ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮਾਂ ’ਤੇ ਹਮਲਾ

ਟਾਂਡਾ : ਪਿੰਡ ਜਲਾਲਪੁਰ ਵਿੱਚ ਮਾਸੂਮ ਬੱਚੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਬੱਚੀ ਦੀ ਲਾਸ਼ ਬੀਤੀ ਸ਼ਾਮ ਇਤਰਾਜ਼ਯੋਗ ਹਾਲਤ ਵਿਚ ਮਿਲੀ ਸੀ। ਪੀੜਤ ਦੀ ਮਾਂ ਨੇ ਦੱਸਿਆ ਕਿ ਊਸ ਨੇ ਜਦੋਂ ਆਪਣੀ ਲੜਕੀ ਦੀ ਭਾਲ ਦੌਰਾਨ ਸੁਰਪ੍ਰੀਤ ਸਿੰਘ ਨੂੰ ਪੁੱਛਿਆ ਤਾਂ ਊਸ ਨੇ ਪਸ਼ੂਆਂ ਦੇ ਸ਼ੈੱਡ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪਸ਼ੂਆਂ ਦੇ ਸ਼ੈੱਡ ਵਿੱਚ ਆਪਣੇ ਆਪ ਨੂੰ ਅੱਗ ਲਾ ਲਈ ਸੀ ਤੇ ਉਹ ਮਰ ਗਈ ਹੈ। ਮ੍ਰਿਤਕ ਦੇ ਮਾਪਿਆਂ ਵੱਲੋਂ ਮਿਲੀ ਸੂਚਨਾ ’ਤੇ ਥਾਣਾ ਟਾਂਡਾ ਦੇ ਐੱਸਐੱਚਓ ਬਿਕਰਮ ਸਿੰਘ ਨੇ ਬੋਰੀ ਵਿਚ ਪਾਈ ਮ੍ਰਿਤਕਾ ਦੀ ਅੱਧ ਸੜੀ ਲਾਸ਼ ਬਰਾਮਦ ਕੀਤੀ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਪੁਲੀਸ ਨੇ ਅੱਜ ਮੁਲਜ਼ਮ ਸੁਰਪ੍ਰੀਤ ਸਿੰਘ ਅਤੇ ਉਸ ਦੇ ਦਾਦੇ ਸੁਰਜੀਤ ਸਿੰਘ ਦਾ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਊਣਾ ਸੀ। ਇਸ ਦੀ ਭਿਣਕ ਮਿਲਦਿਆਂ ਘਟਨਾ ਦਾ ਵਿਰੋਧ ਕਰ ਰਹੇ ਦਲਿਤ ਭਾਈਚਾਰੇ ਦੇ ਨੌਜਵਾਨਾਂ ਵਿੱਚੋਂ ਕੁਝ ਨੇ ਮੁਲਜ਼ਮਾਂ ’ਤੇ ਹਮਲਾ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਕੋਈ ਸਖ਼ਤ ਸਜ਼ਾ ਦਿਵਾਊਣ ਲਈ ਕੁਝ ਨਹੀਂ ਕਰਨਾ ਇਸ ਲਈ ਊਨ੍ਹਾਂ ਨੂੰ ਲੋਕਾਂ ਦੇ ਹਵਾਲੇ ਕਰਨਾ ਚਾਹੀਦਾ ਹੈ। ਇਸੇ ਦੌਰਾਨ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਸ਼ਹਿਰ ਵਿੱਚ ਲੋਕ ਇਨਕਲਾਬ ਮੰਚ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਦੋਆਬਾ ਕਿਸਾਨ ਕਮੇਟੀ, ਦਲਿਤ ਭਾਈਚਾਰੇ ਦੀਆਂ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ 29 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

ਦਰਿੰਦਗੀ ਦਾ ਸ਼ਿਕਾਰ ਹੋਈ ਬਾਲੜੀ ਦਾ ਅੱਜ ਬਿਆਸ ਦਰਿਆ ਕੰਢੇ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਪੁਲੀਸ ਕਰਮਚਾਰੀ ਮੌਜੂਦ ਸਨ। ਇਸ ਦੌਰਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਤੇ ਐੱਸਡੀਐੱਮ ਦਸੂਹਾ ਰਣਦੀਪ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਵੱਲੋਂ ਕੀਤੀ ਜਾਣ ਵਾਲੀ 8 ਲੱਖ ਰੁਪਏ ਦੀ ਵਿੱਤੀ ਮਦਦ ਵਿੱਚੋਂ 4 ਲੱਖ ਰੁਪਏ ਦਾ ਚੈੱਕ ਦਿੱਤਾ।

ਚਲਦੀ ਕਾਰ ਵਿੱਚ ਸਮੂਹਿਕ ਜਬਰ-ਜਨਾਹ

ਲੁਧਿਆਣਾ : ਸ਼ਹਿਰ ਵਿਚ ਜਨਮ ਦਿਨ ਦੀ ਪਾਰਟੀ ਵਿਚ ਆਈ ਔਰਤ ਨਾਲ ਦੋ ਮੁਲਜ਼ਮਾਂ ਨੇ ਚਲਦੀ ਕਾਰ ਵਿਚ ਜਬਰ-ਜਨਾਹ ਕੀਤਾ। ਮੁਲਜ਼ਮ ਸ਼ਹਿਰ ਦੇ ਪੌਸ਼ ਇਲਾਕੇ ਵਿਚ ਔਰਤ ਨੂੰ ਕਾਰ ਵਿਚ ਲੈ ਕੇ ਘੁੰਮਦੇ ਰਹੇ ਤੇ ਸਵੇਰੇ ਤਿੰਨ ਵਜੇ ਉਸ ਨੂੰ ਐਕਟਿਵਾ ਕੋਲ ਸੁੱਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅੱਜ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਪਹਿਲਾਂ ਉਹ ਇੱਕ ਹੋਟਲ ’ਚ ਕੰਮ ਕਰਦੀ ਸੀ। ਉੱਥੇ ਉਸ ਦੀ ਪਛਾਣ ਮੁਲਜ਼ਮ ਪ੍ਰਸ਼ਾਂਤ ਸ਼ੁਕਲਾ ਨਾਲ ਹੋ ਗਈ। 21 ਅਕਤੂਬਰ ਦੀ ਰਾਤ ਨੂੰ ਪ੍ਰਸ਼ਾਂਤ ਨੇ ਉਸ ਨੂੰ ਦੋਸਤ ਦੇ ਜਨਮ ਦਿਨ ਦੀ ਪਾਰਟੀ ਬਹਾਨੇ ਸੱਦਿਆ ਸੀ। ਉਹ ਐਕਟਿਵਾ ਲੈ ਕੇ ਫਿਰੋਜ਼ਪੁਰ ਰੋਡ ਸਥਿਤ ਅਹਾਤੇ ’ਤੇ ਪੁੱਜ ਗਈ। ਰਾਤ ਨੂੰ ਜਦੋਂ ਊਹ ਘਰ ਜਾਣ ਲੱਗੀ ਤਾਂ ਮੁਲਜ਼ਮ ਰੋਹਿਤ ਨੇ ਉਸ ਨੂੰ ਪ੍ਰਸ਼ਾਂਤ ਦੀ ਕਾਰ ਵਿਚ ਸੁੱਟ ਲਿਆ। ਮੁਲਜ਼ਮ ਕਰੀਬ ਸਵੇਰੇ ਤਿੰਨ ਵਜੇ ਤਕ ਉਸ ਨੂੰ ਕਾਰ ’ਚ ਲੈ ਕੇ ਰਾਜਗੁਰੂ ਨਗਰ ਦੀਆਂ ਗਲੀਆਂ ’ਚ ਘੁੰਮਦੇ ਰਹੇ ਤੇ ਉਸ ਨਾਲ ਕਈ ਵਾਰ ਜਬਰਦਸਤੀ ਕੀਤੀ। ਊਨ੍ਹਾਂ ਪੀੜਤਾ ਨੂੰ ਚੁੱਪ ਰਹਿਣ ਲਈ ਧਮਕਾਇਆ ਵੀ ਸੀ। ਉਸ ਨੇ ਮੋਬਾਈਲ ਰਾਹੀਂ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਊਸ ਨੇ ਵੀਰਵਾਰ ਨੂੰ ਪੁਲੀਸ ਨੂੰ ਪੂਰੇ ਬਿਆਨ ਦਰਜ ਕਰਵਾਏ। ਜਾਂਚ ਅਧਿਕਾਰੀ ਐੱਸ.ਐੱਚ.ਓ. ਮਧੂ ਬਾਲਾ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *