ਅਮਰੀਕਾ ਚੋਣਾਂ: ‘ਸਮੋਸਾ ਕਾਕਸ’ ਦੀ ਮੁੜ ਜਿੱਤ

ਵਾਸ਼ਿੰਗਟਨ : ਡੈਮੋਕ੍ਰੈਟਿਕ ਪਾਰਟੀ ਦੇ ਚਾਰੇ ਭਾਰਤੀ-ਅਮਰੀਕੀ ਕਾਨੂੰਨਸਾਜ਼ ਡਾ. ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ  ਮੁੜ ਅਮਰੀਕਾ ਦੇ ਹਾਊਸ ਆਫ ਰੀਪ੍ਰਜ਼ੈਂਟੇਟਿਵਜ਼ (ਹੇਠਲੇ ਸਦਨ) ਲਈ ਚੋਣ ਜਿੱਤ ਗਏ ਹਨ। 

ਕ੍ਰਿਸ਼ਨਾਮੂਰਤੀ ਵਲੋਂ ਇਨ੍ਹਾਂ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਦੇ ਗੈਰ-ਰਸਮੀ ਸਮੂਹ ਨੂੰ ‘ਸਮੋਸਾ ਕਾਕਸ’ ਦਾ ਨਾਂ ਦਿੱਤਾ ਗਿਆ ਸੀ, ਜਿਸ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਤਾਜ਼ਾ ਰਿਪੋਰਟਾਂ ਅਨੁਸਾਰ ਭਾਰਤੀ ਮੂਲ ਦੀ ਡਾ. ਹੀਰਲ ਟਿਪਰਨੇਨੀ ਨੇ ਆਪਣੇ ਰਿਪਬਲਿਕਨ ਵਿਰੋਧੀ ਡੇਵਿਡ ਸੈਸ਼ਵਿਕੇਤ ਤੋਂ ਐਰੀਜ਼ੋਨਾ ਦੇ ਛੇਵੇਂ ਚੁਣਾਵੀ ਜ਼ਿਲ੍ਹੇ ਤੋਂ ਲੀਡ ਬਣਾਈ ਹੋਈ ਹੈ। ‘ਸਮੋਸਾ ਕਾਕਸ’ ਵਿੱਚ ਇਸ ਵੇਲੇ ਇਹ ਚਾਰ ਕਾਨੂੰਨਸਾਜ਼ ਅਤੇ ਸੈਨੇਟਰ ਕਮਲਾ ਹੈਰਿਸ ਸ਼ਾਮਲ ਹਨ।  

ਰਾਜਾ ਕ੍ਰਿਸ਼ਨਾਮੂਰਤੀ (47) ਨੇ ਕੁੱਲ ਵੋਟਾਂ ’ਚੋਂ ਕਰੀਬ 71 ਫ਼ੀਸਦ ਵੋਟਾਂ ਪ੍ਰਾਪਤ ਕਰਕੇ ਲਿਬਰਟੇਰੀਅਨ ਪਾਰਟੀ ਦੇ ਪ੍ਰੈਸਟਨ ਨੈਲਸਨ (30) ਨੂੰ ਆਸਾਨੀ ਨਾਲ ਮਾਤ ਦਿੱਤੀ ਹੈ। 

ਰੋ ਖੰਨਾ (44) ਨੇ ਰਿਪਬਲਿਕਨ ਪਾਰਟੀ ਦੇ ਭਾਰਤੀ-ਅਮਰੀਕੀ ਊਮੀਦਵਾਰ ਰਿਤੇਸ਼ ਟੰਡਨ (48) ਨੂੰ ਕੈਲੀਫੋਰਨੀਆ ਦੇ 17ਵੇਂ ਚੁਣਾਵੀ ਜ਼ਿਲ੍ਹੇ ਵਿੱਚ 50 ਫ਼ੀਸਦ ਤੋਂ ਵੱਧ ਅੰਕਾਂ ਦੇ ਫ਼ਰਕ ਨਾਲ ਅਸਾਨੀ ਨਾਲ ਹਰਾਇਆ। ਇਹ ਊਨ੍ਹਾਂ ਦੀ ਲਗਾਤਾਰ ਤੀਜੀ ਵਾਰ ਜਿੱਤ ਹੈ। ਡਾ. ਅਮੀ ਬੇਰਾ (55) ਨੇ ਕੈਲੀਫੋਰਨੀਆ ਦੇ ਸੱਤਵੇਂ ਚੁਣਾਵੀ ਜ਼ਿਲ੍ਹੇ ਵਿੱਚ 25 ਫ਼ੀਸਦ ਤੋਂ ਵੰਧ ਅੰਕਾਂ ਨਾਲ ਆਪਣੇ ਰਿਪਬਲਿਕਨ ਵਿਰੋਧੀ ਬੱਜ਼ ਪੈਟਰਸਨ ਨੂੰ ਹਰਾਇਆ। ਊਨ੍ਹਾਂ ਨੇ ਇਸ ਜ਼ਿਲ੍ਹੇ ਤੋਂ ਲਗਾਤਾਰ ਪੰਜਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ। ਇਸੇ ਦੌਰਾਨ ਡੈਮੋਕ੍ਰੇਟਿਕ ਊਮੀਦਵਾਰ ਸ੍ਰੀ ਪ੍ਰੈਸਟਨ ਕੁਲਕਰਨੀ (42) ਟੈਕਸਸ ਦੇ 22ਵੇਂ ਚੁਣਾਵੀ ਜ਼ਿਲ੍ਹੇ ਤੋਂ ਚੋਣ ਹਾਰ ਗਏ ਹਨ। -ਪੀਟੀਆਈ 

69 ਫ਼ੀਸਦ ਮੁਸਲਮਾਨ ਬਾਇਡਨ ਦੇ ਹੱਕ ਵਿੱਚ ਭੁਗਤੇ: ਐਗਜ਼ਿਟ ਪੋਲ   

ਨਿਊਯਾਰਕ: ਮੁਸਲਮਾਨਾਂ ਦੇ ਹੱਕਾਂ ਬਾਰੇ ਅਮਰੀਕੀ ਸੰਸਥਾ ਵਲੋਂ ਕੀਤੇ ਸਰਵੇਖਣ ਅਨੁਸਾਰ ਕਰੀਬ 69 ਫ਼ੀਸਦ ਮੁਸਲਿਮ ਵੋਟਰਾਂ ਨੇ ਡੈਮੋਕ੍ਰੈਟਿਕ ਊਮੀਦਵਾਰ ਜੋਅ ਬਾਇਡਨ ਨੂੰ ਵੋਟ ਪਾਈ ਹੈ ਜਦਕਿ 17 ਫ਼ੀਸਦ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੱਕ ਵਿੱਚ ਭੁਗਤੇ ਹਨ। ਦਿ ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ (ਸੀਏਆਈਆਰ) ਵਲੋਂ ਮੰਗਲਵਾਰ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਸਬੰਧੀ ਮੁਸਲਿਮ ਵੋਟਰਾਂ ਬਾਰੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕੀਤੇ ਗਏ। ਇਸ ਐਗਜ਼ਿਟ ਪੋਲ ਅਨੁਸਾਰ 844 ਮੁਸਲਿਮ ਵੋਟਰ ਘਰਾਂ ਵਿਚੋਂ ਕਰੀਬ 84 ਫ਼ੀਸਦ ਨੇ ਅਮਰੀਕੀ ਚੋਣਾਂ ਵਿੱਚ ਵੋਟ ਪਾਈ, ਜਿਨ੍ਹਾਂ ’ਚੋਂ 69 ਫ਼ੀਸਦ ਨੇ ਬਾਇਡਨ ਦਾ ਸਾਥ ਦਿੱਤਾ ਅਤੇ 17 ਫ਼ੀਸਦ ਟਰੰਪ ਦੇ ਹੱਕ ਵਿੱਚ ਭੁਗਤੇ। ਊਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਰੀਬ 10 ਲੱਖ ਅਮਰੀਕੀ ਮੁਸਲਿਮ ਵੋਟਰਾਂ ਨੇ ਆਪਣੇ ਵੋਟ ਪਾਊਣ ਦੇ ਅਧਿਕਾਰ ਦੀ ਵਰਤੋਂ ਕੀਤੀ।

Leave a Reply

Your email address will not be published. Required fields are marked *