ਲੁਟੇਰਿਆਂ ਨੇ ਏਐੱਸਆਈ ਦੀ ਗੋਲੀ ਮਾਰ ਕੇ ਹੱਤਿਆ ਕੀਤੀ

ਤਰਨ ਤਾਰਨ : ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਨੇ ਇਲਾਕੇ ਦੇ ਪਿੰਡ ਕੱਕਾ ਕੰਡਿਆਲਾ ਨੇੜੇ ਪੰਜਾਬ ਪੁਲੀਸ ਦੇ ਏਐੱਸਆਈ ਗੁਰਦੀਪ ਸਿੰਘ ਗੋਲੀ (56) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਲੁਟੇਰਿਆਂ ਨੇ ਊਸ ਦੇ ਲੜਕੇ ਮਨਪ੍ਰੀਤ ਸਿੰਘ (19) ਨੂੰ ਜ਼ਖ਼ਮੀ ਕਰ ਦਿੱਤਾ| ਮਨਪ੍ਰੀਤ ਨੂੰ ਇਥੋਂ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਜਿਥੇ ਉਸ ਨੂੰ ਅੱਜ ਸਵੇਰ ਵੇਲੇ ਛੁੱਟੀ ਦੇ ਦਿੱਤੀ ਗਈ| ਗੁਰਦੀਪ ਸਿੰਘ ਇਥੋਂ ਦੀ ਪੁਲੀਸ ਲਾਈਨ ਦੇ ਕੁਆਰਟਰਾਂ ਵਿੱਚ ਰਹਿੰਦਾ ਸੀ| ਰਾਤ ਸਮੇਂ ਪੇਟ ਵਿੱਚ ਦਰਦ ਹੋਣ ’ਤੇ ਉਹ ਆਪਣੇ ਲੜਕੇ ਨਾਲ ਮੋਪੇਡ ’ਤੇ ਕੱਕਾ ਕੰਡਿਆਲਾ ਤੋਂ ਦਵਾਈ ਲੈਣ ਲਈ ਗਿਆ ਸੀ| ਰਾਹ ਵਿੱਚ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਮੋਪੇਡ ਚਲਾ ਰਹੇ ਮਨਪ੍ਰੀਤ ਸਿੰਘ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਦਿੱਤੀ ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਗਿਆ| ਲੁਟੇਰਿਆਂ ਨੇ ਉਸ ਦੀ ਜੇਬ ਵਿੱਚੋਂ ਉਸ ਦਾ ਮੋਬਾਈਲ ਅਤੇ 1,000 ਰੁਪਏ ਕੱਢ ਲਏ| ਇਸ ਦੌਰਾਨ ਏਐੱਸਆਈ ਗੁਰਦੀਪ ਸਿੰਘ ਨੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ| ਸਾਥੀ ਨੂੰ ਘਿਰਿਆ ਦੇਖ ਕੇ ਦੂਜੇ ਲੁਟੇਰੇ ਨੇ ਗੁਰਦੀਪ ਸਿੰਘ ਨੂੰ ਆਪਣੇ ਦੇਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਜਿਹੜੀ ਉਸ ਦੀ ਛਾਤੀ ਵਿੱਚ ਲੱਗੀ| ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ| ਵਾਰਦਾਤ ਉਪਰੰਤ ਲੁਟੇਰੇ ਕੱਕਾ ਕੰਡਿਆਲਾ ਪਿੰਡ ਵੱਲ ਫਰਾਰ ਹੋ ਗਏ| ਡੀਐੱਸਪੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਮੁੱਢਲੀ ਜਾਂਚ ਕਰਦਿਆਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਇਕੱਤਰ ਕੀਤੀ ਹੈ ਜਿਸ ਵਿੱਚ ਦੋ ਲੁਟੇਰਿਆਂ ਦੀ ਹਰਕਤ ਦਿਖਾਈ ਦਿੱਤੀ ਹੈ| ਉਨ੍ਹਾਂ ਕਿਹਾ ਕਿ ਰਾਤ ਦਾ ਸਮਾਂ ਹੋਣ ਕਰਕੇ ਲੁਟੇਰਿਆਂ ਦੀਆਂ ਤਸਵੀਰਾਂ ਸਾਫ਼ ਨਹੀਂ ਆਈਆਂ| ਮਨਪ੍ਰੀਤ ਸਿੰਘ ਨੇ ਕਿਹਾ ਕਿ ਲੁਟੇਰਿਆਂ ਦੇ ਹਮਲੇ ਮਗਰੋਂ ਉਹ ਬੇਹੋਸ਼ ਹੋ ਗਿਆ ਸੀ। ਜਦੋਂ ਊਸ ਨੂੰ ਹੋਸ਼ ਆਇਆ ਤਾਂ ਆਸ ਪਾਸ ਦੇ ਲੋਕਾਂ ਨੂੰ ਸਹਾਇਤਾ ਲਈ ਬੇਨਤੀ ਕੀਤੀ ਪਰ ਕਿਸੇ ਨੇ ਵੀ ਊਸ ਦੀ ਬਾਂਹ ਨਹੀਂ ਫੜੀ। ਊਹ ਖੁਦ ਹੀ ਥਾਣੇ ਗਿਆ ਅਤੇ ਪੁਲੀਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ| 

Leave a Reply

Your email address will not be published. Required fields are marked *