ਰੇਲਗੱਡੀ

ਫ਼ੌਜੀ ਲਾਮ ਨੂੰ ਚੱਲੇ: ਜਿਹਲਮ ਦੇ ਜੰਮਪਲ਼ ਪਰਾਣ ਨਾਥ ਮਾਗੋ (1923-2006) ਦਾ 1945 ਵਿਚ ਚਿਤਰਿਆ ਗੁੱਜਰਖ਼ਾਨ ਰੇਲ ਟੇਸ਼ਣ

ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ – ਕਵੀਸ਼ਰ ਕਰਨੈਲ ਸਿੰਘ ਪਾਰਸ

ਫ਼ਰੰਗੀਆਂ ਨੇ ਸੰਨ 1870 ਵਿਚ ਹੀ ਕਲਕੱਤਿਓਂ ਪਿਸ਼ਾਵਰ ਤਾਈਂ ਜਰਨੈਲੀ ਸੜਕ ਦੇ ਬਰੋ-ਬਰਾਬਰ ਜਰਨੈਲੀ ਰੇਲ ਵੀ ਵਿਛਾ ਦਿੱਤੀ ਸੀ। ਸੰਨ 1920ਆਂ ਤਕ ਪੰਜਾਬ ਵਿਚ 660 ਰੇਲ ਟੇਸ਼ਣ ਬਣ ਚੁੱਕੇ ਸਨ। ਰੇਲ ਪਿੰਡ ਨੂੰ ਸ਼ਹਿਰ ਨਾਲ਼, ਗ਼ੁਰਬਤ ਨੂੰ ਖ਼ੁਸ਼ਹਾਲੀ ਨਾਲ਼ ਮੇਲਣ ਵਾਲ਼ੀ ਸੰਗਯਾ ਤੇ ਕਿਰਿਆ ਬਣ ਗਈ। ਪੰਧ ਸੌਖੇ ਹੋ ਗਏ।

ਅਜੋਕੇ ਮਸ਼ੀਨੀ ਜੁਗ ਦੀ ਨਿਸ਼ਾਨੀ ਰੇਲਗੱਡੀ ਨਾਲ਼ ਪੰਜਾਬੀਆਂ ਦਾ ਸਾਕ ਦੁਖਾਵਾਂ ਹੈ। ਹਜ਼ਾਰਹਾ ਪੰਜਾਬੀਆਂ ਦੇ ਪਰਵਾਸ ਦੀ ਪਹਿਲੀ ਸਵਾਰੀ ਰੇਲਗੱਡੀ ਹੁੰਦੀ ਸੀ। ਗੱਡੀ ਵਿਛੋੜਾ ਪਾਉਂਦੀ ਹੈ, ਮੇਲ਼ਦੀ ਬਹੁਤ ਘਟ। ਪੰਜਾਬੀ ਮਨ ਵਿਚ ਰੇਲਗੱਡੀ ਬੰਗਾਲੀ ਫ਼ਿਲਮਾਂ ਵਾਲ਼ੀ ਬੱਚੇ ਦੇ ਖਿਡੌਣੇ ਹਾਰ ਨਹੀਂ, ਇਹ ਦੁਖਾਂਤ ਦਾ ਮੌਤ ਦੇ ਦੇਵਤੇ ਯਮਰਾਜ ਦੇ ਵਾਹਨ ਦਾ ਚਿੰਨ੍ਹ ਹੈ। ਪਿਛਲੀਂ ਸਦੀ ਦੀ ਲੋਕਬਾਣੀ ਵਿਚ ਰੇਲਗੱਡੀ ਦੇ ਅਨੇਕ ਹਵਾਲੇ ਮਿਲ਼ਦੇ ਹਨ। ਪੰਜਾਬਣ ਫ਼ਰੰਗੀ ਹਾਕਮਾਂ ਦੇ ਨਾਲ਼ ਗੱਡੀ ਨੂੰ ਵੀ ਸਰਾਪ ਦਿੰਦੀ ਹੈ – ਟੁੱਟ ਜਾਏਂ ਨੀ ਰੇਲ ਗੱਡੀਏ, ਤੇਰਾ ਇੰਜਣ ਹੁਲਾਰੇ ਖਾਵੇ/ ਰੋਕੋ ਨੀ ਕੁੜੀਓ ਮੇਰਾ ਢੋਲ ਲਾਮ ਨੂੰ ਜਾਵੇ…। ਇਹ ਰੇਲਗੱਡੀਆਂ ਇਕ ਲੱਖ ਪੰਜਾਬੀ ਫ਼ੌਜੀਆਂ ਨੂੰ ਪਰਦੇਸੀਂ ਜੰਗ ਦੇ ਮੂੰਹ ਢੋਅ ਕੇ ਲੈ ਕੇ ਗਈਆਂ ਸਨ, ਜਿਹੜੇ ਮੁੜ ਘਰੀਂ ਨਹੀਂ ਪਰਤੇ। ਇਸ ਮਹਾਨ ਦੁਖਾਂਤ ਦਾ ਇੱਕੋ-ਇਕ ਚਿਤ੍ਰ ਫ਼ੇਅਰਵੈੱਲ ਪਰਾਣ ਨਾਥ ਮਾਗੋ ਨੇ ਬਣਾਇਆ ਸੀ। ਹੋਰ ਕੋਈ ਪੰਜਾਬੀ ਫ਼ਿਲਮ ਨਹੀਂ ਹੈ; ਹੋਰ ਕੋਈ ਪੰਜਾਬੀ ਚਿਤ੍ਰਕਾਰ ਫ਼ੋਟੋਕਾਰ ਨਹੀਂ, ਜਿਹਨੇ ਰੇਲਗੱਡੀ ਚਿਤਰੀ ਹੋਵੇ। ਸਾਹਿਤ ਵਿਚ ਵੀ ਇਹਦਾ ਹਵਾਲਾ ਦੁਰਲਭ ਹੈ। ਦੋ ਕਲਾਸਕੀ ਮਿਸਾਲਾਂ ਹਨ: ਸੰਨ 22 ਵਿਚ ਪੰਜਾ ਸਾਹਿਬ ਹਸਨ ਅਬਦਾਲ ਵਿਚ ਦੀ ਲੰਘਦੀ ਰੇਲਗੱਡੀ ਨੂੰ ਹਿੱਕ ਡਾਹ ਕੇ ਰੋਕਣ ਵਾਲ਼ੇ ਸਿੰਘਾਂ ਦੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਸ਼ਾਹਾਕਾਰ ਕਹਾਣੀ ਕਰਾਮਾਤ ਤੇ ਸੰਤਾਲ਼ੀ ਦੀ ਭੀਸ਼ਮ ਸਾਹਣੀ ਦੀ ਕਹਾਣੀ ਅਮ੍ਰਿਤਸਰ ਆ ਗਿਆ ਹੈ। ਸੋਹਣ ਸਿੰਘ ਸੀਤਲ ਦੀ ਕਵੀਸ਼ਰੀ ਨੇ ਇਹ ਦਿਲ-ਚੀਰਵੇਂ ਬੋਲ ਪੰਜਾ ਸਾਹਿਬ ਦੇ ਸਾਕੇ ਵੇਲੇ ਦੇ ਸ਼ਹੀਦਾਂ ਬਾਰੇ ਲਿਖੇ: ਖੜ੍ਹ ਗੀ ਖੜ੍ਹ ਗੀ ਖੜ੍ਹ ਗੀ/ ਸਿੰਘਾਂ ਦੀ ਰੱਤ ਵੇਖ ਕੇ ਗੱਡੀ ਖੜ੍ਹ ਗੀ। ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਰੇਲਗੱਡੀ ਨੂੰ ਜੀਵਨ-ਮ੍ਰਿਤਯੂ ਦਾ ਚਿੰਨ੍ਹ ਬਣਾ ਦਿੱਤਾ: ਜੱਗ ਜੰਕਸ਼ਨ ਰੇਲਾਂ ਦਾ / ਗੱਡੀ ਇਕ ਆਵੇ ਇਕ ਜਾਵੇ।

ਲੁਧਿਆਣੇ ਕੋਲ਼ ਦੇ ਪਿੰਡ ਲੁਹਾਰਾਂ ਦੇ ਵਸਨੀਕ ਉਦਾਸੀ ਪੰਥ ਦੇ ਸਾਧੂ ਈਸ਼ਰਦਾਸ ਨੇ ‘ਕਿੱਸਾ ਰੇਲ ਦਾ’ ਲਿਖਿਆ ਸੀ। ਰੇਲ ਗੱਡੀ ਦਾ ਕੌਤਕ ਉਹਦੇ ਸਾਹਮਣੇ ਵਾਪਰਿਆ ਸੀ। ਅਕਤੂਬਰ 1869 ਵਿਚ ਲੁਧਿਆਣਿਓਂ ਅੰਬਾਲ਼ੇ ਤਕ ਪਹਿਲੀ ਵਾਰ ਚੱਲੀ ਰੇਲ ਵਿਚ ਇਹਨੇ ਝੂਟੇ ਵੀ ਲਏ ਸੀ।

  • ਅਮਰਜੀਤ ਚੰਦਨ

ਕਿੱਸਾ ਰੇਲ ਦਾ
ਈਸ਼ਰ ਦਾਸ (ਉਨ੍ਹੀਵੀਂ ਸਦੀ)
ਹੋ ਗਿਆ ਤਿਆਰ ਪਿੱਛੇ ਗੱਡੀਆਂ ਦੀ ਲਾਰ
ਪਹਿਲਾਂ ਆਈ ਖ਼ਬਰ ਤਾਰ ਹੁਸ਼ਿਆਰ ਖ਼ਬਰਦਾਰੀ ਹੈ।
ਸੱਦ ਕੇ ਮੁਸਾਫ਼ਰਾਂ ਨੂੰ ਟਿਕਟ ਫੜਾਏ ਹੱਥ
ਤਾਕੀ ਖੋਲ੍ਹ ਕਹੇਂ: ਚੜ੍ਹੋ ਜਹਾਂ ਮਰਜ਼ੀ ਤੁਮ੍ਹਾਰੀ ਹੈ।
ਜਹਾਂ ਜਹਾਂ ਜਾਣਾ ਤਾਂਹੀਂ ਤਾਹੀਂ ਕਾ ਟਿਕਟ ਮਿਲੇ
ਸੰਭਲਕੇ ਬੈਠੇ ਰਹੋ ਅੱਵਲ ਉਡਾਰੀ ਹੈ।
ਸੁਕਾਟਾ ਮਾਰੇ ਜ਼ੋਰ ਦਾ, ਬੱਦਲ਼ ਜਿਵੇਂ ਘੇਰਦਾ ਹੈ
ਸ਼ੋਰ ਸੁਨ ਮੋਰ ਮਨ ਕਹਿਓ ਘਟਾ ਕਾਰੀ ਹੈ।੧੧।
ਬੰਬੇ ਪਾਣੀ ਪਾਇਆ ਤਾਉ ਅੱਗ ਦਾ ਮਚਾਇਆ।
ਸੀਟੀ ਮਾਰ ਕੇ ਸੁਣਾਯਾ ਅੰਗਰੇਜ਼ੀ ਰੇਲ ਚੱਲੀ ਹੈ।
ਘੰਟਾ ਬਾਬੂ ਨੇ ਬਜਾਯਾ ਹੱਥ ਟਿਕਟ ਫੜਾਯਾ
ਤਾਕੀ ਖੋਲ੍ਹ ਕੇ ਬਿਠਾਯਾ ਜੱਗ ਜਾਣਦਾ ਤਸੱਲੀ ਹੈ।
ਜਦੋਂ ਦੂਜੀ ਸੀਟੀ ਮਾਰੀ ਹੋ ਗਈ ਤੁਰਨ ਦੀ ਤਿਯਾਰੀ
ਪਰਦੇਸਣ ਵਿਚਾਰੀ ਪੈਹਲਾਂ ਹੌਲੀ ਹੌਲੀ ਹੱਲੀ ਹੈ।
ਹੋਈ ਜਾ ਜੜਾਕ ਦੜਾਕ ਪੈ ਗਿਆ ਸੁਕਾਟ
ਇੱਕੋ ਵਾਰੀ ਈਸ਼ਰਦਾਸ ਕਲ ਫੇਰ ਕੇ ਦਬੱਲੀ ਹੈ।੧੨।
ਪੈਣ ਚਮਕਾਰੇ ਜਿਵੇਂ ਚਮਕਣ ਤਾਰੇ
ਉਠੇ ਧੂੰਏਂ ਗੁਬਾਰੇ ਜੈਸੇ ਫੱਗਣ ਦੀ ਹੋਰੀ ਹੈ।
ਢੁਕ ਕੇ ਨਜ਼ੀਕ ਚੀਕ ਮਾਰਦੀ ਬਲੰਦ ਕਰ
ਜਾਇਕੇ ਪੜਾਉ ਵਿਚ ਲੀਕ ਲੀਕ ਟੋਰੀ ਹੈ।
ਖੈਂਚ ਖੈਂਚ ਕਾਂਟਿਆਂ ਨੂੰ ਘੰਟਿਆਂ ਨੂੰ ਠੋਰ ਠੋਰ
ਤੋਰ ਤੋਰ ਇੰਞਣ ਲਿਆਂਵਦਾ ਜੋ ਬੋਰੀ ਹੈ।
ਤੁਰੇ ਕਲਕੱਤਿਓਂ ਪਸ਼ੌਰ ਜਾਏ ਇਕ ਦਿਨ
ਦੇਖ ਲੈ ਈਸ਼ਰਦਾਸਾ ਕੈਸੀ ਜਾਦੂਖ਼ੋਰੀ ਹੈ।੧੪।
ਤੁਰੀ ਜਾ ਦਮੱਕ ਪਈ ਧਰਤੀ ਧਮੱਕ ਪਈ
ਅਗਨੀ ਚਮੱਕ ਪਈ ਕਿਤੇ ਨਾ ਅਟੱਕਦੀ।
ਪਹਿਲਾਂ ਅਟਕ ਮਟਕ ਫੇਰ ਸਟਕ ਸਟਕ ਚੱਲੀ
ਫਟਕ ਫਟਕ ਚੌਂਕੀ ਲੰਘ ਗਈ ਫਟੱਕਦੀ।
ਪਹਿਲਾਂ ਹਰਨ ਹਰਨ ਫੇਰ ਸਰਨ ਸਰਨ ਚਲੀ
ਗਰਨ ਗਰਨ ਗਰਜਾਈ ਜਾ ਝਟੱਕਦੀ।
ਹੌਲੀ ਹੌਲੀ ਚੱਲੀ ਕਲਾ ਫੇਰ ਕੇ ਦਬੱਲੀ ਦੇਖ
ਆਈ ਹੈ ਈਸ਼ਰਦਾਸਾ ਮੁਹਰਨ ਕਟਕ ਦੀ।੧੫।
ਪਿੰਡੋ ਪਿੰਡ ਲੰਘ ਰੇਲ ਆਈ ਹੈ ਪੰਜਾਬ ਦੇਸ
ਘਰੋ ਘਰੀ ਦਿੱਲੀ ਵਿਚ ਤੁਰੀਆਂ ਕਹਾਣੀਆਂ।
ਸੁਣਕੇ ਪਠਾਣ ਨੱਠੇ ਜਾਣ ਰੇਲ ਦੇਖਣੇ ਨੂੰ
ਮਹਿਲਾਂ ਉੱਤੇ ਚੜ੍ਹ ਕਰ ਦੇਖਣ ਪਠਾਣੀਆਂ।
ਰਾਜ਼ੀ ਹੋਏ ਦੇਖ ਰਾਜਪੂਤ ਸੀ ਮੁਗ਼ਲਾਂ ਨਾਲ
ਦੇਖਣ ਝਰੋਖੇ ਥਾਣੀਂ ਸੱਭੋ ਮੁਗ਼ਲਾਣੀਆਂ।
ਰਾਜਿਆਂ ਨੇ ਦੇਖ ਕੇ ਸਲਾਮ ਕੀਤੀ ਗੋਰਿਆਂ ਨੂੰ
ਦੇਖ ਕੇ ਅਚੰਭੇ ਗਈਆਂ ਮਹਿਲਾਂ ਦੀਆਂ ਰਾਣੀਆਂ।੧੯।
(ਸ੍ਰੋਤ: ਉਨ੍ਹੀਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ, 1993, ਨਈ ਦਿੱਲੀ: ਨੈਸ਼ਨਲ ਬੁੱਕ ਟਰੱਸਟ, ਇੰਡੀਆ)


ਗੱਡੀ
ਸੁਰਿੰਦਰ ਕੌਰ ਚਾਹਲ
ਗੱਡੀ ਜਾ ਰਹੀ ਹੈ
ਛੋਟੇ ਛੋਟੇ ਪਿੰਡਾਂ
ਖੇਤਾਂ ਨੂੰ ਪਿੱਛੇ ਛਡਦੀ
ਖੇਤਾਂ ਵਿਚ ਧੁੰਦ ਫੈਲੀ ਹੈ
ਹਵਾ ਵਿਚ ਧੂੰਏਂ ਦੀ ਗੰਧ
ਹਾਲੀ ਪਾਲੀ ਅੱਗ ਬਾਲ਼
ਹੱਥ ਸੇਕ ਰਹੇ ਹਨ
ਪਿੰਡਾਂ ਦੀਆਂ ਰੂੜੀਆਂ ’ਤੇ ਰੌਣਕ ਹੈ
ਗੋਹਾ ਕੂੜਾ ਕਰਦੀਆਂ ਜ਼ਨਾਨੀਆਂ ਦੀ
ਗੁਹਾਰਿਆਂ ਕੋਲ਼ ਪਾਥੀਆਂ
ਪੱਥਦੀਆਂ ’ਥੱਲਦੀਆਂ ਕੁੜੀਆਂ ਦੀ
ਗੋਹਾ ਫੋਲ਼ਦੇ ਕੁੱਕੜ ਕੁੱਕੜੀਆਂ ਦੀ
ਹੱਥ ਹਿਲਾਉਂਦੇ ਰੌਲ਼ਾ ਪਾਉਂਦੇ ਬੱਚੇ
ਗੱਡੀ ਦੇ ਨਾਲ਼ ਭੱਜਦੇ ਹਨ
ਗੱਡੀ ਚੀਕਾਂ ਮਾਰਦੀ
ਜਾਂਦੀ ਹੈ ਦਗੜ ਦਗੜ ਕਰਦੀ


ਰੇਲਗੱਡੀ ਦੇ ਮੁਸਾਫ਼ਿਰ

ਅਮਰਜੀਤ ਚੰਦਨ
ਚਲਦੀ ਰੇਲਗੱਡੀ ਚ ਮੁਸਾਫ਼ਿਰ ਸੁੱਤੇ ਪਏ ਹਨ
ਨੀਲੀ ਬੱਤੀ ਦੀ ਜਾਗਦੀ ਲੋਅ ਵਿਚ ਇੰਜ ਲਗਦੇ ਹਨ
ਜਿਵੇਂ ਡੱਬੇ ਚ ਕੱਚ ਦੀਆਂ ਮੂਰਤਾਂ ਰੂੰ ਵਿਚ ਰੱਖੀਆਂ ਹੋਣ
ਟੁੱਟਣ ਦੇ ਡਰੋਂ
ਇਸ ਵੇਲੇ ਮੁਸਾਫ਼ਿਰਾਂ ਨੂੰ ਟੁੱਟਣ ਦਾ ਡਰ ਨਹੀਂ
ਸੁਪਨੇ ਵਿਚ ਹੁਣ ਇਹ ਪਟੜੀ ਦੇ ਨੱਠੇ ਜਾਂਦੇ ਡੱਬੇ ਚ ਨਹੀਂ
ਕਿਤੇ ਹੋਰ ਹਨ
ਕਿਤੇ ਹੋਰ ਹੁੰਦਿਆਂ ਸਫ਼ਰ ਸੌਖਾ ਲੰਘ ਜਾਂਦਾ ਹੈ
ਚਲਦੀ ਰੇਲਗੱਡੀ ਚ ਮੁਸਾਫ਼ਿਰ ਸੁੱਤੇ ਪਏ ਹਨ

2
ਚਲਦੀ ਰੇਲਗੱਡੀ ਚ ਮੁਸਾਫ਼ਿਰ ਬੈਠੇ ਪੜ੍ਹ ਰਹੇ ਹਨ
ਗਾਚਨੀ ਰੰਗ ਦੀ ਲੋਅ ਵਿਚ ਇੰਜ ਲਗਦੇ ਹਨ
ਜਿਵੇਂ ਮੰਦਿਰ ਚ ਪੱਥਰ ਦੀਆਂ ਮੂਰਤੀਆਂ ਰੱਖੀਆਂ ਹੋਣ
ਮੌਤ ਦੇ ਡਰੋਂ
ਇਸ ਵੇਲੇ ਮੁਸਾਫ਼ਿਰਾਂ ਨੂੰ ਮੌਤ ਦਾ ਡਰ ਨਹੀਂ
ਕਿਤਾਬ ਪੜ੍ਹਦਿਆਂ ਹੁਣ ਇਹ ਪਟੜੀ ਦੇ ਨੱਠੇ ਜਾਂਦੇ ਡੱਬੇ ਚ ਨਹੀਂ
ਕਿਤੇ ਹੋਰ ਹਨ
ਕਿਤੇ ਹੋਰ ਹੁੰਦਿਆਂ ਸਫ਼ਰ ਸੌਖਾ ਲੰਘ ਜਾਂਦਾ ਹੈ
ਚਲਦੀ ਰੇਲਗੱਡੀ ਚ ਮੁਸਾਫ਼ਿਰ ਬੈਠੇ ਪੜ੍ਹ ਰਹੇ ਹਨ

3
ਚਲਦੀ ਰੇਲ ਗੱਡੀ ਚ ਬੈਠੇ ਮੁਸਾਫ਼ਿਰ ਮੂੰਹ ਚੁੱਕੀ ਝਾਕ ਰਹੇ ਹਨ
ਇਸ ਵੇਲੇ ਜਿਹੜੇ ਕਿਤੇ ਹੋਰ ਨਹੀਂ ਹਨ
ਉਨ੍ਹਾਂ ਦਾ ਸਫ਼ਰ ਔਖਾ ਲੰਘ ਰਿਹਾ ਹੈ
ਚਲਦੀ ਰੇਲਗੱਡੀ ਵਿਚ

ਰੇਲ ਗੱਡੀ
ਨਕੋਦਰ ਏਨੀ ਲੰਬੀ ਗੱਡੀ ਮੈਂ ਹੋਰ ਕਿਤੇ ਨਹੀਂ ਦੇਖੀ
ਏਨੀ ਲੰਬੀ ਜਿੰਨਾ ਨਕੋਦਰੋਂ ਜਲੰਧਰ
ਇਹ ਗੱਡੀ ਰੁਕਦੀ ਨਹੀਂ ਕਦੇ
ਪਹੀਏ ਘੁੰਮਦੇ ਓਸੇ ਥਾਂ ਆਉਂਦੇ ਰਹਿੰਦੇ ਹਨ
ਸ਼ੰਕਰ ਬੇਟਿਕਟਿਆਂ ਨੂੰ ਟੀਟੀ ਦੀ ਨਹੀਂ ਉਡੀਕ
ਫ਼ੈਕਟਰੀਆਂ ਦੇ ਮਜ਼ਦੂਰ ਗੱਲਾਂ ਕਰਦੇ ਖਿੱਝਦੇ ਹਨ
ਦਫ਼ਤਰੀ ਬਾਬੂ ਪੈਸੇ ਲਾ ਕੇ ਤਾਸ਼ ਖੇਡਦੇ ਹਨ
ਨਵੇਂ ਮੁਸਾਫ਼ਿਰ ਬੈਠੇ ਬਿਟ-ਬਿਟ ਦੇਖਦੇ ਹਨ
ਕਾਲਜ ਪੜ੍ਹਦੇ ਮੁੰਡੇ ਬਾਹਰ ਝਾਕਦੇ ਮੂਰਖ ਲਗਦੇ ਹਨ
ਜ਼ਨਾਨਾ ਡੱਬੇ ਚ ਬੈਠੀਆਂ ਕੁੜੀਆਂ ਕੁਮਲਾ ਰਹੀਆਂ ਹਨ
ਹਰ ਕੋਈ ਪਿਆਰ ਦਾ ਭੁੱਖਾ ਹੈ
ਥਾਬਲ਼ਕੇ ਥਾਬਲ਼ਕੇ ਨੇੜੇ ਗੱਡੀ ਸੁੱਕੀ ਵੇਂਈਂ ਦੇ ਪੁਲ਼ ’ਤੋਂ ਦੀ ਲੰਘਦੀ ਹੈ
ਤਾਂ ਟਿੱਬਿਆਂ ਦੇ ਪਾਰ ਡਰੇ ਹੋਏ ਹਿਰਣ ਦੌੜਨ ਲੱਗਦੇ ਹਨ
ਗੱਡੀ ਚੀਕ ਮਾਰਦੀ ਹੈ ਹਿਰਣਾਂ ਨੂੰ ਵਰਾਉਂਦੀ ਜਾਂ ਹੋਰ ਡਰਾਉਂਦੀ ਹੈ
ਡਰੈਵਰ ਬਲ਼ਦੇ ਕੋਲ਼ੇ ਸੁੱਟਦਾ ਹੈ
ਸਲਵਾੜ ਧੂ-ਧੂ ਬਲਣ ਲੱਗਦਾ ਹੈ
ਗੱਡੀ ਨੂੰ ਅੱਗ ਦੇ ਖੰਭ ਲਗ ਜਾਂਦੇ ਹਨ
ਜਮਸ਼ੇਰ ਟੇਸ਼ਣ ਲਾਗੇ ਬੱਚੇ ਤੇ ਕੁੱਤੇ ਗੱਡੀ ਨਾਲ਼ ਦੌੜ ਲਾਉਂਦੇ ਹਨ
ਤੇ ਛਿੱਥੇ ਪੈ ਕੇ ਰੁਕ ਜਾਂਦੇ ਹਨ
ਕੋਈ ਪਾਗਲ ਗੱਡੀ ਨੂੰ ਸਲੂਟ ਮਾਰਦਾ ਹੈ
ਜਲੰਧਰ ਗਾਰਡ ਹਰੀ ਝੰਡੀ ਦਿਖਾਉਂਦਾ ਸੀਟੀ ਵਜਾਉਂਦਾ ਹੈ
ਮੈਂ ਨੱਠ ਕੇ ਗੱਡੀ ਚੜ੍ਹਦਾ ਹਾਂ
ਗੱਡੀ ਜਾਂਦੀ ਰਹਿੰਦੀ ਹੈ ਇਸ ਰੁਕਣਾ ਨਹੀਂ ਕਦੇ


ਮੈਂ ਕਿੱਥੇ ਤੇ ਮੇਰਾ ਨਾਂ ਕਿੱਥੇ
ਮੋਨੀਕਾ ਕੁਮਾਰ
ਫੜਫੜਾਂਦਾ ਰਿਹਾ ਮੇਰਾ ਨਾਂ ਰੇਲ ਦੇ ਡੱਬੇ ’ਤੇ,
ਕੁਝ ਸਾਬਤ ਕੁਝ ਉਧੜ ਗਈ ਰੀਜ਼ਰਵ ਸੀਟਾਂ ਦੀ ਸੂਚੀ ਵਿਚ,
ਬੇਵਜਾਹ ਧੱਕੇ ਖਾਂਦਾ ਰਿਹਾ ਮੇਰਾ ਨਾਂ –
ਨਾਮ ਮੋਨੀਕਾ ਲਿੰਗ ਇਸਤਰੀ ਉਮਰ ਚਾਲੀ।
ਯਾਤਰਾ ’ਤੇ ਜਾਣਾ ਰਹਿ ਗਿਆ,
ਪਰ ਟਿਕਟ ਰੱਦ ਕਰਨ ਦਾ ਵਕਤ ਨਹੀਂ ਮਿਲ਼ਿਆ,
ਮਿੰਟ ਤਾਂ ਦੋ ਈ ਲਗਦੇ ਨੇ ਰੱਦ ਕਰਨ ਨੂੰ,
ਜਿਵੇਂ ਕਿ ਹਰ ਕੋਈ ਕਹਿੰਦਾ ਹੈ ਤੇ ਸੱਚ ਕਹਿੰਦਾ ਹੈ।
ਜੇ ਮੈਂ ਪਹੁੰਚਦੀ ਓਸ ਦਿਨ ਸਟੇਸ਼ਨ,
ਉਸ ਸੂਚੀ ਵਿਚ ਅਪਣਾ ਨਾਂ ਪੜ੍ਹ ਕੇ ਖ਼ੁਸ਼ ਹੋ ਜਾਂਦੀ,
ਭੀੜ ਵਾਲ਼ੇ ਮੈਲ਼ੇ ਸਟੇਸ਼ਨ ’ਤੇ ਮਿਲ਼ਦੀ,
ਸਟੀਕ ਤੇ ਦਰੁਸਤ ਇਬਾਰਤ –
ਨਾਮ ਮੋਨੀਕਾ ਲਿੰਗ ਇਸਤਰੀ ਉਮਰ ਚਾਲੀ।
ਸ਼ਾਇਦ ਮੇਰੀ ਸੀਟ ’ਤੇ ਕੋਈ ਹੋਰ ਯਾਤਰੀ ਬੈਠ ਗਿਆ ਹੋਵੇਗਾ,
ਮਨ ਹੀ ਮਨ ਸ਼ੁਕਰ ਮਨਾਉਂਦਾ,
ਉਹ ਅੱਜ ਯਾਤਰਾ ਕਰ ਰਹੇ ਲੋਕਾਂ ਦਾ ਹਮਸਫ਼ਰ ਹੈ,
ਜਿਨ੍ਹਾਂ ਯਾਤਰਾ ਕਰਨ ਦਾ ਸੋਚਿਆ ਤੇ ਹੁਣ ਰੇਲਗੱਡੀ ਚ ਬੈਠੇ ਹਨ।
ਮੈਂ ਅੱਜ ਉਨ੍ਹਾਂ ਦਾ ਹਮਸਫ਼ਰ ਹਾਂ,
ਜੋ ਸੋਚਦੇ ਕੁਝ
ਤੇ ਕਰਦੇ ਕੁਝ ਨੇ।
ਰੇਲ ਵਿਚ ਦਿਨ ਭਾਵੇਂ ਗਰਮ ਹੋਵਣ
ਰਾਤਾਂ ਠੰਢੀਆਂ ਹੋ ਜਾਂਦੀਆਂ ਹਨ।
ਰੇਲ ਪਹੁੰਚ ਰਹੀ ਹੋਵੇਗੀ ਅਪਣੇ ਮੁਕਾਮ ’ਤੇ,
ਸ਼ਹਿਰਾਂ ਦੇ ਫਾਟਕ ਲੰਘਦੀ ਤੇ ਪੁਲ਼ਾਂ ਨੂੰ ਪਾਰ ਕਰਦੀ,
ਸੌਂ ਚੁੱਕੇ ਹੋਣਗੇ ਥੱਕੇ-ਹਾਰੇ ਯਾਤਰੀ,
ਰੇਲ ਵਿਚ ਦਿਨ ਭਾਵੇਂ ਗਰਮ ਹੋਵਣ
ਰਾਤਾਂ ਠੰਢੀਆਂ ਹੋ ਜਾਂਦੀਆਂ ਹਨ।
ਮੈਂ ਬੇਚੈਨ ਹਾਂ ਏਥੇ ਅਨੀਂਦਰੇ ਚ,
ਉਦਾਸੀ ਨੇ ਬੇਵਜਹ ਘੇਰ ਰੱਖਿਆ ਹੈ,
ਫੜਫੜਾਂਦਾ ਰਿਹਾ ਮੇਰਾ ਨਾਂ ਰੇਲ ਦੇ ਡੱਬੇ ’ਤੇ,
ਨਾਮ ਮੋਨੀਕਾ ਲਿੰਗ ਇਸਤਰੀ ਉਮਰ ਚਾਲੀ।
ਸੰਜੋਗੀ: ਅਮਰਜੀਤ ਚੰਦਨ

Leave a Reply

Your email address will not be published. Required fields are marked *