ਸ਼ੰਭੂ ਮੋਰਚਾ: ਖੇਤੀ ਵਿਰੋਧੀ ਕਾਨੂੰਨ ਪੰਜਾਬ ਦੀ ਹੋਂਦ ਨੂੰ ਖ਼ਤਰਾ ਕਰਾਰ

ਪਟਿਆਲਾ : ‘ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੇ ਜਿੱਥੇ ਪੰਜਾਬ ਦੇ ਭੂਗੋਲਿਕ ਖ਼ਿੱਤੇ ਵਿੱਚ ਵਿਦਰੋਹੀ ਸੁਰ ਪੈਦਾ ਕਰਦਿਆਂ, ਸਮੁੱਚੀ ਕਿਰਸਾਨੀ ਨੂੰ ਇੱਕ ਝੰਡੇ ਹੇਠਾਂ ਲਾਮਬੰਦ ਕਰ ਦਿੱਤਾ ਹੈ, ਉਥੇ ਹੀ ਕੇਂਦਰ ਸਰਕਾਰ ਦੀ ਇਹ ਕਾਰਵਾਈ ਚਿੰਤਨ ਦਾ ਵਿਸ਼ਾ ਵੀ ਬਣਦੀ ਜਾ ਰਹੀ ਹੈ। ਇਸ ਵਿਚੋਂ ਪੈਦਾ ਹੋਈ ਚੇਤਨਾ ਨੇ ਕਿਸਾਨ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਮਾਰੂ ਬਿੱਲ ਪੰਜਾਬ ਵਿੱਚ ਕੇਵਲ ਕਿਸਾਨੀ ਦਾ ਲੱਕ ਭੰਨਣ ਤੱਕ ਹੀ ਸੀਮਤ ਨਹੀਂ ਰਹੇ, ਬਲਕਿ ਵਪਾਰੀ, ਮੁਲਾਜ਼ਮਾਂ ਅਤੇ ਮਜ਼ਦੂਰਾਂ ਸਮੇਤ ਹੋਰ ਸਮੁੱਚੇ ਵਰਗ ਵੀ ਇਨ੍ਹਾਂ ਦੇ ਮਾਰੂ ਅਸਰ ਤੋਂ ਨਹੀਂ ਬਚ ਸਕਣਗੇ।’ ਇਹ ਤੱਥ ਅਦਾਕਾਰ ਤੇ ਕਲਾਕਾਰ ਦੀਪ ਸਿੱਧੂ ਦੀ ਅਗਵਾਈ ਹੇਠ ਚੱਲ ਰਹੇ ‘ਸ਼ੰਭੂ ਮੋਰਚੇ’ ਦੌਰਾਨ ਪੁੱਜੇ ਵੱਖ-ਵੱਖ ਧਿਰਾਂ ਦੇ ਆਗੂਆਂ ਤੇ ਬੁੱਧੀਜੀਵੀਆਂ ਦੇ ਭਾਸ਼ਣਾਂ ਦੌਰਾਨ ਵੀ ਉੱਭਰ ਕੇ ਸਾਹਮਣੇ ਆਏ। ਮੁੱਖ ਰੂਪ ਵਿੱਚ ਸਾਰੇ ਹੀ ਬੁਲਾਰਿਆਂ ਨੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਪੰਜਾਬ ਦੀ ਹੋਂਦ ਨੂੰ ਖ਼ਤਰਾ ਕਰਾਰ ਦਿੰੰਦਿਆਂ ਤਰਕ ਦਿੱਤਾ ਕਿ ਇਹ ਹੁਣ ਸਿਰਫ਼ ਕਿਰਸਾਨੀ ਨਾਲ ਜੁੜਿਆ ਮਸਲਾ ਨਾ ਰਹਿ ਕੇ ਸਮੁੱਚੇ ਪੰਜਾਬੀਆਂ ਦਾ ਮਸਲਾ ਬਣ ਗਿਆ ਹੈ ਕਿਉਂਕਿ ਸਿੱਧੇ ਅਤੇ ਅਸਿੱਧੇ ਰੂਪ ਵਿਚ ਸੂਬੇ ਦੇ 70 ਫ਼ੀਸਦੀ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ। ਇਸ ਲਈ ਕੇਂਦਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸੱਟ ਮਾਰੀ ਹੈ। ਜਿਸ ਕਰਕੇ ਪੰਜਾਬ ਦੀਆਂ ਸਮੂਹ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਧਿਰਾਂ ਸਮੇਤ ਹੋਰ ਵਰਗ ਦੇ ਲੋਕਾਂ ਨੂੰ ਕੇਂਦਰ ਦੇ ਖ਼ਿਲਾਫ਼ ਸਾਂਝੇ ਘੋਲ ਲਈ ਅੱਗੇ ਆਉਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਪਰਮਿੰਦਰ ਢੀਂਡਸਾ ਦਾ ਕਹਿਣਾ ਸੀ ਕਿ ਪੰਜਾਬ ਪ੍ਰਤੀ ਵੱਖ-ਵੱਖ ਸਰਕਾਰਾਂ ਦੀ ਹਮੇਸ਼ਾ ਹੀ ਇਹ ਸੋਚ ਰਹੀ ਹੈ ਕਿ ਪੰਜਾਬ ਦੇ ਲੋਕ ਹੀ ਅਣਖੀ ਤੇ ਯੋਧੇ ਹਨ। ਆਜ਼ਾਦੀ ਦੀ ਲੜਾਈ ’ਚ ਵੀ ਸਭ ਤੋਂ ਵੱਧ ਕੁਰਬਾਨੀਆਂ ਹਨ। ਦੋ ਫ਼ੀਸਦੀ ਹੋਣ ਦੇ ਬਾਵਜੂਦ ਪੰਜਾਬ ਨੇ ਦੇਸ਼ ਦਾ ਨਾਮ ਰੌਸ਼ਨ ਕਰਨ ਵਿਚ ਪੰਜਾਹ ਫ਼ੀਸਦੀ ਯੋਗਦਾਨ ਹੈ। ਢੀਂਡਸਾ ਨੇ ਕਿਹਾ, ‘ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਤੇ ਹਰੇਕ ਵਰਗ ਨੂੰ ਹਿੱਸਾ ਲੈਣਾ ਚਾਹੀਦਾ ਹੈ। ਕੇਂਦਰ, ਪੰਜਾਬੀਆਂ ’ਚ ਪਾੜ ਪਾਉਣ ਦੀਆਂ ਕੋਝੀਆਂ ਚਾਲਾਂ ਵੀ ਚੱਲ ਰਿਹਾ ਹੈ। ਪਰ ਸੁਚੇਤ ਰਹਿੰਦਿਆਂ ਸਾਨੂੰ ਸਾਂਝਾ ਘੋਲ ਲੜਨਾ ਚਾਹੀਦਾ ਹੈ।’

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦਾ ਵੀ ਇਹੋ ਕਹਿਣਾ ਸੀ ਕਿ ਇਹ ਪੰਜਾਬ ਦੀ ਹੋਂਦ ਨੂੰ ਬਚਾਉਣ ਦਾ ਮਾਮਲਾ ਹੈ। ਜਿਸ ਕਰਕੇ ਸਾਰੀਆਂ ਧਿਰਾਂ ਅਤੇ ਵਰਗਾਂ ਨੂੰ ਕੇਂਦਰ ਦੇ ਖ਼ਿਲਾਫ਼ ਇੱਕਜੁਟ ਹੋ ਕੇ ਲੜਨ ਦੀ ਲੋੜ ਹੈ। ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀਆਂ ਤਕਰੀਰਾਂ ਵੀ ਡੂੰਘੀਆਂ ਰਹੀਆਂ। ਕਈ ਮੱਦਾਂ ਦੇ ਹਵਾਲਿਆਂ ਤਹਿਤ ਉਨ੍ਹਾਂ ਨੇ ਮੋਦੀ ਸਾਸ਼ਨ ਦੀ ਅੰਗਰੇਜ ਸਾਮਰਾਜ ਨਾਲ ਤੁਲਨਾ ਕੀਤੀ। ਮੁੱਖ ਪ੍ਰਬੰਧਕ ਦੀਪ ਸਿੱਧੂ ਨੇ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਮਾਮਲਾ ਉਠਾਇਆ ਅਤੇ ਕਿਹਾ ਕਿ ਇਹ ਅਧਿਕਾਰ ਊਣੇ ਹੋਣ ਕਾਰਨ ਹੀ ਪੰਜਾਬ ਨੂੰ ਅਨੇਕਾਂ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਚ ਸੰਚਾਲਕ ਰਾਜਸੀ ਆਗੂ ਅਤੇ ਚਿੰਤਕ ਜੋਗਾ ਸਿੰਘ ਚੱਪੜ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਨਿਰੋਲ ਖੇਤਰੀ ਪਾਰਟੀ ਦੀ ਤਲਾਸ਼ ਵਿੱਚ ਹਨ। ਅਜਿਹੀ ਧਿਰ ਦੀ ਤੋਟ ਦਾ ਹੀ ਸਿੱਟਾ ਹੈ ਕਿ ਅੱਜ ਪੰਜਾਬੀਆਂ ਨੂੰ ਰਾਤਾਂ ਵੀ ਸੜਕਾਂ ’ਤੇ ਕੱਟਣੀਆਂ ਪੈ ਰਹੀਆਂ ਹਨ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ, ਪਰਮਜੀਤ ਸਿੰਘ ਗਾਜੀ, ਭਾਈ ਮਨਧੀਰ ਸਿੰਘ, ਜਸਪਾਲ ਸਿੰਘ ਮੰਝਪੁਰ ਸਮੇਤ ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਜੈਪਾਲ ਸਿੰਘ ਬਰਾੜ, ਹਰਪ੍ਰੀਤ ਸਿੰਘ ਦੇਵਗਨ ਅਤੇ ਮਹਿੰਦਰਪਾਲ ਸਿੰਘ ਦਾਨਗੜ੍ਹ ਸਣੇ ਕਈ ਅਹਿਮ ਸ਼ਖਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *