ਵਕੀਲ ਤੇ ਸਹਾਇਕ ਕਾਰ ’ਚ ਜਿਊਂਦੇ ਸੜੇ

ਹੁਸ਼ਿਆਰਪੁਰ : ਦੀਵਾਲੀ ਦੀ ਰਾਤ ਇੱਥੇ ਪੁਰਹੀਰਾਂ ਬਾਈਪਾਸ ਨੇੜੇ ਇਕ ਕਾਰ ਨੂੰ ਅੱਗ ਲੱਗ ਜਾਣ ਕਾਰਨ ਕਾਰ ਵਿਚ ਸਵਾਰ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਅਸਿਸਟੈਂਟ (ਸਹਾਇਕ) ਵਕੀਲ ਸੀਆ ਖੁੱਲਰ ਦੀ ਸੜਨ ਕਾਰਨ ਮੌਤ ਹੋ ਗਈ। ਰਾਤ ਕਰੀਬ ਸਵਾ 10 ਵਜੇ ਜਦੋਂ ਇਹ ਦੋਵੇਂ ਆਪਣੀ ਮਾਰੂਤੀ ਕਾਰ ਵਿਚ ਫਗਵਾੜਾ ਬਾਈਪਾਸ ਤੋਂ ਚੰਡੀਗੜ੍ਹ ਬਾਈਪਾਸ ਵੱਲ ਜਾ ਰਹੇ ਸਨ, ਤਾਂ ਕਾਰ ਇਕ ਦਰੱਖਤ ਵਿਚ ਜਾ ਵੱਜੀ ਅਤੇ ਇਸ ਨੂੰ ਅੱਗ ਲੱਗ ਗਈ। ਦੋਵੇਂ ਵਕੀਲ ਕਾਰ ਵਿਚ ਹੀ ਸੜ ਕੇ ਸੁਆਹ ਹੋ ਗਏ। ਕਾਰ ਵੀ ਬੁਰੀ ਤਰ੍ਹਾਂ ਸੜ ਗਈ। ਆਸਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਫ਼ਾਇਰ ਬ੍ਰਿਗੇਡ ਤੇ ਪੁਲੀਸ ਨੂੰ ਦਿੱਤੀ। ਫ਼ਾਇਰ ਬ੍ਰਿਗੇਡ ਨੇ ਅੱਗ ਤਾਂ ਬੁਝਾ ਦਿੱਤੀ ਪਰ ਕਾਰ ਸਵਾਰਾਂ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਸੜੇ ਹੋਏ ਪਿੰਜਰਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਸ਼ਨਾਖ਼ਤ ਐਤਵਾਰ ਨੂੰ ਗੱਡੀ ਦੀ ਰਜਿਸਟ੍ਰੇਸ਼ਨ ਨੰਬਰ ਤੋਂ ਹੋਈ। ਗੱਡੀ ਮ੍ਰਿਤਕਾ ਸੀਆ ਖੁੱਲਰ ਦੇ ਕਿਸੇ ਜਾਣਕਾਰ ਦੇ ਨਾਂ ’ਤੇ ਰਜਿਸਟਰ ਸੀ। ਐੱਸਪੀ (ਜਾਂਚ) ਆਰ.ਪੀ.ਐੱਸ ਸੰਧੂ ਨੇ ਦੱਸਿਆ ਕਿ ਪਰਿਵਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਗੁਪਤਾ ਆਪਣੇ ਦਫ਼ਤਰ ’ਚ ਪੂਜਾ ਕਰਨ ਲਈ ਸ਼ਾਮ ਨੂੰ ਘਰੋਂ ਨਿਕਲੇ ਸਨ। ਉਨ੍ਹਾਂ ਦੱਸਿਆ ਕਿ ਸੀਆ ਖੁੱਲਰ ਦੇ ਪਤੀ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਹੈ ਕਿ ਰਾਤ ਉਹ ਵੀ ਉਨ੍ਹਾਂ ਦੇ ਨਾਲ ਸੀ ਪਰ ਪੂਜਾ ਤੋਂ ਬਾਅਦ ਨੋਇਡਾ ਲਈ ਰਵਾਨਾ ਹੋ ਗਿਆ ਸੀ। ਐੱਸਪੀ ਨੇ ਦੱਸਿਆ ਕਿ ਫ਼ਿਲਹਾਲ 174 ਦੀ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਐਡਵੋਕੇਟ ਗੁਪਤਾ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ।

Leave a Reply

Your email address will not be published. Required fields are marked *