ਸੜਕ ਹਾਦਸੇ ਵਿੱਚ ਤਿੰਨ ਹਲਾਕ, ਦੋ ਜ਼ਖ਼ਮੀ

ਰਾਮਪੁਰਾ ਫੂਲ : ਇੱਥੋਂ ਦੇ ਪਿੰਡ ਜੇਠੂਕੇ ਨੇੜੇ ਵਾਪਰੇ ਸੜਕ ਹਾਦਸੇ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹਨ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ-ਬਰਨਾਲਾ ਕੌਮੀ ਮਾਰਗ ’ਤੇ ਪਿੰਡ ਜੇਠੂਕੇ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਖੜ੍ਹੇ ਟਰੱਕ ’ਚ ਬਠਿੰਡਾ ਵਾਲੇ ਪਾਸਿਓਂ ਆ ਰਹੀ ਕਾਰ ਟਕਰਾ ਗਈ। ਮੌਕੇ ’ਤੇ ਪਹੁੰਚੀਆਂ ਸਹਾਰਾ ਦੀਆਂ ਐਂਬੂਲੈਂਸਾਂ ਨੇ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ। ਥਾਣਾ ਸਦਰ ਦੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਇਕਬਾਲ ਸਿੰਘ (30) ਪੁੱਤਰ ਗੁਰਜੰਟ ਸਿੰਘ ਵਾਸੀ ਮੋਹਲੀ ਕਲਾਂ ਜ਼ਿਲ੍ਹਾ ਸੰਗਰੂਰ ਆਪਣੀ ਪਤਨੀ ਮਨਦੀਪ ਕੌਰ (24) ਦੀ ਹਸਪਤਾਲ ਤੋਂ ਛੁੱਟੀ ਕਰਵਾ ਕੇ ਵਾਪਸ ਆ ਰਿਹਾ ਸੀ। ਉਸ ਨਾਲ ਕਾਰ ’ਚ ਕਈ ਹੋਰ ਵਿਅਕਤੀ ਵੀ ਸਵਾਰ ਸਨ। ਇਸ ਹਾਦਸੇ ’ਚ ਗੁਰਇਕਵਾਲ ਸਿੰਘ, ਸੁਬੇਗ ਸਿੰਘ (20) ਪੁੱਤਰ ਦਲਜੀਤ ਸਿੰਘ ਵਾਸੀ ਢਿੱਲਵਾਂ ਜ਼ਿਲ੍ਹਾ ਬਰਨਾਲਾ ਅਤੇ ਜਗਸੇਰ ਸਿੰਘ (9 ਮਹੀਨੇ) ਪੁੱਤਰ ਸਿਮਰਜੀਤ ਸਿੰਘ ਵਾਸੀ ਜੋਗਾ ਜ਼ਿਲ੍ਹਾ ਮਾਨਸਾ ਦੀ ਮੌਤ ਹੋ ਗਈ ਅਤੇ ਮਨਦੀਪ ਕੌਰ ਤੇ ਮਨਜਿੰਦਰ ਕੌਰ (32) ਪਤਨੀ ਅਵਤਾਰ ਸਿੰਘ ਵਾਸੀ ਜੋਗਾ ਗੰਭੀਰ ਜ਼ਖ਼ਮੀ ਹਨ। ਲਵਪ੍ਰੀਤ ਕੌਰ (30) ਵਾਸੀ ਜੋਗਾ ਦਾ ਬਚਾਅ ਹੋ ਗਿਆ। ਮ੍ਰਿਤਕ ਦੇ ਭਰਾ ਅਵਤਾਰ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕੀਤੀ ਹੈ।

Leave a Reply

Your email address will not be published. Required fields are marked *