ਮਹਿਬੂਬਾ ਮੁਫ਼ਤੀ ਤੇ ਧੀ ਇਲਤਿਜਾ ਵਲੋਂ ਘਰ ਵਿੱਚ ਨਜ਼ਰਬੰਦ ਕਰਨ ਦੇ ਦੋਸ਼

ਸ੍ਰੀਨਗਰ : ਪੀਡੀਪੀ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਉਨ੍ਹਾਂ ਦੀ ਧੀ ਇਲਤਿਜਾ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਗ੍ਰਿਫ਼ਤਾਰ ਕੀਤੇ ਵਹੀਦ ਉਰ ਰਹਿਮਾਨ ਪਾਰਾ ਦੇ ਘਰ ਜਾਣ ਤੋਂ ਰੋਕਣ ਲਈ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਨ੍ਹਾਂ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਸਰਕਾਰ ਵਲੋਂ ਨਿੱਜੀ ਆਜ਼ਾਦੀ ਅਹਿਸਾਨ ਵਜੋਂ ਦਿੱਤੀ ਜਾ ਰਹੀ ਹੈ, ਜੋ ਕਿ ਆਪਣੀ ਮਰਜ਼ੀ ਨਾਲ ਦੇ ਦਿੱਤੀ ਜਾਂਦੀ ਹੈ ਅਤੇ ਵਾਪਸ ਲੈ ਲਈ ਜਾਂਦੀ ਹੈ, ਜਿਸ ਵਿੱਚ ਨਿਆਂਪਾਲਿਕਾ ਦਾ ਕੋਈ ਦਖ਼ਲ ਨਹੀਂ ਹੈ। ਮੁਫ਼ਤੀ ਨੇ ਅੰਗਰੇਜ਼ੀ ਅਤੇ ਉਰਦੂ ਵਿੱਚ ਟਵੀਟ ਕੀਤਾ, ‘‘ਮੈਨੂੰ ਮੁੜ ਗੈਰਕਾਨੂੰਨੀ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮੈਨੂੰ ਪੁਲਵਾਮਾ ਵਿੱਚ ਪਾਰਾ ਵਹੀਦ ਦੇ ਪਰਿਵਾਰ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ। ਭਾਜਪਾ ਮੰਤਰੀਆਂ ਅਤੇ ਇਨ੍ਹਾਂ ਦੀਆਂ ਕਠਪੁਤਲੀਆਂ ਨੂੰ ਕਸ਼ਮੀਰ ਦੇ ਹਰੇਕ ਹਿੱਸੇ ਵਿੱਚ ਘੁੰਮਣ ਦੀ ਆਗਿਆ ਦਿੱਤੀ ਜਾਂਦੀ ਹੈ ਪ੍ਰੰਤੂ ਮੇਰੇ ਮਾਮਲੇ ਵਿੱਚ ਸੁਰੱਖਿਆ ਮਸਲਾ ਬਣ ਜਾਂਦੀ ਹੈ।’’ ਉਨ੍ਹਾਂ ਅੱਗੇ ਲਿਖਿਆ, ‘‘ਇਨ੍ਹਾਂ ਦੀ ਬੇਰਹਿਮੀ ਦਾ ਕੋਈ ਅੰਤ ਨਹੀਂ। ਵਹੀਦ ਨੂੰ ਨਿਰਆਧਾਰ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੈਨੂੰ ਉਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਦੀ ਆਗਿਆ ਵੀ ਨਹੀਂ ਦਿੱਤੀ ਜਾ ਰਹੀ। ਇੱਥੋਂ ਤੱਕ ਕਿ ਮੇਰੀ ਧੀ ਇਲਤਿਜਾ ਨੂੰ ਵੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਵੀ ਵਹੀਦ ਪਰਿਵਾਰ ਨੂੰ ਮਿਲਣ ਲਈ ਜਾਣਾ ਚਾਹੁੰਦੀ ਸੀ।’’ ਦੱਸਣਯੋਗ ਹੈ ਕਿ ਪਾਰਾ ਨੂੰ ਕੌਮੀ ਜਾਂਚ ਏਜੰਸੀ ਵਲੋਂ ਬੁੱਧਵਾਰ ਨੂੰ 2019 ਦੀਆਂ ਸੰਸਦੀ ਚੋਣਾਂ, ਜਿਨ੍ਹਾਂ ਵਿੱਚ ਮੁਫ਼ਤੀ ਪੀਡੀਪੀ ਉਮੀਦਵਾਰ ਸੀ, ਲਈ ਹਿਜ਼ਬੁਲ ਮੁਜਾਹਿਦੀਨ ਦਹਿਸ਼ਤੀ ਸੰਗਠਨ ਤੋਂ ਮੱਦਦ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਫ਼ਤੀ ਵਲੋਂ ਪਿੰਡਾ ਨਾਇਰਾ ਵਿੱਚ ਰਹਿੰਦੇ ਪਾਰਾ ਪਰਿਵਾਰ ਦੇ ਘਰ ਫੇਰੀ ਲਈ ਸੁਰੱਖਿਆ ਕਲੀਅਰੈਂਸ ਮੰਗੀ ਗਈ ਸੀ। ਜਵਾਬ ਵਿੱਚ ਉਨ੍ਹਾਂ ਨੂੰ ਸਭ ਮੁਲਾਜ਼ਮਾਂ ਦੇ ਚੋਣ ਡਿਊਟੀਆਂ ਵਿੱਚ ਰੁੱਝੇ ਹੋਣ ਕਾਰਨ ਆਪਣੀ ਫੇਰੀ ਅੱਗੇ ਪਾਉਣ ਲਈ ਕਿਹਾ ਗਿਆ।  ਐੱਨਸੀ ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਟਵਿੱਟਰ ’ਤੇ ਲਿਖਿਆ, ‘‘ਸਾਡੇ ਗੇਟ ਸਾਹਮਣੇ ਟਰੱਕ ਖੜ੍ਹਾ ਰੱਖਣਾ ਹੁਣ ਇਸ ਪ੍ਰਸ਼ਾਸਨ ਦੀ ਰੁਟੀਨ ਕਾਰਵਾਈ ਬਣ ਗਈ ਹੈ। ਇਨ੍ਹਾਂ ਨੇ ਕੁਝ ਦਿਨ ਪਹਿਲਾਂ ਮੇਰੇ ਪਿਤਾ ਜੀ ਨੂੰ ਨਮਾਜ਼ ਅਦਾ ਕਰਨ ਤੋਂ ਰੋਕ ਕੇ ਅਜਿਹਾ ਹੀ ਕੀਤਾ ਸੀ। ਸਰਕਾਰ ਵਲੋਂ ਨਿੱਜੀ ਆਜ਼ਾਦੀ ਅਹਿਸਾਨ ਵਜੋਂ ਦਿੱਤੀ ਜਾਂਦੀ ਹੈ, ਆਪਣੀ ਮਰਜ਼ੀ ਨਾਲ ਦਿੱਤੀ ਜਾਂਦੀ ਹੈ ਅਤੇ ਵਾਪਸ ਲੈ ਲਈ ਜਾਂਦੀ ਹੈ, ਜਿਸ ਵਿੱਚ ਨਿਆਂਪਾਲਕਿਾ ਕੋਈ ਦਖ਼ਲ ਨਹੀਂ ਦਿੰਦਾ।’’ ਐੱਨਸੀ ਪ੍ਰਧਾਨ ਫ਼ਾਰੂਕ ਅਬਦੁੱਲਾ ਨੂੰ 30 ਅਕਤੂਬਰ ਨੂੰ ਈਦ-ਮਿਲਾਦ-ਉਨ-ਨਾਬੀ ਮੌਕੇ ਹਜ਼ਰਤਬੁੱਲ ਦਰਗਾਹ ਵਿੱਚ ਨਮਾਜ਼ ਅਦਾ ਕਰਨ ਲਈ ਜਾਣ ਤੋਂ ਰੋਕ ਦਿੱਤਾ ਗਿਆ ਸੀ

Leave a Reply

Your email address will not be published. Required fields are marked *