ਭਾਰਤ-ਅਮਰੀਕਾ 2+2 ਵਾਰਤਾ ਅੱਜ

ਨਵੀਂ ਦਿੱਲੀ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਤੇ ਰੱਖਿਆ ਮੰਤਰੀ ਮਾਰਕ ਟੀ.ਐਸਪਰ ਭਾਰਤ ਦੇ ਆਪਣੇ ਹਮਰੁਤਬਾਵਾਂ ਨਾਲ 2+2 ਸੰਵਾਦ ਲਈ ਅੱਜ ਨਵੀਂ ਦਿੱਲੀ ਪੁੱਜ ਗਏ। ਮੰਗਲਵਾਰ ਨੂੰ ਹੋਣ ਵਾਲੇ ਮੰਤਰੀ ਪੱਧਰ ਦੇ ਇਸ ਤੀਜੇ ਸੰਵਾਦ ਦੌਰਾਨ ਦੋਵਾਂ ਮੁਲਕਾਂ ਦੇ ਆਗੂ ਦੁਵੱਲੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਹੁਲਾਰੇ ਦੇ ਨਾਲ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸਹਿਯੋਗ ਵਧਾਉਣ ਜਿਹੇ ਮੁੱਦਿਆਂ ’ਤੇ ਚਰਚਾ ਕਰਨਗੇ। ਉਂਜ ਐਸਪਰ ਨੇ ਭਲਕ ਦੇ ਰਸਮੀ 2+2 ਸੰਵਾਦ ਤੋਂ ਪਹਿਲਾਂ ਅੱਜ ਇਥੇ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਸਾਊਥ ਬਲਾਕ ਵਿੱਚ ਮੀਟਿੰਗ ਕੀਤੀ। ਦੋਵਾਂ ਆਗੂਆਂ ਨੇ ਰੱਖਿਆ ਤੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਸਮੇਤ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਦੇ ਮੁੱਦੇ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਨੂੰ ਰਾਇਸੀਨਾ ਹਿੱਲ ਦੇ ਦੱਖਣੀ ਬਲਾਕ ਦੇ ਬਾਹਰ ਫੌਜ ਦੀਆਂ ਤਿੰਨ ਟੁਕੜੀਆਂ ਨੇ ਗਾਰਡ ਆਫ਼ ਆਨਰ ਦਿੱਤਾ। ਉਧਰ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਵੀ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੌਂਪੀਓ ਨਾਲ ਮੁਲਾਕਾਤ ਕਰਕੇ ਸਾਂਝੇ ਹਿੱਤਾਂ ਵਾਲੇ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਦੌਰਾਨ ਪੌਂਪੀਓ ਤੇ ਐਸਪਰ ਦੀ ਭਾਰਤ ਫੇਰੀ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਖੇਤਰੀ ਤੇ ਆਲਮੀ ਤਾਕਤ ਵਜੋਂ ਭਾਰਤ ਦੇ ਉਭਾਰ ਦਾ ਸਵਾਗਤ ਕੀਤਾ ਹੈ। ਪੌਂਪੀਓ ਤੇ ਐਸਪਰ ਮੰਗਲਵਾਰ ਨੂੰ 2+2 ਸੰਵਾਦ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਰੱਖਿਆ ਤੇ ਸੁਰੱਖਿਆ ਸਬੰਧਾਂ ਦਾ ਘੇਰਾ ਵਧਾਉਣ ਅਤੇ ਅਹਿਮ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ ਚਰਚਾ ਕਰਨਗੇ। ਭਾਰਤ ਤੇ ਅਮਰੀਕਾ ਦਰਮਿਆਨ ਮੰਤਰੀ ਪੱਧਰ ਦੀ ਇਹ ਗੱਲਬਾਤ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫ਼ੌਜਾਂ ਦੇ ਆਹਮੋ ਸਾਹਮਣੇ ਹੋਣ ਕਰਕੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਕਸ਼ੀਦਗੀ ਜਾਰੀ ਹੈ। ਭਲਕੇ 2+2 ਸੰਵਾਦ ਦੌਰਾਨ ਇਸ ਮੁੱਦੇ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਪੌਂਪੀਓ ਤੇ ਐਸਪਰ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲਣਗੇ।

ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ-ਚੀਨ ਸਰਹੱਦੀ ਤਣਾਅ, ਦੱਖਣੀ ਚੀਨ ਸਾਗਰ ਵਿੱਚ ਚੀਨੀ ਫੌਜ ਦੀ ਵਧਦੀ ਹੱਠਧਰਮੀ ਤੇ ਪੇਈਚਿੰਗ ਵੱਲੋਂ ਹਾਂਗ ਕਾਂਗ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਵਰਤੇ ਢੰਗ ਤਰੀਕੇ ਸਮੇਤ ਹੋਰ ਕਈ ਵਿਵਾਦਿਤ ਮੁੱਦਿਆਂ ਨੂੰ ਲੈ ਕੇ ਚੀਨ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਭਾਰਤ-ਅਮਰੀਕਾ 2+2 ਵਾਰਤਾ ਦੌਰਾਨ ਦੁਵੱਲੇ ਰੱਖਿਆ ਸਬੰਧਾਂ ਨੂੰ ਹੁਲਾਰਾ ਦੇਣ ਲਈ ‘ਬੈਕਾ’ (ਬੁਨਿਆਦੀ ਤਬਾਦਲਾ ਤੇ ਸਹਿਯੋਗ ਕਰਾਰ), ਜੋ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਹੈ, ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਭਾਰਤ-ਅਮਰੀਕਾ 2+2 ਮੰਤਰੀ ਪੱਧਰ ਦਾ ਸੰਵਾਦ ਪਿਛਲੇ ਸਾਲ ਦਸੰਬਰ ਵਿੱਚ ਵਾਸ਼ਿੰਗਟਨ ਵਿੱਚ ਹੋਇਆ ਸੀ।

Leave a Reply

Your email address will not be published. Required fields are marked *