ਵਰ੍ਹਦੇ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ

ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿੱਚ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ 53ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਮੀਂਹ ਅਤੇ ਠੰਢ ਦੇ ਬਾਵਜੂਦ ਵੱਡੀ ਗਿਣਤੀ ਕਿਸਾਨ-ਮਜ਼ਦੂਰ ਮੋਰਚੇ ’ਚ ਸ਼ਾਮਲ ਹੋਏ ਅਤੇ ਵਰ੍ਹਦੇ ਮੀਂਹ ’ਚ ਵੀ ਰੇਲਵੇ ਸਟੇਸ਼ਨ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਮੋਦੀ ਸਰਕਾਰ ਦੇ ਦਬਾਅ ਹੇਠ ਯਾਤਰੂ ਗੱਡੀਆਂ ਨਾ ਚੱਲਣ ਦੇਣ ’ਤੇ ਬਜ਼ਿੱਦ ਹਨ। ਅੱਜ ਦੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਰਾਹੀਂ ਸਮਾਂ ਲੰਘਾਉਣਾ ਚਾਹੁੰਦੀ ਹੈ, ਨਾ ਕਿ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 20 ਨਵੰਬਰ ਨੂੰ ਬੁੱਧੀਜੀਵੀਆਂ ਨਾਲ ਰਲ ਕੇ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਇਸੇ ਦਿਨ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਐਲਾਨ ਵੀ ਕੀਤੇ ਜਾਣਗੇ।

ਕਮੇਟੀ ਦੇ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਨੇ ਕਿਹਾ ਕੇਂਦਰ ਦੀ ਸ਼ਰਤ ਕਿ ਪਹਿਲਾਂ ਯਾਤਰੂ ਗੱਡੀਆਂ ਚਲਾਓ ਫਿਰ ਮਾਲ ਗੱਡੀਆਂ ਚੱਲਣਗੀਆਂ, ਇਹ ਗੈਰਵਾਜਬ ਹੈ। ਉਨ੍ਹਾਂ ਦੱਸਿਆ ਗੱਲਬਾਤ ਕਰਨ ਗਏ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਬੁਰੇ ਪੱਖਾਂ ਦਾ ਪਤਾ ਨਹੀਂ ਸੀ ਪਰ ਹੁਣ ਜੇ ਪਤਾ ਲੱਗ ਗਿਆ ਹੈ ਤਾਂ ਕੇਂਦਰੀ ਮੰਤਰੀਆਂ ਨੂੰ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕੇਂਦਰ ਵੱਲੋਂ ਕਮੇਟੀ ਬਣਾਉਣ ਦੀ ਜੋ ਗੱਲ ਕਹੀ ਜਾ ਰਹੀ ਹੈ, ਉਹ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਇੱਕ ਸਾਲ ਲਈ ਮੁਲਤਵੀ ਕਰ ਦੇਣੇ ਚਾਹੀਦੇ ਹਨ, ਫਿਰ ਕਮੇਟੀ ਬਣਾਉਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨ ਕਾਲੀ ਦੀਵਾਲੀ ਮਨਾਉਂਦਿਆਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 200 ਪਿੰਡਾਂ ਅਤੇ ਪੰਜਾਬ ਦੇ 11 ਜ਼ਿਲ੍ਹਿਆਂ ਦੇ 812 ਪਿੰਡਾਂ ਵਿੱਚ ਅਰਥੀਆਂ ਫੂਕੀਆਂ ਗਈਆਂ। ਇਸੇ ਤਰ੍ਹਾਂ ਪਿੰਡ ਪੰਧੇਰ ਕਲਾਂ, ਮਜੀਠਾ, ਅੰਤਰਰਾਜੀ ਬੱਸ ਅੱਡਾ ਅੰਮ੍ਰਿਤਸਰ, ਪਿੰਡ ਚੱਬਾ ਵਿੱਚ ਅੰਮ੍ਰਿਤਸਰ-ਹਰੀਕੇ ਮਾਰਗ ਜਾਮ ਕਰਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।

ਸ਼ਵੇਤ ਮਲਿਕ ਦੇ ਘਰ ਅੱਗੇ ਮਸ਼ਾਲ ਮਾਰਚ

ਅੰਮ੍ਰਿਤਸਰ : ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਦੀਵਾਲੀ ਦੀ ਰਾਤ ਖੇਤੀ ਕਾਨੂੰਨਾਂ ਖ਼ਿਲਾਫ਼ ਮਸ਼ਾਲ ਮਾਰਚ ਕੱਢਿਆ ਗਿਆ। ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਦਿਆਂ ਕਿਸਾਨਾਂ ਨੇ ਅੱਜ ਮੀਂਹ ਦੌਰਾਨ ਵੀ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨਾ ਨਿਰੰਤਰ ਜਾਰੀ ਰੱਖਿਆ। 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਇਹ ਧਰਨਾ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਹੈ। ਦੀਵਾਲੀ ਦੀ ਰਾਤ ਕਿਸਾਨਾਂ ਨੇ ਭਾਜਪਾ ਆਗੂ ਦੇ ਘਰ ਕੋਲ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਤਕ ਮਸ਼ਾਲ ਮਾਰਚ ਕੱਢਿਆ। ਕਿਸਾਨਾਂ ਨੇ ਮਸ਼ਾਲਾਂ ਚੁੱਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਮਾਰਚ ਨਹਿਰੀ ਦਫ਼ਤਰ ਤੋਂ ਵਾਪਸ ਭਾਜਪਾ ਆਗੂ ਦੇ ਘਰ ਅੱਗੇ ਪੁੱਜ ਕੇ ਸਮਾਪਤ ਹੋਇਆ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ, ਹਰਜੀਤ ਸਿੰਘ ਝੀਤੇ ਤੇ ਹੋਰਨਾਂ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਕਾਰਨ ਕਿਸਾਨ ਘਰਾਂ ਤੋਂ ਬਾਹਰ ਬਨਵਾਸ ਕੱਟਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰ ਰਹੀ ਹੈ। ਬੰਦੀ ਛੋੜ ਦਿਵਸ ਦਾ ਹਵਾਲਾ ਦਿੰਦਿਆਂ ਆਗੂਆਂ ਨੇ ਆਖਿਆ ਕਿ ਇਹ ਦਿਵਸ ਕਿਸਾਨਾਂ ਲਈ ਪ੍ਰੇਰਣਾ ਸਰੋਤ ਹੈ ਕਿ ਸੱਚ ਅੱਗੇ ਝੂਠ ਨੂੰ ਇਕ ਦਿਨ ਝੁਕਣਾ ਪੈਂਦਾ ਹੈ। ਇਸ ਮੌਕੇ ਬਚਿੱਤਰ ਸਿੰਘ ਕੋਟਲਾ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜਸੜ, ਅਮਨਦੀਪ ਸਿੰਘ ਛੀਨਾ, ਗਗਨ ਤੇੜਾ, ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ। 

ਬਣਾਂਵਾਲਾ ਤਾਪ ਘਰ ਅੱਗੇ ਕਿਸਾਨਾਂ ਦਾ ਧਰਨਾ ਜਾਰੀ

ਮਾਨਸਾ :ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ ਅੱਗੇ ਅੱਜ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਧਰਨਾ ਜਾਰੀ ਰਿਹਾ। ਇਹ ਥਰਮਲ ਪਲਾਂਟ ਕੋਲਾ ਮੁੱਕਣ ਕਾਰਨ 28 ਅਕਤੂਬਰ ਤੋਂ ਬੰਦ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪ੍ਰਾਈਵੇਟ ਤਾਪ ਘਰਾਂ ਕਾਰਨ ਹੀ ਸੂਬੇ ਵਿੱਚ ਬਿਜਲੀ ਮਹਿੰਗੀ ਹੈ ਅਤੇ ਇਨ੍ਹਾਂ ਕਾਰਨ ਹੀ ਸਰਕਾਰੀ ਥਰਮਲ ਬੰਦ ਹੋਏ ਪਏ ਹਨ ਅਤੇ ਕੁੱਝ ਬੰਦ ਹੋਣ ਕਿਨਾਰੇ ਹਨ। ਜਥੇਬੰਦੀ ਦੇ ਬਲਾਕ ਸਕੱਤਰ ਉੱਤਮ ਸਿੰਘ ਰਾਮਾਨੰਦੀ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਪਿਛਲੀ ਸਰਕਾਰ ਵੱਲੋਂ ਕੀਤੇ ਸਮਝੌਤੇ ਰੱਦ ਕਰੇ ਅਤੇ ਬਠਿੰਡਾ ਵਾਲਾ ਸਰਕਾਰੀ ਥਰਮਲ ਪਲਾਂਟ ਚਾਲੂ ਕਰੇ। ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਸਰਕਾਰੀ ਸਕੀਮਾਂ ਰੱਦ ਕੀਤੀਆਂ ਜਾਣ। ਇਸ ਮੌਕੇ ਨਛੱਤਰ ਸਿੰਘ, ਜਸਵਿੰਦਰ ਕੌਰ ਝੇਰਿਆਂਵਾਲੀ, ਮਲਕੀਤ ਸਿੰਘ ਕੋਟ ਧਰਮੂ, ਹਰਬੰਸ ਸਿੰਘ ਕੋਰਵਾਲਾ ਨੇ ਵੀ ਸੰਬੋਧਨ ਕੀਤਾ। ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਥਰਮਲ ਹੁਣ ਉਦੋਂ ਹੀ ਚਾਲੂ ਹੋ ਸਕਦਾ ਹੈ, ਜਦੋਂ ਪੰਜਾਬ ਵਿੱਚ ਰੇਲ ਆਵਾਜਾਈ ਬਹਾਲ ਹੋਵੇਗੀ ਅਤੇ ਗੱਡੀਆਂ ਚੱਲਣ ਮਗਰੋਂ ਵੀ ਤਾਪ ਘਰ ਨੂੰ ਬਿਜਲੀ ਉਤਪਾਦਨ ਲਈ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗੇਗਾ ਕਿਉਂਕਿ ਕੋਲੇ ਦੀ ਮੰਗ ਭੇਜਣ ਮਗਰੋਂ ਉੜੀਸਾ ਤੋਂ ਗੱਡੀ ਆਉਣ ਵਿੱਚ ਲਗਭਗ 7-8 ਦਿਨ ਦਾ ਸਮਾਂ ਲੱਗ ਜਾਂਦਾ ਹੈ।

Leave a Reply

Your email address will not be published. Required fields are marked *