ਪੰਜਾਬ ਦੀਆਂ ਸਹਿਕਾਰੀ ਸਭਾਵਾਂ ਤੇ ਇਫ਼ਕੋ ਕੇਂਦਰਾਂ ’ਚ ਯੂਰੀਆ ਖਾਦ ਮੁੱਕੀ

ਮੋਗਾ : ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਮਦ ਬੰਦ ਕਰਨ ਨਾਲ ਯੂਰੀਆ ਖਾਦ ਦੀ ਕਿੱਲਤ ਆ ਗਈ ਹੈ। ਇਫ਼ਕੋ ਕੇਂਦਰਾਂ, ਸਹਿਕਾਰੀ ਸੁਸਾਇਟੀਆਂ, ਖਾਦ ਡੀਲਰਾਂ ਕੋਲੋਂ ਵੀ ਯੂਰੀਆ ਖਾਦ ਖ਼ਤਮ ਹੋ ਚੁੱਕੀ ਹੈ।

ਹਿਮਾਚਲ ਤੇ ਹਰਿਆਣਾ ਰਾਜ ਦੀਆਂ ਹੱਦਾਂ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਗੁਆਂਢੀ ਰਾਜ ਦੇ ਸ਼ਹਿਰਾਂ ਵੱਲ ਵਹੀਰਾਂ ਘੱੱਤ ਲਈਆਂ ਹਨ। ਜਦੋਂ ਕਿ ਦੂਜੇ ਰਾਜਾਂ ਵਿੱਚ ਡੀਲਰਾਂ ਵੱਲੋਂ ਸੜਕ ਰਸਤੇ ਟਰੱਕਾਂ ਰਾਹੀਂ ਲਿਆਂਦੀ ਜਾ ਰਹੀ ਖਾਦ ਨੂੰ ਰੋਕਣ ਨਾਲ ਹੁਣ ਇਹ ਡੀਲਰ ਟਰਾਲੀਆਂ ਰਾਹੀਂ ਖਾਦ ਪੰਜਾਬ ਲਿਆ ਕੇ ਮਹਿੰਗੇ ਭਾਅ ’ਤੇ ਵੇਚ ਰਹੇ ਹਨ।

ਬੀਕੇਯੂ ਕਾਦੀਆ ਆਗੂ ਗੁਲਜ਼ਾਰ ਸਿੰਘ ਘਾਲੀ ਨੇ ਯੂਰੀਆ ਖਾਦ ਦੀ ਘਾਟ ਸਬੰਧੀ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਊਨ੍ਹਾਂ ਕਿਹਾ ਕਿ ਬਠਿੰਡਾ ਤੇ ਨੰਗਲ ਦੀਆਂ ਖਾਦ ਫੈਕਟਰੀਆਂ ਵਿੱਚ ਵੱਡੀ ਮਾਤਰਾ ’ਚ ਖਾਦ ਹੋਣ ਬਾਵਜੂਦ ਸੂਬੇ ’ਚ ਨਹੀਂ ਭੇਜੀ ਜਾ ਰਹੀ। ਉਨ੍ਹਾਂ ਕਿਹਾ ਕਿ ਅਖੌੌਤੀ ਖਾਦ ਕਿੱਲਤ ਤੇ ਕਿਸਾਨਾਂ ਦੀ ਆਪੋ-ਧਾਪੀ ਕਾਰਨ ਖਾਦ ਦਾ 267 ਰੁਪਏ ਵਾਲਾ ਗੱਟਾ 450 ਰੁਪਏ ਵਿੱਚ ਵਿਕਣ ਲੱਗਿਆ ਹੈ, ਜਦੋਂ ਕਿ ਖੇਤਾਂ ਵਿੱਚ ਹਾਲੇ ਕੁਝ ਦਿਨਾਂ ਤੱੱਕ ਕਣਕ ਨੂੰ ਪਹਿਲਾ ਪਾਣੀ ਦੇਣ ਵੇਲੇ ਖਾਦ ਦੀ ਲੋੜ ਹੈ।

ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਲਾਈਨਾਂ ’ਤੇ ਦਿੱਤੇ ਧਰਨੇ ਚੁੱਕੇ ਜਾਣ ਉਪਰੰਤ ਵੀ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਨਾ ਚਲਾਏ ਜਾਣ ਕਾਰਨ ਪੰਜਾਬ ਵਿੱਚ ਯੂਰੀਆ ਖਾਦ ਤੇ ਹੋਰ ਖੇਤੀਬਾੜੀ ਨੀਟਨਾਸ਼ਕ ਦਵਾਈਆਂ ਖ਼ਤਮ ਹੋਣ ਕਰ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਖੱਜਲ-ਖ਼ੁਆਰੀ ਤੋਂ ਖਫ਼ਾ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਭ ਕੁਝ ਦੇਖਦਿਆਂ ਵੀ ਚੁੱਪ ਬੈਠੀ ਹੈ ਅਤੇ ਕਿਸਾਨਾਂ ਨੂੰ ਗੁਆਂਢੀ ਸੂਬਿਆਂ ਜਾਂ ਡੀਲਰਾਂ ਤੋਂ ਮਹਿੰਗੇ ਭਾਅ ਯੂਰੀਆ ਖਾਦ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਯੂਰੀਆ ਟਰੱਕਾਂ ਰਾਹੀਂ ਵੀ ਮੰਗਵਾ ਸਕਦੀ ਸੀ ਪਰ ਸਰਕਾਰ ਕਿਸਾਨਾਂ ਨੂੰ ਖੱਜਲ ਕਰਨ ’ਤੇ ਤੁਲੀ ਹੋਈ ਹੈ।

ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰੰਦਰ ਸਿੰੰਘ ਤੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਡੀਲਰਾਂ ਤੇ ਹੋਰ ਦੁਕਾਨਦਾਰਾਂ ’ਤੇ ਪੂਰੀ ਨਿਗਰਾਨੀ ਰੱਖ ਰਿਹਾ ਹੈ ਤਾਂ ਕਿ ਕੋਈ ਯੂਰੀਆ ਦੀ ਬਲੈਕ ਨਾ ਕਰੇ।

ਯੂਰੀਆ ਖਾਦ ਦਾ ਹੱਲ ਲੱਭੇ ਸਰਕਾਰ: ਸੰਧਵਾਂ

ਚੰਡੀਗੜ੍ਹ :ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ਨੂੰ ਸੂਬੇ ’ਚ ਯੂਰੀਆ ਖਾਦ ਦੀ ਘਾਟ ਕਾਰਨ ਦਰਪੇਸ਼ ਮੁਸ਼ਕਲਾਂ ਵੱਲ ਧਿਆਨ ਦੇਣ ਲਈ ਕਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ‘ਆਪ’ ਵਿਧਾਇਕ ਨੇ ਯੂਰੀਆ ਖਾਦ ਦੀ ਪੂਰਤੀ ਕਰਨ ਦੀ ਮੰਗ ਕੀਤੀ। ਆਪਣੇ ਪੱਤਰ ਵਿੱਚ ਸੰਧਵਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨਾਂ ਨੂੰ ਕਰੀਬ 8 ਤੋਂ 9 ਲੱਖ ਟਨ ਯੂਰੀਆ ਦੀ ਲੋੜ ਹੈ ਪਰ ਮਾਲ ਗੱਡੀਆਂ ਨਾ ਚੱਲਣ ਕਾਰਨ ਹੁਣ ਤਕ ਸੂਬੇ ਵਿੱਚ ਯੂਰੀਆ ਦੀ ਕਰੀਬ 35 ਫ਼ੀਸਦੀ ਸਪਲਾਈ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਯੂਰੀਆ ਨਾ ਮਿਲਣ ਕਾਰਨ ਜੇਕਰ ਫ਼ਸਲ ਦੀ ਬਿਜਾਈ ਸਹੀ ਸਮੇਂ ਨਹੀਂ ਹੁੰਦੀ ਤਾਂ ਫ਼ਸਲ ਦੇ ਝਾੜ ਉੱਤੇ ਵੀ ਅਸਰ ਪਵੇਗਾ।

Leave a Reply

Your email address will not be published. Required fields are marked *