ਧਰਨਿਆਂ ’ਚ ਮੌਤਾਂ: ਕਿਸਾਨ ਸੰਘਰਸ਼ ਅੱਗੇ ਝੁਕੀ ਸਰਕਾਰ

ਮਾਨਸਾ/ਸੰਗਰੂਰ : ਭਾਕਿਯੂ (ਏਕਤਾ) ਉਗਰਾਹਾਂ ਦੇ ਝੰਡੇ ਹੇਠ ਪਿਛਲੇ 19 ਦਿਨ ਤੋਂ ਮਾਨਸਾ ਦੇ ਡੀਸੀ ਦਫ਼ਤਰ ਅਤੇ 11 ਦਿਨਾਂ ਤੋਂ ਸੰਗਰੂਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਮੁਕੰਮਲ ਘਿਰਾਓ ਕਰ ਕੇ ਪੱਕੇ ਮੋਰਚੇ ’ਤੇ ਡਟੇ ਕਿਸਾਨਾਂ ਦਾ ਸੰਘਰਸ਼ ਅੱਜ ਜੇਤੂ ਹੋ ਨਿੱਬੜਿਆ। ਦੋਵੇਂ ਥਾਈਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਕੇ ਧਰਨਾਕਾਰੀਆਂ ਦੀਆਂ ਮੰਗਾਂ ਪ੍ਰਵਾਨ ਕਰਦਿਆਂ ਅੱਜ ਪਰਿਵਾਰਾਂ ਨੂੰ ਪੰਜ-ਪੰਜ ਲੱਖ ਦੇ ਚੈੱਕ ਧਰਨਾ ਸਥਾਨਾਂ ’ਤੇ ਜਾ ਕੇ ਸੌਂਪੇ ਅਤੇ ਬਾਕੀ ਦੇ ਪੰਜ-ਪੰਜ ਲੱਖ ਮ੍ਰਿਤਕਾਂ ਦੇ ਅੰਤਿਮ ਅਰਦਾਸ ਸਮਾਗਮ ’ਚ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਦੋਵਾਂ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਲਈ ਕੇਸ ਬਣਾ ਕੇ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।

ਜ਼ਿਕਰਯੋਗ ਹੈ ਕਿ ਮਾਤਾ ਤੇਜ ਕੌਰ 9 ਅਕਤੂਬਰ ਨੂੰ ਬੁਢਲਾਡਾ ਰੇਲਵੇ ਸਟੇਸ਼ਨ ’ਤੇ ਧਰਨੇ ਦੌਰਾਨ ਪੈਰ ਤਿਲਕਣ ਕਾਰਨ ਰੇਲ ਪਟੜੀ ’ਤੇ ਡਿੱਗ ਪਈ ਸੀ, ਜਿਸ ਕਾਰਨ ਊਸ ਦੀ ਮੌਕੇ ’ਤੇ ਮੌਤ ਹੋ ਗਈ ਸੀ। ਊਸ ਦਿਨ ਤੋਂ ਮਾਤਾ ਦੀ ਦੇਹ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਰੱਖੀ ਹੋਈ ਸੀ। ਕਿਸਾਨ ਜਥੇਬੰਦੀ ਵੱਲੋਂ 13 ਅਕਤੂਬਰ ਤੋਂ ਡੀਸੀ ਦਫ਼ਤਰ ਦਾ ਘਿਰਾਓ ਅਤੇ ਡੀਸੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ, ਜੋ ਅੱਜ ਸਮਝੌਤੇ ਮਗਰੋਂ ਖ਼ਤਮ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਪੁਲੀਸ ਦੇ ਡੀਐੱਸਪੀ ਗੁਰਮੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਮਾਤਾ ਤੇਜ ਕੌਰ ਦੇ ਪੁੱਤਰ ਮਿੱਠੂ ਸਿੰਘ ਨੂੰ ਸਮਝੌਤੇ ਤਹਿਤ 3 ਲੱਖ ਦਾ ਚੈੱਕ ਅਤੇ 2 ਲੱਖ ਨਕਦ ਸੌਂਪੇ। ਇਸ ਮੌਕੇ ਅਧਿਕਾਰੀਆਂ ਨੇ ਕਰਜ਼ਾ ਮੁਆਫ਼ੀ ਅਤੇ ਨੌਕਰੀ ਲਈ ਕੀਤੀ ਸਿਫ਼ਾਰਸ਼ ਦੀ ਲਿਖਤੀ ਕਾਪੀ ਵੀ ਦਿੱਤੀ।

ਦੂਜੇ ਪਾਸੇ ਸੰਗਰੂਰ ਵਿੱਚ ਅੱਜ ਕਿਸਾਨਾਂ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ ਜ਼ਿਲ੍ਹੇ ਵਿੱਚ ਕਈ ਥਾਈਂ ਮੰਤਰੀ, ਵਿਧਾਇਕ ਅਤੇ ਕਾਂਗਰਸੀ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ। ਕਿਸਾਨ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ 22 ਅਕਤੂਬਰ ਤੋਂ ਚੱਲ ਰਹੇ ਪੱਕੇ ਮੋਰਚੇ ’ਚ ਪੁੱਜ ਕੇ ਮ੍ਰਿਤਕ ਕਿਸਾਨ ਮੇਘ ਰਾਜ ਨਾਗਰੀ ਦੇ ਪੁੱਤਰ ਬਲਕਾਰ ਸਿੰਘ ਨੂੰ ਪੰਜ ਲੱਖ ਦਾ ਚੈੱਕ ਸੌਂਪਿਆ। ਊਨ੍ਹਾਂ ਬਾਕੀ ਪੰਜ ਲੱਖ ਭੋਗ ਮੌਕੇ ਦੇਣ ਅਤੇ ਨੌਕਰੀ ਤੇ ਕਰਜ਼ਾ ਮੁਆਫ਼ੀ ਸਬੰਧੀ ਕੇਸ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।

ਜ਼ਿਕਰਯੋਗ ਹੈ ਕਿ ਕਿਸਾਨ ਮੇਘ ਰਾਜ ਨਾਗਰੀ ਦੀ 9 ਅਕਤੂਬਰ ਨੂੰ ਬੇਨੜਾ ਰਿਲਾਇੰਸ ਪੰਪ ਅੱਗੇ ਧਰਨੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੋਵੇਂ ਥਾਈਂ ਮੰਗਾਂ ਪ੍ਰਵਾਨ ਹੋਣ ਮਗਰੋਂ ਘਿਰਾਓ ਖਤਮ ਕਰਨ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਚੱਲ ਰਿਹਾ ਸੰਘਰਸ਼ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦੇਰ ਸ਼ਾਮ ਪੋਸਟਮਾਰਟਮ ਮਗਰੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਮਾਤਾ ਤੇਜ ਕੌਰ ਅਤੇ ਮੇਘ ਰਾਜ ਦਾ ਸਸਕਾਰ ਕਾਫ਼ਲੇ ਦੇ ਰੂਪ ਵਿੱਚ ਕੀਤਾ ਗਿਆ।

Leave a Reply

Your email address will not be published. Required fields are marked *