ਪੰਜਾਬ ਕਾਂਗਰਸ ਵੱਲੋਂ ਜੰਤਰ ਮੰਤਰ ’ਤੇ ਲੜੀਵਾਰ ਧਰਨਿਆਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਦੀਵਾਲੀ ਮਗਰੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੌਮੀ ਰਾਜਧਾਨੀ ਦਿੱਲੀ ’ਚ ਜੰਤਰ ਮੰਤਰ ’ਤੇ ਲੜੀਵਾਰ ਧਰਨੇ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਦੱਸਿਆ ਕਿ ਪੰਜਾਬ ਦੇ ਵਿਧਾਇਕ ਵਾਰੋ ਵਾਰੀ ਧਰਨੇ ’ਤੇ ਬੈਠਣਗੇ ਕਿਉਂਕਿ ਕੇਂਦਰ ਸਰਕਾਰ ਨੇ ਮਸਲਾ ਸੁਲਝਾਉਣ ਦੀ ਥਾਂ ਜ਼ਿਦ ਫੜ ਲਈ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵੱਲੋਂ 4 ਨਵੰਬਰ ਨੂੰ ਜੰਤਰ ਮੰਤਰ ’ਤੇ ਸੰਕੇਤਕ ਧਰਨਾ ਦਿੱਤਾ ਗਿਆ ਸੀ। ਉਦੋਂ ਇਹ ਜਾਪਦਾ ਸੀ ਕਿ ਕਾਂਗਰਸ ਲੜੀਵਾਰ ਧਰਨੇ ਸ਼ੁਰੂ ਕਰੇਗੀ ਪ੍ਰੰਤੂ ਮਗਰੋਂ ਇਸ ਧਰਨੇ ਨੂੰ ਇੱਕ ਦਿਨ ਤੱਕ ਹੀ ਸੀਮਤ ਕਰ ਦਿੱਤਾ ਗਿਆ ਸੀ।

ਪੰਜਾਬ ਕਾਂਗਰਸ ਹੁਣ ਕੌਮੀ ਰਾਜਧਾਨੀ ਨੂੰ ਅੰਦੋਲਨ ਦਾ ਅਖਾੜਾ ਬਣਾਉਣਾ ਚਾਹੁੰਦੀ ਹੈ ਤਾਂ ਜੋ ਕੌਮੀ ਪੱਧਰ ਖਾਸ ਤੌਰ ’ਤੇ ਕੇਂਦਰ ਵੱਲੋਂ ਸੂਬੇ ਨਾਲ ਕੀਤੀ ਜਾ ਰਹੀ ਜ਼ਿਆਦਤੀ ਨੂੰ ਉਭਾਰਿਆ ਜਾ ਸਕੇ। ਸ੍ਰੀ ਜਾਖੜ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਅਰਥਚਾਰੇ ਅਤੇ ਕਿਸਾਨੀ ਨੂੰ ਤਬਾਹ ਕਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਵੱਲੋਂ ਦੀਵਾਲੀ ਮਗਰੋਂ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਤਾਰੀਕ ਜਲਦੀ ਐਲਾਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦਾ ਅੜੀਅਲ ਰਵੱਈਆ ਦੇਸ਼ ਦੇ ਸੰਘੀ ਢਾਂਚੇ ਲਈ ਵੱਡਾ ਖਤਰਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾ ਤਾਂ ਪੰਜਾਬ ਦੀ ਚੁਣੀ ਹੋਈ ਸਰਕਾਰ ਦੀ ਗੱਲ ਸੁਣ ਰਹੀ ਹੈ ਅਤੇ ਨਾ ਹੀ ਸੂਬੇ ਦੇ ਕਰੋੜਾਂ ਲੋਕਾਂ ਦੇ ਰੋਹ ਨੂੰ ਸਮਝ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੇਂਦਰ ਸਰਕਾਰ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ, ਉਸ ਦੇ ਦੂਰਗਾਮੀ ਤੇ ਮਾੜੇ ਨਤੀਜੇ ਨਿਕਲਣਗੇ। ਸ੍ਰੀ ਜਾਖੜ ਨੇ ਕਿਹਾ ਕਿ ਕਿਸਾਨ ਮਾਰੂ ਕਾਨੂੰਨਾਂ ਨੂੰ ਲਾਗੂ ਕਰਨ ਦੀ ਅੜੀ ਪੰਜਾਬ ਨੂੰ ਪੂਰੀ ਤਰ੍ਹਾਂ ਆਰਥਿਕ ਤੌਰ ’ਤੇ ਝੰਬ ਦੇਵੇਗੀ। ਉਨ੍ਹਾਂ ਕਿਹਾ ਕਿ ਕਾਲੇ ਕਾਨੂਨਾਂ ਦਾ ਅਸਰ ਸਮਾਜ ਦੇ ਸਾਰੇ ਵਰਗਾਂ ’ਤੇ ਪਵੇਗਾ ਪਰ ਪੰਜਾਬ ਦੇ ਬਹਾਦਰ ਲੋਕ ਕੇਂਦਰ ਦੇ ਇਸ ਧੱਕੇ ਨੂੰ ਸਹਿਣ ਨਹੀਂ ਕਰਨਗੇ।  

Leave a Reply

Your email address will not be published. Required fields are marked *