ਸੋਧ ਬਿੱਲ: ਕੈਪਟਨ ਨੇ ਕੇਂਦਰ ਨੂੰ ਵੰਗਾਰਿਆ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੁਣੌਤੀ ਦੇ ਸੁਰ ’ਚ ਮੁੜ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪਾਸ ਖੇਤੀ ਸੋਧ ਬਿੱਲਾਂ ਨੂੰ ਬਗ਼ਾਵਤ ਵਜੋਂ ਦੇਖਦੀ ਹੈ ਤਾਂ ਉਹ ਬਰਖ਼ਾਸਤ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਊਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਨ੍ਹਾਂ ਦੀ ਸਰਕਾਰ ਨੂੰ ਬਰਖ਼ਾਸਤ ਕਰਨਾ ਚਾਹੁੰਦੀ ਹੈ ਤਾਂ ਕਰ ਦੇਵੇ, ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਪ੍ਰੰਤੂੁ ਊਹ ਕਿਸਾਨਾਂ ਲਈ ਹਰ ਤਰ੍ਹਾਂ ਦੀ ਲੜਾਈ ਲੜਨਗੇ। ਮੁੱਖ ਮੰਤਰੀ ਨੇ ਇਜਲਾਸ ਸਮਾਪਤੀ ਮਗਰੋਂ ਉਮੀਦ ਪ੍ਰਗਟਾਈ ਕਿ ਰਾਜਪਾਲ ਅਤੇ ਰਾਸ਼ਟਰਪਤੀ ਵੱਲੋਂ ਕਿਸਾਨੀ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਰਾਜਪਾਲ ਬਿੱਲਾਂ ’ਤੇ ਦਸਤਖ਼ਤ ਕਰਕੇ ਰਾਸ਼ਟਰਪਤੀ ਨੂੰ ਲਾਜ਼ਮੀ ਤੌਰ ’ਤੇ ਭੇਜਣਗੇ। ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ (‘ਆਪ’) ਨੂੰ ਨਿਸ਼ਾਨੇ ’ਤੇ ਲੈਂਦਿਆਂ ਆਖਿਆ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਵੀ ਹੁਣ ਪੰਜਾਬ ਦੀ ਤਰਜ਼ ’ਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਬਿੱਲ ਲਿਆਊਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸਮਾਪਤੀ ਮਗਰੋਂ ਕਿਹਾ ਕਿ ਨਵੇਂ ਖੇਤੀ ਸੋਧ ਬਿੱਲ ਲਿਆਉਣ ਤੋਂ ਪੰਜਾਬ ਦੇ ਕਿਸਾਨ ਖੁਸ਼ ਹਨ, ਜਿਸ ਕਰਕੇ ਥਾਂ-ਥਾਂ ਲੱਡੂ ਵੰਡੇ ਗਏ ਹਨ ਅਤੇ ਪਟਾਕੇ ਚਲਾਏ ਗਏ ਹਨ।

ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਬਾਰੇ ਆਖਿਆ ਕਿ ਦੋਵੇਂ ਪਾਰਟੀਆਂ ਦੀ ਦੋਗਲੀ ਨੀਤੀ ਹੈ। ਲੰਘੇ ਕੱਲ੍ਹ ਦੋਵਾਂ ਪਾਰਟੀਆਂ ਨੇ ਖੇਤੀ ਸੋਧ ਬਿੱਲਾਂ ਨੂੰ ਸਦਨ ਦੇ ਅੰਦਰ ਅਤੇ ਬਾਹਰ ਹਮਾਇਤ ਦਿੱਤੀ ਅਤੇ ਅੱਜ ਦੋਵਾਂ ਦੀ ਬੋਲੀ ਹੀ ਬਦਲ ਗਈ ਹੈ ਜਦੋਂ ਕਿ ਕਿਸਾਨਾਂ ਨੇ ਇਨ੍ਹਾਂ ਬਿੱਲਾਂ ਬਾਰੇ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦੋਵੇਂ ਪਾਰਟੀਆਂ ਨੇ ਸਦਨ ਵਿਚ ਢਕਵੰਜ ਕੀਤਾ ਹੈ ਅਤੇ ਇਨ੍ਹਾਂ ਦੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਹੁਣ ਆਖ ਰਹੇ ਹਨ ਕਿ ਸਰਕਾਰ ਨੇ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਸੁਆਲ ਕੀਤਾ ਕਿ ਇਹ ਗੱਲ ਮਜੀਠੀਆ ਨੇ ਸਦਨ ਵਿਚ ਕਿਉਂ ਨਹੀਂ ਕਹੀ। ਊਨ੍ਹਾਂ ਕਿਹਾ ਕਿ ਅਸਲ ਵਿਚ ਇਹ ਧਿਰਾਂ ਪੰਜਾਬ ਸਰਕਾਰ ਦੇ ਉਪਰਾਲਿਆਂ ’ਤੇ ਪਾਣੀ ਫੇਰਨ ਲਈ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੀਆਂ ਹਨ।

ਤਿਉਹਾਰਾਂ ਮੌਕੇ ਮੁਸਾਫ਼ਰ ਗੱਡੀਆਂ ਨੂੰ ਛੋਟ ਦਿਓ: ਮੁੱਖ ਮੰਤਰੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਵੱਲੋਂ ਮਾਲ ਗੱਡੀਆਂ ਲੰਘਾਉਣ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਨੂੰ ਕੋਲੇ ਅਤੇ ਖਾਦ ਦੀ ਅਤਿ ਲੋੜੀਂਦੀ ਸਪਲਾਈ ਮਿਲ ਸਕੇਗੀ। ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਮੁਸਾਫ਼ਰ ਰੇਲਾਂ ’ਤੇ ਵੀ ਰੋਕਾਂ ਹਟਾਉਣ ਦੀ ਅਪੀਲ ਕੀਤੀ, ਕਿਉਂ ਜੋ ਖਾਸ ਕਰਕੇ ਤਿਉਹਾਰਾਂ ਮੌਕੇ ਹਜ਼ਾਰਾਂ ਪੰਜਾਬੀ ਸਫ਼ਰ ਕਰਦੇ ਹਨ।

ਕੈਪਟਨ ਵੱਲੋਂ ਵਿਧਾਇਕਾਂ ਨਾਲ ਮੀਟਿੰਗ

ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦਾ ਇਜਲਾਸ ਸਮਾਪਤ ਹੋਣ ਮਗਰੋਂ ਵਿਧਾਇਕਾਂ ਲਈ ਵਿਸ਼ੇਸ਼ ਲੰਚ ਦਾ ਪ੍ਰਬੰਧ ਕੀਤਾ ਗਿਆ। ਸਪੀਕਰ ਵਲੋਂ ਸਾਰੇ ਵਿਧਾਇਕਾਂ ਨੂੰ ਲੰਚ ਦਾ ਸੱਦਾ ਦਿੱਤਾ ਗਿਆ ਪ੍ਰੰਤੂ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੇ ਦੂਰੀ ਬਣਾ ਕੇ ਰੱਖੀ। ਲੰਚ ਮਗਰੋਂ ਕੈਪਟਨ ਨੇ ਪੰਜਾਬ ਭਵਨ ਵਿਚ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਕਿ ਉਹ ਖੇਤੀ ਸੋਧ ਬਿੱਲਾਂ ਦੇ ਪਿੰਡ ਪੱਧਰ ਤੱਕ ਪ੍ਰਚਾਰ ਲਈ ਆਪੋ ਆਪਣੇ ਹਲਕਿਆਂ ਵਿਚ ਜੁਟ ਜਾਣ।

‘ਕੈਪਟਨ ਨਾਟਕ ਕਰ ਰਹੇ ਨੇ’

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ‘ਨਾਟਕ’ ਕਰਨ ਦੇ ਦੋਸ਼ ਲਾਏ ਹਨ। ਕੇਜਰੀਵਾਲ ਨੇ ਟਵੀਟ ਕੀਤਾ, ‘‘ਰਾਜਾ ਸਾਹਿਬ, ਤੁਸੀਂ ਕੇਂਦਰ ਦੇ ਕਾਨੂੰਨਾਂ ਨੂੰ ਬਦਲਿਆ ਹੈ। ਕੀ ਰਾਜ ਕੇਂਦਰ ਦੇ ਕਾਨੂੰਨਾਂ ਨੂੰ ਬਦਲ ਸਕਦਾ ਹੈ? ਜਨਤਾ ਨੂੰ ਬੇਵਕੂਫ਼ ਬਣਾਇਆ ਹੈ। ਤੁਸੀਂ ਕੱਲ੍ਹ ਜੋ ਕਾਨੂੰਨ ਪਾਸ ਕੀਤੇ, ਕੀ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਐੱਮਐੱਸਪੀ (ਘੱਟੋ-ਘੱਟ ਸਮਰਥਕ ਮੁੱਲ) ਮਿਲੇਗਾ? ਕਿਸਾਨਾਂ ਨੂੰ ਘੱਟੋ-ਘੱਟ ਸਮਰਥਕ ਮੁੱਲ ਚਾਹੀਦਾ ਹੈ, ਤੁਹਾਡੇ ਜਾਅਲੀ ਤੇ ਝੂਠੇ ਕਾਨੂੰਨ ਨਹੀਂ।’’ ਦੱਸਣਯੋਗ ਹੈ ਕਿ ‘ਆਪ’ ਦੀ ਪੰਜਾਬ ਇਕਾਈ ਨੇ ਕੈਪਟਨ ਸਰਕਾਰ ਵੱਲੋਂ ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਖੇਤੀ ਕਾਨੂੰਨ ਨੂੰ ਲੈ ਕੇ ਸਵਾਲ ਉਠਾਏ ਹਨ। ‘ਆਪ’ ਨੇ ਵਿਸ਼ੇਸ਼ ਇਜਲਾਸ ਦੌਰਾਨ ਖੇਤੀ ਬਾਰੇ ਕੇਂਦਰੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ‘ਆਪ’ ਵਿਧਾਇਕਾਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਤਿੰਨਾਂ ਖੇਤੀ ਬਿੱਲਾਂ ਨੂੰ ਹਮਾਇਤ ਦਿੰਦਿਆਂ ਇੱਕੋ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਪੰਜਾਬ ਸਰਕਾਰ ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ’ਤੇ ਸਰਕਾਰੀ ਖ਼ਰੀਦ ਕਾਨੂੰਨੀ ਦਾਇਰੇ ਵਿਚ ਲਿਆਵੇ।

‘ਤੁਸੀਂ ਕਿਸਾਨਾਂ ਨਾਲ ਜਾਂ ਖਿ਼ਲਾਫ਼’

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਸੁਆਲ ਕੀਤਾ ਕਿ ਊਹ ਕਿਸਾਨਾਂ ਦੇ ਨਾਲ ਹਨ ਜਾਂ ਊਨ੍ਹਾਂ ਦੇ ਖ਼ਿਲਾਫ਼। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਖੇਤੀ ਸੋਧ ਬਿੱਲਾਂ ਦੇ ਸੰਵਿਧਾਨਕ ਤੇ ਕਾਨੂੰਨੀ ਉਪਬੰਧਾਂ ਨੂੰ ਬਿਨਾਂ ਪੜਚੋਲੇ ਹੀ ਉਂਗਲ ਉਠਾਈ ਹੈ। ਉਨ੍ਹਾਂ ਕੇਜਰੀਵਾਲ ਵੱਲੋਂ ਕੀਤੇ ਟਵੀਟ ਦੇ ਜਵਾਬ ’ਚ ਕਿਹਾ ਕਿ ਕੇਜਰੀਵਾਲ ਸਾਡੇ ਬਿੱਲਾਂ ’ਤੇ ਸਮਰਥਨ ਕਰਨ ਦਾ ਦਿਖਾਵਾ ਕਰਨ ਦੀ ਬਜਾਏ ਕਿਸਾਨਾਂ ਦੇ ਹੱਕਾਂ ਲਈ ਸੂਬਾ ਸਰਕਾਰ ਦੀ ਲੜਾਈ ਵਿੱਚ ਸਾਥ ਦੇਣ। ਉਨ੍ਹਾਂ ਕੇਜਰੀਵਾਲ ਨੂੰ ਕਿਹਾ, ‘‘ਗੇਂਦ ਹੁਣ ਤੁਹਾਡੇ ਪਾਲੇ ਵਿੱਚ ਹੈ ਕਿ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਖੜ੍ਹਦੇ ਹੋ ਜਾਂ ਵਿਰੋਧ ਵਿੱਚ।’’

Leave a Reply

Your email address will not be published. Required fields are marked *