ਮੱਕਾ ਦੀ ਮਸਜਿਦ ਦੇ ਗੇਟਾਂ ’ਚ ਸਾਊਦੀ ਵਿਅਕਤੀ ਨੇ ਕਾਰ ਨਾਲ ਟੱਕਰ ਮਾਰੀ

ਦੁਬਈ : ਇੱਥੇ ਸ਼ੁੱਕਰਵਾਰ ਦੇਰ ਰਾਤ ਇਕ ਵਿਅਕਤੀ ਨੇ ਤੇਜ਼ ਰਫ਼ਤਾਰ ਕਾਰ ਮੱਕਾ ਦੀ ਵੱਡੀ ਮਸਜਿਦ (ਗ੍ਰੈਂਡ ਮੌਸਕ) ਦੇ ਬਾਹਰਲੇ ਗੇਟਾਂ ਵਿਚ ਮਾਰ ਦਿੱਤੀ। ਦੇਸ਼ ਦੇ ਸਰਕਾਰੀ ਮੀਡੀਆ ਮੁਤਾਬਕ ਸਾਊਦੀ ਮੂਲ ਦੇ ਵਿਅਕਤੀ ਨੇ ਰਾਤ ਕਰੀਬ 10.30 ਵਜੇ ਕਾਰ ਪਹਿਲਾਂ ਬੈਰੀਅਰ ਵਿਚ ਮਾਰੀ ਤੇ ਜਦ ਤੱਕ ਇਹ ਦੱਖਣ ਵਾਲੇ ਪਾਸਿਓਂ ਮਸਜਿਦ ਦੇ ਗੇਟਾਂ ਵਿਚ ਨਹੀਂ ਵੱਜੀ, ਉਸ ਨੇ ਕਾਰ ਚਲਾਉਣੀ ਜਾਰੀ ਰੱਖੀ। ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਕਾਰ ਵਿਚਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ‘ਦਿਮਾਗੀ ਹਾਲਤ’ ਠੀਕ ਨਹੀਂ ਲੱਗ ਰਹੀ। ਹਾਲੇ ਗ੍ਰਿਫ਼ਤਾਰ ਵਿਅਕਤੀ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਨੁਕਸਾਨੀ ਗਈ ਕਾਰ ਨੂੰ ਹਟਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਗ੍ਰੈਂਡ ਮਸਜਿਦ’ ਦੇ ਅੰਦਰ ਕਾਬਾ ਹੈ ਜਿਸ ਵੱਲ ਮੂੰਹ ਕਰ ਕੇ ਮੁਸਲਮਾਨ ਭਾਈਚਾਰਾ ਦਿਨ ਵਿਚ ਪੰਜ ਵਾਰ ਨਮਾਜ਼ ਅਦਾ ਕਰਦਾ ਹੈ।