿਚ ਰੱਖਣਾ ਸਿੱਖ ਜਾਂਦਾ ਹੈ। ਛੇ ਸਾਲ ਦਾ ਬੱਚਾ ਤਿਕੋਣ ਬਣਾ ਸਕਦਾ ਹੈ ਅਤੇ ਉਹ ਸੰਗੀਤ ਦੀਆਂ ਧੁਨੀਆਂ ਦੀ ਤਰਤੀਬ ਵਿਚ ਦਿਲਚਸਪੀ ਲੈਣ ਲੱਗ ਪੈਂਦਾ ਹੈ। ਇਨ੍ਹਾਂ ਸਾਲਾਂ ਵਿਚ ਬੱਚਾ ਕੁਝ ਕਰਨਾ ਹੀ ਨਹੀਂ ਸਿੱਖ ਰਿਹਾ ਹੁੰਦਾ, ਉਸ ਦੀ ਸ਼ਬਦਾਵਲੀ ਅਤੇ ਯਾਦਸ਼ਕਤੀ ਵੀ ਵਿਕਸਿਤ ਹੋ ਰਹੀ ਹੁੰਦੀ ਹੈ। ਬੱਚੇ ਨੂੰ ਵੱਧ ਤੋਂ ਵੱਧ ਕਾਰਜਾਂ ਵਿਚ ਭਾਗ ਲੈਣ ਲਈ ਪ੍ਰੇਰਨਾ ਚਾਹੀਦਾ ਹੈ। ਬੱਚੇ ਨੂੰ ਹੋਰ ਬੱਚਿਆਂ ਨਾਲ ਸਕੂਲ ਭੇਜਣਾ ਚਾਹੀਦਾ ਹੈ ਕਿਉਂਕਿ ਬੱਚੇ, ਬੱਚਿਆਂ ਤੋਂ ਬਹੁਤ ਕੁਝ ਸਿੱਖਦੇ ਹਨ ਅਤੇ ਹੋਰ ਬੱਚਿਆਂ ਦੇ ਵਿਹਾਰ ਬਾਰੇ ਗੱਲਾਂ ਕਰਦਿਆਂ ਆਪਣੀ ਸ਼ਬਦਾਵਲੀ ਅਤੇ ਯਾਦਸ਼ਕਤੀ ਦਾ ਪ੍ਰਮਾਣ ਦਿੰਦੇ ਹਨ। ਬੱਚੇ ਖੁੱਲ੍ਹ ਕੇ ਆਪਣੇ ਹਾਣ ਦਿਆਂ ਨਾਲ ਵਿਚਰਦੇ ਹਨ। ਦੋ ਕਿਸਮ ਦੀਆਂ ਮੁਹਾਰਤਾਂ ਹੁੰਦੀਆਂ ਹਨ: ਸਹਿਯੋਗੀ ਮੁਹਾਰਤਾਂ ਅਤੇ ਪ੍ਰਤੀਯੋਗੀ ਮੁਹਾਰਤਾਂ। ਬੱਚੇ ਆਪਣੀ ਲੋੜ ਅਨੁਸਾਰ ਹੋਰਾਂ ਨੂੰ ਸਹਿਯੋਗ ਦਿੰਦੇ ਹਨ ਜਾਂ ਵਿਰੋਧ ਅਤੇ ਮੁਕਾਬਲਾ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਸ਼ਬਦਾਵਲੀ ਦੁੱਗਣੀ ਅਤੇ ਯਾਦਸ਼ਕਤੀ ਵਿਕਸਿਤ ਹੁੰਦੀ ਹੈ ਅਤੇ ਬੱਚੇ ਚੁਸਤ ਹੋ ਜਾਂਦੇ ਹਨ।

ਹਰੇਕ ਉਮਰ ਦੇ ਵੱਖਰੇ ਰੁਝੇਵੇਂ ਅਤੇ ਗੱਲਬਾਤ ਦੇ ਵੱਖਰੇ ਵੇਰਵੇ ਹੁੰਦੇ ਹਨ। ਸੱਤ ਸਾਲ ਤਕ ਬੱਚਾ ਸਵੈ-ਕੇਂਦਰਿਤ ਹੁੰਦਾ ਹੈ, ਉਹ ਮਾਪਿਆਂ ਦੇ ਨੇੜੇ-ਤੇੇੜੇ ਰਹਿੰਦਾ ਹੈ। ਸੱਤ ਤੋਂ ਲਗਪਗ ਚੌਦ੍ਹਾਂ ਸਾਲ ਦੇ ਲੜਕੇ, ਲੜਕਿਆਂ ਨਾਲ ਅਤੇ ਲੜਕੀਆਂ, ਲੜਕੀਆਂ ਨਾਲ ਵਿਚਰਦੀਆਂ ਹਨ। ਚੌਦ੍ਹਾਂ ਤੋਂ ਲਗਪਗ ਵੀਹ-ਇੱਕੀ ਸਾਲ ਦੌਰਾਨ ਲੜਕੇ, ਲੜਕੀਆਂ ਬਾਰੇ ਅਤੇ ਲੜਕੀਆਂ, ਲੜਕਿਆਂ ਬਾਰੇ ਗੱਲਾਂ ਕਰਦੀਆਂ ਹਨ। ਇਸ ਉਮਰ ਵਿਚ ਸਾੜਾ, ਈਰਖਾ ਜਾਗਦੀ ਹੈ, ਨਵੇਂ ਸ਼ਬਦ ਗੱਲਬਾਤ ਵਿਚ ਸ਼ਾਮਲ ਹੁੰਦੇ ਹਨ, ਡਿਕਸ਼ਨਰੀਆਂ ਵਿਚ ਗੁਪਤ ਅੰਗਾਂ ਦੇ ਅਰਥ ਵੇਖੇ ਜਾਂਦੇ ਹਨ, ਆਪਣੀਆਂ ਗੱਲਾਂ ਗੁਪਤ ਰੱਖਣ ਦੀ ਲੋੜ ਪੈਂਦੀ ਹੈ। ਇਸ ਊਮਰ ਵਿਚ ਕਲਪਨਾ ਜਾਗਦੀ ਹੈ, ਸਰੀਰਾਂ ਵਿਚ ਪਰਿਵਰਤਨ ਬੁਝਾਰਤ ਬਣ ਜਾਂਦਾ ਹੈ। ਕਿਸੇ ਦੀ ਯਾਦ ਆਉਣ ਲੱਗ ਪੈਂਦੀ ਹੈ, ਸੋਚਣ ਦੀ, ਵਿਉਂਤ ਬਣਾਉਣ ਦੀ ਆਦਤ ਉਪਜਦੀ ਹੈ। ਯਾਦ ਉਸ ਦੀ ਆਉਂਦੀ ਹੈ ਜਿਸ ਨੂੰ ਮਿਲਣਾ ਮੁਸ਼ਕਿਲ ਹੁੰਦਾ ਹੈ। ਇਸ ਉਮਰ ਵਿਚ ਸਵੈ-ਪਿਆਰ ਦੀ ਨਾਰਸੀ ਰੁਚੀ ਜਾਗਦੀ ਹੈ, ਆਪਣੀਆਂ ਫੋਟੋਆਂ ਅਤੇ ਕਿਸੇ ਦੀਆਂ ਤਸਵੀਰਾਂ ਚੰਗੀਆਂ ਲੱਗਣ ਲੱਗ ਪੈਂਦੀਆਂ ਹਨ। ਇਹ ਰੋਮਾਂਸ ਦੀ ਉਮਰ ਹੁੰਦੀ ਹੈ। ਇਸ ਸਮੇਂ ਦੇ ਅਨੁਭਵ, ਅਭੁੱਲ ਯਾਦਾਂ ਬਣ ਜਾਂਦੀਆਂ ਹਨ। ਇੱਕੀ-ਬਾਈ ਸਾਲ ਦੀ ਉਮਰ ਵਿਚ ਰੁਜ਼ਗਾਰ ਦੀ ਚਿੰਤਾ ਘੇਰਨ ਲੱਗ ਪੈਂਦੀ ਹੈ, ਕੁਝ ਬਣਨ ਦਾ ਜਨੂੰਨ ਭਾਰੂ ਹੋ ਜਾਂਦਾ ਹੈ। ਇਸ ਉਮਰ ਵਿਚ ਲੜਕੀਆਂ ਵਿਆਹ ਬਾਰੇ ਅਤੇ ਲੜਕੇ ਰੁਜ਼ਗਾਰ ਬਾਰੇ ਸੋਚਦੇ ਹਨ। ਜਿਹੜੇ ਉਦੋਂ ਵਿਆਹ ਕਰਵਾ ਲੈਂਦੇ ਹਨ ਜਦੋਂ ਵਿਆਹ ਨਹੀਂ ਕਰਵਾਉਣਾ ਚਾਹੀਦਾ ਸੀ, ਉਨ੍ਹਾਂ ਦਾ ਵਿਆਹ ਅਜਿਹੀ ਗ਼ਲਤੀ ਸਾਬਤ ਹੁੰਦੀ ਹੈ ਜਿਸ ਉਪਰੰਤ ਗ਼ਲਤੀਆਂ ਹੁੰਦੀਆਂ ਚਲੀਆਂ ਜਾਂਦੀਆਂ ਹਨ। ਗ਼ਲਤੀਆਂ ਪਛਤਾਵੇ ਸਿਰਜਦੀਆਂ ਹਨ। ਪਛਤਾਵੇ ਬੜੀਆਂ ਸੰਘਣੀਆਂ ਯਾਦਾਂ ਬਣ ਜਾਂਦੇ ਹਨ ਜਿਨ੍ਹਾਂ ਕਾਰਨ ਯਥਾਰਥ ਨਾਲ ਸਾਹਮਣਾ ਹੁੰਦਾ ਹੈ ਅਤੇ ਕਲਪਨਾ ਦੀਆਂ ਉਡਾਰੀਆਂ ਲਾ ਰਿਹਾ ਵਿਅਕਤੀ ਪਥਰੀਲੀ ਧਰਤੀ ਉੱਤੇ ਆ ਡਿੱਗਦਾ ਹੈ। ਅਕਸਰ ਤੀਹ-ਪੈਂਤੀ ਕੁ ਸਾਲ ਦੀ ਉਮਰ ਤਕ ਮਨੁੱਖ ਦੇ ਬੁਨਿਆਦੀ ਅਨੁਭਵ ਅਤੇ ਯਾਦਾਂ ਸਥਾਪਤ ਹੋ ਚੁੱਕੀਆਂ ਹੁੰਦੀਆਂ ਹਨ। ਪੜ੍ਹਾਈ ਮੁੱਕ ਚੁੱਕੀ ਹੁੰਦੀ ਹੈ, ਪਿਆਰ ਹੋ ਚੁੱਕਿਆ ਹੁੰਦਾ ਹੈ, ਰੁਜ਼ਗਾਰ ਲੱਗ ਚੁੱਕਿਆ ਹੁੰਦਾ ਹੈ, ਵਿਆਹ ਹੋ ਚੁੱਕਾ ਹੁੰਦਾ ਹੈ ਅਤੇ ਪਰਿਵਾਰ ਦੀ ਰੂਪ-ਰੇਖਾ ਸਪਸ਼ਟ ਹੋ ਚੁੱਕੀ ਹੁੰਦੀ ਹੈ। ਇਸ ਉਪਰੰਤ ਤਰਜੀਹਾਂ ਬਦਲਣ ਲੱਗ ਪੈਂਦੀਆਂ ਹਨ ਅਤੇ ਕਾਰੋਬਾਰੀ ਯਾਦਾਂ ਦਾ ਦੌਰ ਆਰੰਭ ਹੁੰਦਾ ਹੈ। ਬੱਚੇ ਹੋਣ ਨਾਲ ਪਤੀ-ਪਤਨੀ ਪਿਛੋਕੜ ਵਿਚ ਅਤੇ ਬੱਚੇ ਮੂਹਰਲੀ ਕਤਾਰ ਵਿਚ ਆਉਣ ਕਰਕੇ, ਮੈਂ ਵਾਲੇ ਜੀਵਨ ਦੀ ਥਾਂ ਅਸੀਂ ਅਤੇ ਸਾਡੇ ਵਾਲੇ ਜੀਵਨ ਦਾ ਦੌਰ ਆਰੰਭ ਹੁੰਦਾ ਹੈ। ਚਾਲੀ ਕੁ ਸਾਲ ਤਕ ਜ਼ਿੰਦਗੀ ਨਦੀਆਂ ਪਹਾੜਾਂ, ਉਚਾਣਾਂ-ਨਿਵਾਣਾਂ ਨੂੰ ਪਾਰ ਕਰਕੇ ਪੱਧਰੇ ਮੈਦਾਨ ਵਿਚ ਆ ਜਾਂਦੀ ਹੈ। ਇਸ ਵੇਲੇ ਤਕ ਅਤੀਤ ਅਤੇ ਵਰਤਮਾਨ ਦੋ ਖੇਤਰ ਪ੍ਰਤੱਖ ਹੋ ਜਾਂਦੇ ਹਨ। ਨਵੀਆਂ ਸਮੱਸਿਆਵਾਂ, ਮੁਸ਼ਕਿਲਾਂ ਆਦਿ ਤਾਂ ਆਉਂਦੀਆਂ ਹਨ, ਪਰ ਇਨ੍ਹਾਂ ਨੂੰ ਅਸੀਂ ਅਤੀਤ ਵਿਚ ਵਰਤੇ ਢੰਗਾਂ-ਤਰੀਕਿਆਂ ਦੇ ਆਧਾਰ ’ਤੇ ਹੱਲ ਕਰਨ ਦਾ ਯਤਨ ਅਤੇ ਉਪਰਾਲਾ ਕਰਦੇ ਹਾਂ। ਇੱਥੇ ਪਹੁੰਚ ਕੇ ਵੱਡੇ ਇਨਕਲਾਬੀ ਵੀ ਪਰੰਪਰਵਾਦੀ ਹੋ ਨਿਬੜਦੇ ਹਨ। ਕੁਝ ਨਵਾਂ ਘੱਟ ਹੀ ਵਾਪਰਦਾ ਹੈ। ਬਹੁਤਾ ਕੁਝ ਦੁਹਰਾਇਆ ਹੀ ਜਾਂਦਾ ਹੈ। ਸਮੁੱਚੀ ਜ਼ਿੰਦਗੀ ਇਕ ਸਾਂਚੇ ਵਿਚ, ਨਿਤਨੇਮ ਅਤੇ ਟਾਈਮ-ਟੇਬਲ ਵਿਚ ਢਲ ਜਾਂਦੀ ਹੈ।

ਯਾਦਾਂ ਦਾ ਸਬੰਧ ਘਟਨਾਵਾਂ ਦੇ ਰੂਪ ਵਿਚ ਅਤੀਤ ਨਾਲ, ਵਿਚਾਰਾਂ ਦਾ ਵਰਤਮਾਨ ਨਾਲ ਅਤੇ ਵਿਉਂਤਾਂ ਦਾ ਸਬੰਧ ਭਵਿੱਖ ਨਾਲ ਹੁੰਦਾ ਹੈ। ਉਮਰ ਦੇ ਵਧਣ ਨਾਲ ਯਾਦ ਸ਼ਕਤੀ ਕਮਜ਼ੋਰ ਨਹੀਂ ਪੈਂਦੀ, ਭੁੱਲਣ ਸ਼ਕਤੀ ਵਧ ਜਾਂਦੀ ਹੈ। ਅਜੋਕੇ ਮਨੁੱਖ ਨੂੰ ਜਿਤਨਾ ਕੁਝ ਯਾਦ ਰੱਖਣ ਦੀ ਲੋੜ ਪੈਂਦੀ ਹੈ, ਉਤਨਾ ਕੁਝ ਯਾਦ ਰੱਖਣ ਦੀ ਸਮਰੱਥਾ ਨਹੀਂ ਹੁੰਦੀ। ਅਨੇਕਾਂ ਪਾਸਿਆਂ ਤੋਂ ਆਵਾਜ਼ਾਂ, ਸ਼ਬਦਾਂ, ਤਸਵੀਰਾਂ ਅਤੇ ਅੰਕੜਿਆਂ ਵਿਚ ਆ ਰਹੀ ਕਈ ਪ੍ਰਕਾਰ ਦੀ ਸੂਚਨਾ ਨੂੰ ਦਿਮਾਗ਼ੀ ਫਾਈਲਾਂ ਵਿਚ ਸਾਂਭਿਆ ਜਾਂਦਾ ਹੈ। ਕਈ ਵਾਰ ਇਕ ਫਾਈਲ ਦੀ ਸਮੱਗਰੀ ਕਿਸੇ ਹੋਰ ਫਾਈਲ ਵਿਚ ਨੱਥੀ ਹੋ ਜਾਂਦੀ ਹੈ। ਕਈ ਵਾਰ ਫਾਈਲ ਹੀ ਗਵਾਚ ਜਾਂਦੀ ਹੈ। ਕੋਈ ਦਿਸਦਾ ਰਹੇ, ਸੁਣਦਾ ਰਹੇ, ਉਹ ਯਾਦ ਰਹਿੰਦਾ ਹੈ, ਨਹੀਂ ਤਾਂ ਹਰ ਯਾਦ ਦੀ ਇਕ ਮਿਆਦ ਹੁੰਦੀ ਹੈ। ਮਿਆਦ ਮੁੱਕਣ ’ਤੇ ਉਹ ਗੱਲ ਸਾਡੇ ਚੇਤੇ ਵਿਚੋਂ ਨਿਕਲ ਜਾਂਦੀ ਹੈ। ਅਧਿਆਪਕਾਂ ਨੂੰ ਉਘੜਵੇਂ ਵਿਦਿਆਰਥੀ ਹੀ ਯਾਦ ਰਹਿੰਦੇ ਹਨ। ਅਸੀਂ ਸ਼ੇਰ ਨੂੰ ਜਾਣਦੇ ਹਾਂ, ਪਰ ਸ਼ੇਰ ਸਾਨੂੰ ਨਹੀਂ ਜਾਣਦਾ। ਯਾਦ ਰਹਿਣ ਵਾਲੇ ਵੀ ਕਿਸੇ ਸੰਦਰਭ, ਕਿਸੇ ਘਟਨਾ ਦੇ ਸਬੰਧ ਵਿਚ ਕਿਸੇ ਰਿਸ਼ਤੇ ਦੇ ਹਵਾਲੇ ਨਾਲ ਯਾਦ ਰਹਿੰਦੇ ਹਨ। ਜਿਵੇਂ ਕੋਈ ਕਿਸੇ ਦੇ ਪਤੀ ਵਜੋਂ, ਕਿਰਾਏਦਾਰ ਵਜੋਂ, ਕੋਈ ਵੱਡੀ ਬੇਈਮਾਨੀ ਕਰਨ ਵਜੋਂ ਅਤੇ ਕੋਈ ਬੜੀ ਵੱਡੀ ਮਦਦ ਕਰਨ ਵਜੋਂ ਯਾਦ ਰਹਿੰਦਾ ਹੈ। ਜੇ ਕਾਰ ਬਦਲ ਲਈ ਹੈ ਤਾਂ ਉਸ ਦਾ ਨੰਬਰ, ਉਸ ਦਾ ਮਕੈਨਿਕ ਅਤੇ ਉਸ ਦਾ ਡਰਾਈਵਰ ਆਦਿ ਭੁੱਲ ਜਾਵੇਗਾ। ਜੇ ਯਾਦ ਰੱਖਣਾ ਯੋਗਤਾ ਹੈ ਤਾਂ ਭੁੱਲਣਾ ਵੀ ਯੋਗਤਾ ਹੈ। ਜੇ ਮਨੁੱਖ ਵਿਚ ਭੁੱਲਣ ਦੀ ਯੋਗਤਾ ਨਾ ਹੁੰਦੀ ਤਾਂ ਹਰ ਕਿਸੇ ਨੇ ਪਾਗ਼ਲ ਹੋ ਜਾਣਾ ਸੀ। ਕਈ ਕਹਿੰਦੇ ਹਨ, ਮੇਰੀ ਯਾਦ ਸ਼ਕਤੀ ਕਮਜ਼ੋਰ ਹੋ ਗਈ ਹੈ। ਪੁੱਛੋ ਤੁਹਾਡਾ ਵਿਆਹ ਕਿਵੇਂ ਹੋਇਆ ਸੀ, ਤੁਹਾਡੇ ਪੈਸੇ ਕਿਸ ਨੇ ਮਾਰੇ ਸਨ, ਤੁਹਾਡੀ ਜਾਨ ਕਿਸ ਨੇ ਬਚਾਈ ਸੀ, ਤੁਹਾਡਾ ਵੱਡਾ ਓਪਰੇਸ਼ਨ ਕਦੋਂ ਹੋਇਆ ਸੀ। ਉਸ ਦੇ ਵੇਰਵਿਆਂ ਤੋਂ ਸਾਬਤ ਹੋਵੇਗਾ ਕਿ ਯਾਦਸ਼ਕਤੀ ਕਮਜ਼ੋਰ ਨਹੀਂ ਮਜ਼ਬੂਤ ਹੋ ਗਈ ਹੈ। ਖੁਰਾਕ ਦੇ ਘਟ ਜਾਣ, ਸੇਵਾਮੁਕਤ ਹੋਣ ਜਾਂ ਕਿਸੇ ਰੋਗ ਕਾਰਨ ਸਰੀਰ ਦੀ ਕਾਰਜਸ਼ੀਲਤਾ ਸੁਸਤ ਹੋ ਜਾਂਦੀ ਹੈ। ਖੁਰਾਕ ਵਿਚ ਦਿਮਾਗ਼ ਦੀ ਕਾਰਜਸ਼ੀਲਤਾ ਬਣਾਈ ਰੱਖਣ ਵਾਲੇ ਤੱਤਾਂ ਦੀ ਘਾਟ ਕਾਰਨ ਮਨੁੱਖ ਕਮਜ਼ੋਰੀ ਮਹਿਸੂਸ ਕਰਦਾ ਹੈ। ਬਾਦਾਮ, ਅਖਰੋਟ ਅਤੇ ਹੋਰ ਗਿਰੀਆਂ ਵਿਚਲੇ ਖਣਿਜ ਅਤੇ ਫਰੂਟ ਵਿਚਲੇ ਵਿਟਾਮਿਨ ਸਾਡੀ ਯਾਦਸ਼ਕਤੀ ਨੂੰ ਤੰਦਰੁਸਤ ਰੱਖਦੇ ਹਨ। ਕੇਵਲ ਖੁਰਾਕ ਦੀ ਹੀ ਲੋੜ ਨਹੀਂ ਹੁੰਦੀ, ਸਰੀਰ ਵੀ ਚੁਸਤ ਅਤੇ ਕਾਰਜਸ਼ੀਲ ਰਹਿਣਾ ਚਾਹੁੰਦਾ ਹੈ। ਟੁਰਨ ਨਾਲ, ਕਸਰਤ ਨਾਲ ਸਰੀਰ ਚੁਸਤ ਰਹਿੰਦਾ ਹੈ। ਪਤੀ-ਪਤਨੀ ਵਿਚਕਾਰ ਸੁਖਾਵੇਂ ਸਬੰਧ ਦੋਹਾਂ ਨੂੰ ਚੁਸਤ-ਦਰੁਸਤ ਰੱਖਦੇ ਹਨ।

ਯਾਦਸ਼ਕਤੀ ਨੂੰ ਤੰਦਰੁਸਤ ਬਣਾਈ ਰੱਖਣ ਵਾਸਤੇ ਦੋਸਤਾਂ-ਸਹੇਲੀਆਂ ਨੂੰ ਮਿਲਦੇ ਰਹਿਣਾ ਚਾਹੀਦਾ ਹੈ। ਮਨ ਦੇ ਜਾਲੇ ਲਾਹੁਣ ਅਤੇ ਗਿਲੇ-ਸ਼ਿਕਵੇ ਤਿਆਗਣ ਦੀ ਵੀ ਲੋੜ ਹੁੰਦੀ ਹੈ। ਇਹ ਯਾਦ ਆਉਣਾ ਕਿ ਮੈਂ ਮਰ ਜਾਣਾ ਹੈ, ਇਹ ਭਵਿੱਖ ਦੀ ਯਾਦ ਹੁੰਦੀ ਹੈ। ਕੁਝ ਯਾਦਾਂ ਵਿਦਾ ਹੋ ਜਾਂਦੀਆਂ ਹਨ, ਕੁਝ ਕਰਨੀਆਂ ਪੈਂਦੀਆਂ ਹਨ। ਜੀਵਨ ਸਾਥੀ ਦੇ ਵਿਛੋੜੇ ਉਪਰੰਤ ਉਸ ਦੀਆਂ ਯਾਦਾਂ ਸੁਖ ਦਿੰਦੀਆਂ ਹਨ। ਕਿਸੇ ਨੂੰ ਯਾਦ ਕਰਕੇ ਰੋਣਾ ਉਸ ਦੇ ਵਿਛੋੜੇ ਨੂੰ ਬਰਦਾਸ਼ਤ ਕਰਨ ਵਿਚ ਸਹਾਈ ਹੁੰਦਾ ਹੈ।

ਮਨੁੱਖ ਦੀ ਯਾਦ ਰੱਖਣ ਦੀ ਯੋਗਤਾ ਬਹੁਤੀ ਪੁਰਾਣੀ ਨਹੀਂ ਹੈ। ਸਾਧਾਰਨ ਊਹ ਹੁੰਦਾ ਹੈ ਜੋ ਅਸੀਂ ਭੁੱਲ ਜਾਂਦੇ ਹਾਂ। ਵਿਸ਼ੇਸ਼ ਉਹ ਹੁੰਦਾ ਹੈ ਜੋ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ ਅਤੇ ਰੱਖਦੇ ਹਾਂ। ਯਾਦਸ਼ਕਤੀ ਉਸਾਰਨ ਵਿਚ ਸੁਣਨ ਅਤੇ ਵੇਖਣ ਦੀ ਭੂਮਿਕਾ ਅਹਿਮ ਹੁੰਦੀ ਹੈ। ਸੁਣਨ ਸ਼ਕਤੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਸੁਣ ਕੀ ਰਹੇ ਹਾਂ। ਪੁਰਸ਼ ਅਤੇ ਇਸਤਰੀ ਵੱਖ-ਵੱਖ ਵੇਰਵਿਆਂ ਵੱਲ ਧਿਆਨ ਦਿੰਦੇ ਹਨ। ਇਸਤਰੀਆਂ ਆਪਣੀ ਪ੍ਰਸੰਸਾ ਅਤੇ ਨਿੰਦਾ ਵਧੇਰੇ ਧਿਆਨ ਨਾਲ ਸੁਣਦੀਆਂ ਹਨ ਅਤੇ ਯਾਦ ਰੱਖਦੀਆਂ ਹਨ। ਪੁਰਸ਼ ਪ੍ਰਸੰਸਾ ਸੁਣਦੇ ਹਨ, ਪਰ ਨਿੰਦਾ ਨੂੰ ਰੱਦ ਕਰ ਦਿੰਦੇ ਹਨ। ਵਧੇਰੇ ਬੋਲਣ ਵਾਲੇ ਵਧੇਰੇ ਨੁਕਸ ਕੱਢਦੇ ਹਨ, ਚੁੱਪ ਰਹਿਣ ਵਾਲੇ ਲੋਕ ਵਧੇਰੇ ਅਣਡਿੱਠ ਕਰਦੇ ਹਨ ਅਤੇ ਵਧੇਰੇ ਖਿਮਾਮਈ ਹੁੰਦੇ ਹਨ। ਫੋਟੋਆਂ ਯਾਦਾਂ ਜਗਾ ਦਿੰਦੀਆਂ ਹਨ। ਸੁਣੇ ਨਾਲੋਂ ਵੇਖਿਆ ਵਧੇਰੇ ਯਾਦ ਰਹਿੰਦਾ ਹੈ। ਜਿਨ੍ਹਾਂ ਦੀ ਯਾਦਸ਼ਕਤੀ ਕਮਜ਼ੋਰ ਹੁੰਦੀ ਹੈ, ਉਹ ਅਣਜਾਣੇ ਹੀ ਝੂਠ ਬੋਲਦੇ ਹਨ। ਜਿਨ੍ਹਾਂ ਦੀ ਯਾਦਸ਼ਕਤੀ ਚੰਗੀ ਹੁੰਦੀ ਹੈ, ਉਨ੍ਹਾਂ ਨੂੰ ਝੂਠ ਬੋਲਣ ਵਿਚ ਯਾਦਸ਼ਕਤੀ ਸਹਾਇਕ ਹੁੰਦੀ ਹੈ। ਬੁਢਾਪੇ ਵਿਚ ਨਵੀਆਂ ਗੱਲਾਂ ਭੁੱਲ ਜਾਂਦੀਆਂ ਹਨ ਜਦੋਂਕਿ ਪੁਰਾਣੀਆਂ ਗੱਲਾਂ ਦੀ ਯਾਦ ਵਧੇਰੇ ਸਪਸ਼ਟ ਹੋ ਜਾਂਦੀ ਹੈ। ਕਾਰਨ ਇਹ ਹੈ ਕਿ ਨਵੀਆਂ ਗੱਲਾਂ ਦੀ ਤਹਿ ਪਤਲੀ ਹੁੰਦੀ ਹੈ ਜਦੋਂਕਿ ਪੁਰਾਣੀਆਂ ਗੱਲਾਂ ਦੀਆਂ ਪਰਤਾਂ ਵਧੇਰੇ ਅਤੇ ਤਹਿ ਮੋਟੀ ਹੁੰਦੀ ਹੈ। ਗੁਜ਼ਰੀ ਜ਼ਿੰਦਗੀ ਵਿਚ ਯਾਦਸ਼ਕਤੀ ਬਲਵਾਨ ਸੀ, ਉਹ ਵੇਖਿਆ-ਸੁਣਿਆ ਸਾਂਭ ਲੈਂਦੀ ਸੀ। ਬੁਢਾਪੇ ਵਿਚ ਅੱਧੇ ਸੁੱਤੇ, ਅੱਧੇ ਜਾਗਦੇ ਦੀ ਸਥਿਤੀ ਨਾਲ ਸੁਣੀ ਗੱਲ ਸਾਂਭੀ ਨਹੀਂ ਜਾਂਦੀ। ਬੁਢਾਪੇ ਵਿਚ ਅਕਸਰ ਕੋਈ ਯਾਦ, ਗੱਲ ਜਾਂ ਲੋੜ ਪੈਣ ’ਤੇ ਸੁਝਦੀ ਹੀ ਨਹੀਂ। ਯਾਦਾਂ ਨਾਲੋਂ ਯਾਦ ਕਰਨ ਦੀ ਯੋਗਤਾ ਵਧੇਰੇ ਮਹੱਤਵਪੂਰਨ ਹੁੰਦੀ ਹੈ। ਕਿਸੇ ਕਾਰਜ ਨੂੰ ਕਰਨ ਦਾ ਢੰਗ ਸਾਡੀ ਯਾਦਸ਼ਕਤੀ ਵਿਚ ਹੁੰਦਾ ਹੈ। ਸਵੇਰੇ ਉੱਠਣ ਵੇਲੇ ਸਾਡਾ ਸਰੀਰ ਹੀ ਜਾਗਦਾ ਹੈ, ਨਾਉਂ-ਅਹੁਦਾ ਆਦਿ ਨਹੀਂ ਉੱਠਦਾ। ਪਹਿਲਾਂ ਅਸੀਂ ਆਪਣਾ ਨਾਂ ਪਹਿਨਦੇ ਹਾਂ, ਫਿਰ ਅਹੁਦਾ ਪਹਿਨਦੇ ਹਾਂ ਅਤੇ ਕਈ ਚੀਜ਼ਾਂ ਪਹਿਨਣ ਉਪਰੰਤ ਅਸੀਂ ਗੁਜ਼ਰੇ ਕੱਲ੍ਹ ਵਰਗੇ ਬਣ ਜਾਂਦੇ ਹਾਂ।

ਯਾਦਾਂ ਸੁੱਤੀਆਂ ਹੁੰਦੀਆਂ ਹਨ, ਜਗਾਉਣ ਨਾਲ ਇਹ ਸਜੀਵ ਹੋ ਜਾਂਦੀਆਂ ਹਨ। ਸਾਨੂੰ ਪਤਾ ਨਹੀਂ ਲੱਗਦਾ ਕਿ ਜੋ ਵਾਪਰ ਰਿਹਾ ਹੈ, ਇਹ ਯਾਦ ਬਣ ਜਾਵੇਗਾ। ਹਰ ਮਹੱਤਵਪੂਰਨ ਦ੍ਰਿਸ਼ ਜਾਂ ਘਟਨਾ ਵਿਚ ਨਾਟਕੀ ਤੱਤ ਹੁੰਦੇ ਹਨ, ਇਹ ਤੱਤ ਯਾਦ ਰਹਿੰਦੇ ਹਨ। ਜਿਸ ਮਕਾਨ ਵਿਚ ਹੁਣ ਰਹਿ ਰਹੇ ਹੋ, ਉਸ ਦੀ ਯਾਦ ਨਹੀਂ ਆਵੇਗੀ, ਜਿਸ ਵਿਚ ਰਹਿੰਦੇ ਸੀ, ਉਸ ਦੀ ਆਵੇਗੀ। ਜਿਨ੍ਹਾਂ ਵਿਚਾਰਾਂ, ਵਿਅਕਤੀਆਂ ਨਾਲ ਅਸੀਂ ਸਹਿਮਤ ਨਹੀਂ ਹੁੰਦੇ, ਉਹ ਸਾਡੀਆਂ ਯਾਦਾਂ ਨਹੀਂ ਬਣਦੇ। ਕਈ ਵਾਰੀ ਕਿਸੇ ਦੀ ਗੱਲ ਸੁਣ ਕੇ ਸਾਡੇ ਕੰਨ ਵੀ ਵਿਰੋਧ ਕਰਦੇ ਹਨ, ਕਈ ਦ੍ਰਿਸ਼ਾਂ ਨੂੰ ਅੱਖਾਂ ਧਿਆਨ ਨਾਲ ਵੇਖਦੀਆਂ ਹੀ ਨਹੀਂ। ਯਾਦਾਂ ਵਿਚਲੇ ਵੇਰਵੇ ਭਾਵਾਂ-ਨਾਵਾਂ ਕਰਕੇ ਯਾਦ ਰਹਿੰਦੇ ਹਨ। ਦੁਖਦਾਈ ਅਨੁਭਵ, ਘਾਟੇ, ਵਿਛੋੜੇ ਆਦਿ ਵਧੇਰੇ ਵੇਰਵਿਆਂ ਨਾਲ ਯਾਦ ਰਹਿੰਦੇ ਹਨ। ਉਦਾਹਰਣ ਵਜੋਂ ਮਾਂ ਦੇ ਮਰਨ ਵੇਲੇ ਤੁਸੀਂ ਕਿੱਥੇ ਸੀ, ਕੀ ਕਰ ਰਹੇ ਸੀ, ਕਿਵੇਂ ਪਤਾ ਲੱਗਿਆ, ਕੀ ਅਸਰ ਹੋਇਆ, ਸਭ ਯਾਦ ਹੋਵੇਗਾ।

ਅਜੋਕੇ ਸਮਿਆਂ ਵਿਚ ਯਾਦਾਂ ਅਤੇ ਯਾਦਸ਼ਕਤੀ ਦਾ ਸੁਭਾਓ ਬਦਲ ਰਿਹਾ ਹੈ। ਹੁਣ ਸਭ ਕੁਝ ਗੂਗਲ ਵਿਚ ਹਾਜ਼ਰ ਹੈ, ਸੋ ਅਸੀਂ ਬਹੁਤਾ ਕੁਝ ਯਾਦ ਨਹੀਂ ਰੱਖਦੇ। ਇੰਟਰਨੈੱਟ, ਦਿਮਾਗ਼ ਤੋਂ ਬਾਹਰ, ਸਾਡਾ ਦਿਮਾਗ਼ ਬਣ ਗਿਆ ਹੈ। ਹੁਣ ਅਸੀਂ ਯਾਦਾਂ ਨੂੰ ਫੋਟੋਆਂ ਵਿਚ ਸਾਂਭਦੇ ਹਾਂ। ਮਨੁੱਖ ਦੀ ਇਕਾਗਰ ਹੋਣ ਦੀ ਸਮਰੱਥਾ ਗੁਆਚਦੀ ਜਾ ਰਹੀ ਹੈ। ਪਤਾ ਨਹੀਂ ਲੱਗ ਰਿਹਾ ਕਿ ਅਸੀਂ ਮੂਰਖ ਬਣ ਰਹੇ ਹਾਂ ਕਿ ਸਿਆਣੇ ਹੋ ਰਹੇ ਹਾਂ। ਇੰਟਰਨੈੱਟ ਨੇ ਸਾਡੀ ਪੜ੍ਹਨ ਅਤੇ ਯਾਦ ਰੱਖਣ ਦੀ ਆਦਤ ਨੂੰ ਪ੍ਰਭਾਵਿਤ ਕੀਤਾ ਹੈ। ਜੇ ਕੁਝ ਨਵਾਂ ਸਿੱਖਦੇ, ਵੇਖਦੇੇ, ਪੜ੍ਹਦੇ, ਸੁਣਦੇ, ਕਰਦੇ ਰਹੋਗੇ ਤਾਂ ਯਾਦਸ਼ਕਤੀ ਜਵਾਨ ਰਹੇਗੀ ਅਤੇ ਮਿੱਠੀਆਂ ਯਾਦਾਂ, ਕਿਸੇ ਨਾਲ ਮੇਲ ਅਤੇ ਕੀਤੀਆਂ ਗੱਲਾਂ ਜ਼ਿੰਦਗੀ ਨੂੰ ਹੁੰਗਾਰਾ ਦਿੰਦੀਆਂ ਰਹਿਣਗੀਆਂ ਅਤੇ ਜ਼ਿੰਦਗੀ ਥੱਕੇਗੀ ਨਹੀਂ।

Leave a Reply

Your email address will not be published. Required fields are marked *