ਟਰੰਪ ਦੇ ਸਮਰਥਕ ਤੇ ਵਿਰੋਧੀ ਵਾਸ਼ਿੰਗਟਨ ’ਚ ਭਿੜੇ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਦੇ ਹਜ਼ਾਰਾਂ ਸਮਰਥਕ ਅੱਜ ਡਾਊਨਟਾਊਨ ਵਾਸ਼ਿੰਗਟਨ ਦੀਆਂ ਸੜਕਾਂ ’ਤੇ ਆ ਗਏ ਅਤੇ ਉਨ੍ਹਾਂ ਦਾ ਦੂਜੇ ਧੜੇ ਦੇ ਮੁਜ਼ਾਹਰਾਕਾਰੀਆਂ ਨਾਲ ਹਿੰਸਕ ਟਕਰਾਅ ਹੋਇਆ। ਅਮਰੀਕੀ ਰਾਸ਼ਟਰਪਤੀ ਦੇ ਸਮਰਥਕਾਂ ਨੇ ਰੋਸ ਰੈਲੀ ਉਨ੍ਹਾਂ ਦੇ ਦਾਅਵਿਆਂ ਦੇ ਹੱਕ ਵਿਚ ਕੱਢੀ ਸੀ ਜਿਸ ਵਿਚ ਟਰੰਪ ਨੇ ਚੋਣਾਂ ’ਚ ਵੱਡੇ ਪੱਧਰ ਉਤੇ ਧੋਖਾਧੜੀ ਦਾ ਦੋਸ਼ ਲਾਇਆ ਹੈ। ‘ਦਿ ਮਿਲੀਅਨ ਮੈਗਾ ਮਾਰਚ’ ਤਿੰਨ ਨਵੰਬਰ ਦੀਆਂ ਚੋਣਾਂ ਵਿਚ ਡੈਮੋਕ੍ਰੈਟ ਜੋਅ ਬਾਇਡਨ ਨੂੰ ਜੇਤੂ ਐਲਾਨੇ ਜਾਣ ਤੋਂ ਹਫ਼ਤੇ ਬਾਅਦ ਕੱਢਿਆ ਗਿਆ ਹੈ। ਸ਼ਨਿਚਰਵਾਰ ਦਿਨ ਵਿਚ ਰੋਸ ਸ਼ਾਂਤੀਪੂਰਨ ਢੰਗ ਨਾਲ ਪ੍ਰਗਟਾਇਆ ਗਿਆ ਪਰ ਦੇਰ ਰਾਤ ਹਿੰਸਕ ਟਕਰਾਅ ਹੋਇਆ। ਜ਼ਿਕਰਯੋਗ ਹੈ ਕਿ ਟਰੰਪ ਦੇ ਸਮਰਥਕਾਂ ਤੇ ਦੂਜੇ ਧੜੇ ਦੇ ਮੁਜ਼ਾਹਰਾਕਾਰੀਆਂ ਵਿਚਕਾਰ ਟਕਰਾਅ ਵਾਈਟ ਹਾਊਸ ਤੋਂ ਥੋੜ੍ਹੀ ਹੀ ਦੂਰੀ ’ਤੇ ਹੋਇਆ। ਰਿਪੋਰਟਾਂ ਮੁਤਾਬਕ ਇਕ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦਾ ਮੁਜ਼ਾਹਰਾਕਾਰੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਦੋ ਪੁਲੀਸ ਕਰਮੀ ਵੀ ਫੱਟੜ ਹੋ ਗਏ। ਵਾਸ਼ਿੰਗਟਨ ਪੁਲੀਸ ਮੁਤਾਬਕ ਕਰੀਬ 20 ਜਣੇ ਜ਼ਖ਼ਮੀ ਹੋਏ ਹਨ। ਇਹ ਟਕਰਾਅ ਕਈ ਮਿੰਟ ਚੱਲਦਾ ਰਿਹਾ। ਸੀਐਨਐਨ ਦੀ ਰਿਪੋਰਟ ਮੁਤਾਬਕ ਦੋਵਾਂ ਗਰੁੱਪਾਂ ਨੇ ਹੱਥਾਂ ਵਿਚ ਡੰਡੇ ਫੜੇ ਹੋਏ ਸਨ ਤੇ ਇਕ-ਦੂਜੇ ਨਾਲ ਧੱਕਾ-ਮੁੱਕੀ ਕੀਤੀ। ਪੁਲੀਸ ਨੇ ਮਗਰੋਂ ਦੋਵਾਂ ਧੜਿਆਂ ਨੂੰ ਇਕ-ਦੂਜੇ ਤੋਂ ਦੂਰ ਕੀਤਾ। ‘ਮੇਕ ਅਮੈਰਿਕਾ ਗਰੇਟ ਅਗੇਨ’ (ਮਾਗਾ) ਰੈਲੀ ਵਿਚ ਲੋਕ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਵਾਸ਼ਿੰਗਟਨ ਡੀਸੀ ਪੁੱਜੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਰੰਪ ਚੋਣ ਜਿੱਤਿਆ ਹੈ ਤੇ ਉਹ ਆਪਣੇ ਆਗੂ ਦੇ ਸਮਰਥਨ ਲਈ ਇੱਥੇ ਆਏ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਹਾਲੇ ਤੱਕ ਆਪਣੀ ਹਾਰ ਕਬੂਲੀ ਨਹੀਂ ਹੈ। ਬਿਨਾਂ ਕਿਸੇ ਸਬੂਤ ਡੋਨਲਡ ਟਰੰਪ ਦੋਸ਼ ਲਾ ਰਹੇ ਹਨ ਕਿ ਚੋਣਾਂ ਵਿਚ ਧੋਖਾ ਹੋਇਆ ਹੈ ਤੇ ਅਹਿਮ ਸੂਬਿਆਂ ਵਿਚ ਗਲਤ ਚੋਣ ਪ੍ਰਕਿਰਿਆ ਕਾਰਨ ਉਹ ਲੱਖਾਂ ਵੋਟਾਂ ਤੋਂ ਵਾਂਝੇ ਰਹਿ ਗਏ ਹਨ। ਫੌਕਸ ਨਿਊਜ਼ ਮੁਤਾਬਕ ਟਰੰਪ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਕਥਿਤ ਤੌਰ ’ਤੇ ਟਰੰਪ ਦੇ ਸਮਰਥਕਾਂ ਵੱਲ ਆਂਡੇ ਸੁੱਟੇ ਤੇ ਹੋਰ ਭੰਨ੍ਹ-ਤੋੜ ਕੀਤੀ। 

 ਦੱਸਣਯੋਗ ਹੈ ਕਿ ਟਰੰਪ ਵਰਜੀਨੀਆ ਉਪਨਗਰੀ ਗੋਲਫ਼ ਕੋਰਸ ਜਾਂਦੇ ਸਮੇਂ ਮੁਜ਼ਾਹਰਾਕਾਰੀਆਂ ਵੱਲ ਹੱਥ ਹਿਲਾ ਕੇ ਲੰਘੇ ਸਨ। ਬਾਅਦ ਵਿਚ ਟਰੰਪ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਖ਼ਬਰ ਚੈਨਲ ਉਨ੍ਹਾਂ ਦੇ ਸਮਰਥਨ ਵਿਚ ਇਕੱਠੇ ਹਜ਼ਾਰਾਂ ਲੋਕਾਂ ਨੂੰ ਨਹੀਂ ਦਿਖਾ ਰਹੇ ਹਨ। ਰਾਸ਼ਟਰਪਤੀ ਨੇ ਮੀਡੀਆ ’ਤੇ ਵੀ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਜਾਅਲੀ ਮੀਡੀਆ ਚੁੱਪ ਹੈ।’ ਡੋਨਲਡ ਟਰੰਪ ਨੇ ਮਗਰੋਂ ਵਿਰੋਧੀ ਮੁਜ਼ਾਹਰਾਕਾਰੀਆਂ ਦਾ ਮਜ਼ਾਕ ਵੀ ਉਡਾਇਆ ਤੇ ਕਿਹਾ ਕਿ ਹਿੰਸਾ ਮਗਰੋਂ ਉਹ ਮੌਕੇ ਤੋਂ ਦੌੜ ਗਏ।

Leave a Reply

Your email address will not be published. Required fields are marked *