ਕੈਪਟਨ ਦੀ ਰਿਹਾਇਸ਼ ਵੱਲ ਜਾਂਦੇ ਅਧਿਆਪਕਾਂ ਨਾਲ ਪੁਲੀਸ ਵੱਲੋਂ ਖਿੱਚ-ਧੂਹ

ਪਟਿਆਲਾ : ਰੁਜ਼ਗਾਰ ਪ੍ਰਾਪਤੀ ਲਈ ਜੂਝ ਰਹੇ ਬੇਰੁਜ਼ਗਾਰ ਅਧਿਆਪਕ ਜਦੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰਨ ਜਾਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਪਿੱਛੇ ਹੀ ਰੋਕ ਲਿਆ ਅਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਮਹਿਲਾ ਅਧਿਆਪਕਾਂ ਨੇ ਪੁਲੀਸ ’ਤੇ ਉਨ੍ਹਾਂ ਨੂੰ ਵਾਲਾਂ ਤੋਂ ਖਿੱਚਣ ਦੇ ਵੀ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ ਕੈਪਟਨ ਦੀ ਰਿਹਾਇਸ਼ ਅੱਗੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਜਾਣਾ ਸੀ ਪਰ ਉਥੇ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਨੇ ਸੰਘਰਸ਼ੀ ਕਾਰਕੁਨਾਂ ਦੀ ਅਜਿਹੀ ਮਨਸ਼ਾ ਨੂੰ ਸਿਰੇ ਨਾ ਚੜ੍ਹਨ ਦਿੱਤਾ।
ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਡੀਪੀਈ (873) ਅਧਿਆਪਕ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਉਲੀਕੇ ਗਏ ਸੰਘਰਸ਼ੀ ਪ੍ਰੋਗਰਾਮ ਹੇਠ ਅੱਜ ਜਿਉਂ ਹੀ ਦੋਵੇਂ ਜਥੇਬੰਦੀਆਂ ਦੇ ਬੇਰੁਜ਼ਗਾਰ ਅਧਿਆਪਕ ਬਾਰਾਂਦਰੀ ਤੋਂ ਪੈਲੇਸ ਵੱਲ ਵਧੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਫੁਹਾਰਾ ਚੌਕ ’ਤੇ ਲਾਏ ਬੈਰੀਕੇਡਾਂ ’ਤੇ ਰੋਕ ਲਿਆ। ਅਜਿਹੇ ਮਗਰੋਂ ਇਹ ਕਾਰਕੁਨ ਜਦੋਂ ਛੋਟੀ ਬਾਰਾਂਦਰੀ ਵਿਚਲੇ ਰਸਤੇ ਰਾਹੀਂ ਪੈਲੇਸ ਵੱਲ ਜਾਣ ਲਈ ਨਿਕਲੇ ਤਾਂ ਪੁਲੀਸ ਨੇ ਫਿਰ ਇਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਬੇਰੁਜ਼ਗਾਰ ਕਾਰਕੁਨਾਂ ਨੇ ਜਦੋਂ ਜਬਰੀ ਅੱਗੇ ਜਾਣਾ ਚਾਹਿਆ ਤਾਂ ਦੋਹਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਾਰਕੁਨਾਂ ਨੇ ਦੋਸ਼ ਲਾਇਆ ਕਿ ਕੁਝ ਮਹਿਲਾ ਅਧਿਆਪਕਾਂ ਦੇ ਵਾਲ ਖਿੱਚ ਕੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ ਗਈ। ਆਖ਼ਿਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੁਤਲੇ ਫੂਕੇ ਜਾਣ ਮਗਰੋਂ ਮਾਮਲਾ ਸ਼ਾਂਤ ਹੋਇਆ ਅਤੇ ਪ੍ਰਸ਼ਾਸਨ ਨੇ ਦੋਵਾਂ ਯੂਨੀਅਨਾਂ ਦੀ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 27 ਅਕਤੂਬਰ ਦੀ ਪੈਨਲ-ਮੀਟਿੰਗ ਤੈਅ ਕਰਵਾਈ।
ਇਸ ਦੌਰਾਨ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੇ 873 ਅਸਾਮੀਆਂ ਦੀ ਉਮਰ ਹੱਦ ਵਿੱਚ ਛੋਟ ਦੇ ਕੇ 1000 ਪੋਸਟਾਂ ਦਾ ਵਾਧਾ ਕਰਨ ਦੀ ਮੰਗ ਕੀਤੀ। ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਨ੍ਹਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਇਸ ਮੌਕੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਬੇਰੁਜ਼ਗਾਰ ਡੀਪੀਈ (873) ਅਧਿਆਪਕ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਘੁਮਾਣ, ਹਰਬੰਸ ਸਿੰਘ ਬਰਨਾਲਾ, ਨਵੀਨ ਗੁਰਦਾਸਪੁਰ, ਹਰਦੀਪ ਪਾਤੜਾਂ ਸਮੇਤ ਹੋਰਾਂ ਨੇ ਸੰਬੋਧਨ ਕੀਤਾ।