ਪੱਕਾ ਧਰਨਾ ਲਾਈ ਬੈਠੇ ਬੇਰੁਜ਼ਗਾਰ ਅਧਿਆਪਕ ਪੁਲੀਸ ਨੇ ਖਦੇੜੇ

ਪਟਿਆਲਾ : ਇੱਥੇ ਸਰਹਿੰਦ ਰੋਡ ਨੇੜੇ ਸਥਿਤ ਟੈਂਕੀ ਕੋਲ ਪੱਕਾ ਧਰਨਾ ਲਗਾ ਕੇ ਬੈਠੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਨੂੰ ਅੱਜ ਪੁਲੀਸ ਨੇ ਖਦੇੜ ਦਿੱਤਾ। ਇਸ ਦੌਰਾਨ ਪੁਲੀਸ ਨੇ ਪੰਜ ਸੰਘਰਸ਼ਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਟੈਂਟ ਸਮੇਤ ਹੋਰ ਸਾਮਾਨ ਜ਼ਬਤ ਕਰ ਲਿਆ।

ਜਾਣਕਾਰੀ ਅਨੁਸਾਰ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਹਾਸਲ ਕਰਨ ਲਈ ਪਿਛਲੇ 47 ਦਿਨਾਂ ਤੋਂ ਪਟਿਆਲਾ ਵਿੱਚ ਪੱਕਾ ਧਰਨਾ ਲਗਾ ਕੇ ਬੈਠੇ ਹਨ ਪਰ ਅੱਜ ਤੜਕੇ ਪੁਲੀਸ ਨੇ ਪੱਕੇ ਮੋਰਚੇ ’ਤੇ ਬੈਠੇ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਲਿਆ। ਹਿਰਾਸਤ ’ਚ ਲਏ ਗਏ ਪੰਜ ਕਾਰਕੁਨਾਂ ’ਚ ਸੂਬਾ ਪ੍ਰਧਾਨ ਜਗਸੀਰ ਸਿੰਘ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਧਰਨਾਕਾਰੀਆਂ ਦਾ ਟੈਂਟ ਤੇ ਹੋਰ ਸਾਮਾਨ ਕਬਜ਼ੇ ’ਚ ਲੈ ਲਿਆ। ਉਪਰੰਤ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਜਦੋਂ ਤ੍ਰਿਪੜੀ ਥਾਣੇ ਅੱਗੇ ਇਕੱਠੀਆਂ ਹੋਈਆਂ ਤਾਂ ਪੁਲੀਸ ਨੇ ਹਿਰਾਸਤ ਵਿੱਚ ਲਏ ਬੇਰੁਜ਼ਗਾਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਕੇ ਜ਼ਬਤ ਕੀਤਾ ਟੈਂਟ ਅਤੇ ਹੋਰ ਸਾਮਾਨ ਵੀ ਵਾਪਸ ਕਰ ਦਿੱਤਾ। ਇਸ ਤੋਂ ਇਲਾਵਾ ਪਿਛਲੇ ਦਿਨੀਂ ਕਾਰਕੁਨਾਂ ’ਤੇ ਦਰਜ ਕੀਤੇ ਗਏ ਕੇਸ ਰੱਦ ਕਰਨ ਅਤੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ।

ਸੰਘਰਸ਼ੀ ਆਗੂ ਹਰਬੰਸ ਤੇ ਗੋਲਡੀ ਬਰਨਾਲਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੋਰਚੇ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ 6 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਏਗਾ। ਇਸ ਮੌਕੇ ਪੰਜਾਬ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਨਦਾਮਪੁਰ, ਬੇਰੁਜ਼ਗਾਰ ਅਧਿਆਪਕ ਆਗੂ ਰਣਬੀਰ ਨਦਾਮਪੁਰ ਹਾਜ਼ਰ ਸਨ।  

Leave a Reply

Your email address will not be published. Required fields are marked *