ਖਾਲਸਾਈ ਜਾਹੋ-ਜਲਾਲ ਨਾਲ ਛੇ ਰੋਜ਼ਾ ਹੋਲਾ ਮਹੱਲਾ ਸ਼ੁਰੂ

ਸ੍ਰੀ ਆਨੰਦਪੁਰ ਸਾਹਿਬ: ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲੇ ਦਾ ਪਹਿਲਾ ਪੜਾਅ ਅੱਜ ਕੀਰਤਪੁਰ ਸਾਹਿਬ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਆਰੰਭ ਹੋ ਗਿਆ। ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਆਨੰਦਪੁਰ ਸਾਹਿਬ ਵਿਚ 5 ਪੁਰਾਤਨ ਨਗਾਰੇ ਵਜਾ ਕੇ 6 ਦਿਨਾਂ ਤੱਕ (5 ਤੋਂ 7 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 8 ਤੋਂ 10 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ) ਚੱਲਣ ਵਾਲਾ ਹੋਲਾ ਮਹੱਲਾ ਸ਼ੁਰੂ ਹੋਇਆ। ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਕੀਤੀ।

ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਣੇ ਵੱਡੀ ਗਿਣਤੀ ’ਚ ਸੰਤਾਂ-ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਕਿਲਾ ਆਨੰਦਗੜ੍ਹ ਸਾਹਿਬ ਵਿਚ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਢਾਡੀ ਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਨਿਹਾਲ ਕੀਤਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਸ਼ੁਰੂਆਤ ਕਰਨ ਦਾ ਮਹੱਤਵ ਵੀ ਦੱਸਿਆ। ਗਿਆਨੀ ਰਘਬੀਰ ਸਿੰਘ ਨੇ ਹੋਲਾ ਮਹੱਲਾ ਮੇਲੇ ਦੇ ਇਤਿਹਾਸ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਸਿੱਖ ਕੌਮ ਨੂੰ ਵੱਖਰੀ ਪਛਾਣ ਦੇਣ ਅਤੇ ਜਬਰ ਜ਼ੁਲਮ ਖ਼ਿਲਾਫ਼ ਲੜਨ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਸਿੰਘਾਂ ਨੂੰ ਯੁੱਧ ਕਲਾ ਵਿਚ ਨਿਪੁੰਨ ਕਰਨ ਲਈ ਘੋੜਸਵਾਰੀ, ਨੇਜ਼ੇਬਾਜ਼ੀ ਆਦਿ ਦੇ ਮੁਕਾਬਲੇ ਸ਼ੁਰੂ ਕਰਵਾਏ। ਇਸ ਮੌਕੇ ਤਪ ਅਸਥਾਨ ਵੱਲੋਂ ਬਾਬਾ ਤੀਰਥ ਸਿੰਘ, ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਬਾਬਾ ਸੁੱਚਾ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਜਰਨੈਲ ਸਿੰਘ ਆਦਿ ਨੇ ਹੋਲੇ ਮਹੱਲੇ ਦੇ ਸਮੁੱਚੇ ਸਮਾਗਮਾਂ ਦੀ ਨਿਰਵਿਘਨਤਾ ਲਈ ਜਿੱਥੇ ਅਰਦਾਸ ਕੀਤੀ ਉੱਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਦੇ ਸਿਰ ਦਸਤਾਰਾਂ ਵੀ ਸਜਾਈਆਂ ਤੇ ਪਲਾਸਟਿਕ ਰਹਿਤ ਹੋਲਾ ਮਹੱਲਾ ਮਨਾਉਣ ਦੀ ਵਚਨਬੱਧਤਾ ਦੁਹਰਾਈ ਗਈ। ਇਸ ਵੇਲੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੇ ਘੋੜਿਆਂ ’ਤੇ ਸਵਾਰ ਹੋ ਕੇ ਖਾਲਸਾ ਪੰਥ ਦੇ ਜਨਮ ਸਥਾਨ ਪੁੱਜਣੇ ਸ਼ੁਰੂ ਹੋ ਚੁੱਕੇ ਹਨ।

ਹੋਲੇ ਮਹੱਲੇ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਹੋਲੇ ਮਹੱਲੇ ਮੌਕੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਤੋਂ ਜਿੱਥੇ ਕਾਂਗਰਸ ਪਾਰਟੀ ਪਿਛਲੇ ਕਈ ਸਾਲਾਂ ਤੋਂ ਹੀ ਪਾਸਾ ਵੱਟ ਚੁੱਕੀ ਹੈ ਉੱਥੇ ਹੀ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਵੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਰੋਨਾ ਵਾਇਰਸ ਨੂੰ ਮੁੱਖ ਕਾਰਨ ਦੱਸ ਕੇ ਅਕਾਲੀ ਦਲ ਦੀ ਨੌਂ ਮਾਰਚ ਦੀ ਹੋਲੇ ਮਹੱਲੇ ਮੌਕੇ ਹੋਣ ਵਾਲੀ ਸਿਆਸੀ ਕਾਨਫਰੰਸ ਨੂੰ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ। ਡਾ. ਚੀਮਾ ਵੱਲੋਂ ਕੀਤੇ ਗਏ ਟਵੀਟ ਅਨੁਸਾਰ ਇਸ ਕਾਨਫਰੰਸ ਦੇ ਨਾਲ ਹੀ ਜ਼ਿਲ੍ਹਾ ਪੱਧਰ ’ਤੇ ਫ਼ਾਜ਼ਿਲਕਾ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿਚ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਜਦਕਿ ਸੱਤ ਮਾਰਚ ਨੂੰ ਮਾਨਸਾ ਵਿਚ ਕਾਨਫਰੰਸ ਕੀਤੀ ਜਾਵੇਗੀ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਜਸਵੀਰ ਸਿੰਘ, ਸਤਨਾਮ ਸਿੰਘ ਸਰਹਾਲੀ ਐਡੀਸ਼ਨਲ ਚੀਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਬਲਵਿੰਦਰ ਸਿੰਘ ਮੀਤ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ, ਹਰਦੇਬ ਸਿੰਘ ਸੂਚਨਾ ਅਫਸਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭੁਪਿੰਦਰ ਸਿੰਘ ਬਜਰੂੜ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਤੇਜਵੀਰ ਸਿੰਘ ਜਗੀਰਦਾਰ, ਸਰੂਪ ਸਿੰਘ, ਜਰਨੈਲ ਸਿੰਘ ਗ੍ਰੰਥੀ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *