ਦੇਵੀਨਗਰ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਡੇਰਾਬੱਸੀ : ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਪੈਂਦੇ ਪਿੰਡ ਦੇਵੀਨਗਰ ਦੇ ਗੁਰਦੁਆਰਾ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਇਸ ਮਾਮਲੇ ’ਚ ਪਿੰਡ ਦੀ ਇੱਕ ਔਰਤ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਵੀ ਪਿੰਡ ਦੇ ਇਸੇ ਗੁਰਦੁਆਰਾ ਸਾਹਿਬ ’ਚ ਪਾਵਨ ਸਰੂਪ ਦੀ ਬੇਅਦਬੀ ਹੋਈ ਸੀ।

ਸੋਸ਼ਲ ਮੀਡੀਆ ’ਤੇ ਮਾਮਲੇ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਅਤੇ ਇਲਾਕੇ ਦੇ ਲੋਕ ਦੇਵੀਨਗਰ ਪਹੁੰਚ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਐੱਸਪੀ ਮੁਹਾਲੀ ਸਤਿੰਦਰ ਸਿੰਘ, ਐੱਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ, ਡੀਐੱਸਪੀ ਡੇਰਾਬੱਸੀ ਸਤਿੰਦਰ ਸਿੰਘ ਨੇ ਵੱਡੀ ਗਿਣਤੀ ’ਚ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਔਰਤ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਵਸਨੀਕ ਰਣਜੀਤ ਕੌਰ (32) ਉਰਫ਼ ਰਾਣੀ ਦਾ ਹਰਜੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਡਾ ਨਾਲ ਦਸ ਸਾਲਾ ਪਹਿਲਾਂ ਵਿਆਹ ਹੋ ਗਿਆ ਸੀ। ਉਹ ਅਕਸਰ ਆਪਣੇ ਬੱਚਿਆਂ ਨਾਲ ਪੇਕੇ ਪਿੰਡ (ਦੇਵੀਨਗਰ) ਆਉਂਦੀ ਰਹਿੰਦੀ ਹੈ। ਅੱਜ ਸਵੇਰ ਸਾਢੇ ਅੱਠ ਵਜੇ ਰਣਜੀਤ ਕੌਰ ਗੁਰਦੁਆਰੇ ਆਈ ਅਤੇ ਦਰਬਾਰ ’ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਮਗਰੋਂ ਉਥੇ ਹੀ ਬੈਠ ਗਈ। ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਔਰਤ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *