ਦਿੱਲੀ ਧਰਨੇ ’ਚ ਗਏ ਦੋ ਕਿਸਾਨਾਂ ਦੀ ਮੌਤ

ਨਵੀਂ ਦਿੱਲੀ :ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਵਾਲੇ ਦੋ ਕਿਸਾਨਾਂ ਦੀ ਵੱਖੋ-ਵੱਖਰੀਆਂ ਘਟਨਾਵਾਂ ’ਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਮਾਨਸਾ ਦੇ ਕਿਸਾਨ ਗੁਰਜੰਟ ਸਿੰਘ (58) ਪਿੰਡ ਬੱਛੋਆਣਾ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਕਿਸਾਨ ਦੀ ਬੀਤੀ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਵਾਪਸ ਆਉਣ ਸਮੇਂ ਵਾਪਰੇ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਿਸਾਨ ਗੁਰਜੰਟ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਵਰਕਰ ਵਜੋਂ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇੱਕ ਧੀ ਛੱਡ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਹਵਾਲੇ ਨਾਲ ਭੇਜੀ ਗਈ ਇੱਕ ਸੂਚਨਾ ਅਨੁਸਾਰ ਕਿਸਾਨ ਗੁਰਜੰਟ ਸਿੰਘ ਕੱਲ੍ਹ ਸ਼ਾਮ ਨੂੰ ਧਰਨੇ ਦੌਰਾਨ ਬਿਮਾਰ ਹੋ ਗਿਆ ਸੀ, ਜਿਸ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਅੱਜ ਹਾਲਤ ਵਿਗੜਨ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਪੀਜੀਆਈ, ਰੋਹਤਕ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੀਜੀਆਈ ’ਚ ਉਸ ਦੇ ਅਜੇ ਨਮੂਨੇ ਲਏ ਜਾ ਰਹੇ ਸਨ ਕਿ ਉਸ ਦੀ ਮੌਤ ਹੋ ਗਈ। ਜਥੇਬੰਦੀ ਵੱਲੋਂ ਉਸ ਦੀ ਦੇਹ ਰੋਹਤਕ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ ਅਤੇ ਸਰਕਾਰ ਸਾਹਮਣੇ ਸ਼ਰਤਾਂ ਤਹਿਤ ਸਸਕਾਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ ਨੂੰ ਜਥੇਬੰਦੀ ਵੱਲੋਂ ਦਿੱਲੀ ਅੰਦੋਲਨ ਦਾ ਸ਼ਹੀਦ ਐਲਾਨਿਆ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਗੁਰਜੰਟ ਸਿੰਘ ਜਥੇਬੰਦੀ ਦੇ ਹਰ ਅੰਦੋਲਨ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਸੀ। ਉਨ੍ਹਾਂ ਕਿਹਾ ਕਿ ਉਸਦੇ ਸਸਕਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਅਤੇ ਸਰਕਾਰੀ/ਪ੍ਰਾਈਵੇਟ ਕਰਜ਼ੇ ‘ਤੇ ਲੀਕ ਫੇਰਨ ਦੀ ਮੰਗ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕਿਸਾਨ ਗੁਰਜੰਟ ਸਿੰਘ ਦੀ ਮੌਤ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਧੰਨਾ ਸਿੰਘ ਚਾਹਲ ਦੀ ਦਿੱਲੀ ਜਾਂਦਿਆਂ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਦਾ ਸਬੰਧ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨਾਲ ਸੀ।

ਪਾਇਲ/ਮੰਡੀ ਅਹਿਮਦਗੜ੍ਹ (ਦੇਵਿੰਦਰ ਸਿੰਘ ਜੱਗੀ/ਮਹੇਸ਼ ਸ਼ਰਮਾ): ਦਿੱਲੀ ਵਿੱਚ ਕਿਸਾਨ ਮੋਰਚੇ ’ਚ ਗਏ ਇੱਕ ਨੌਜਵਾਨ ਕਿਸਾਨ ਦੀ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਵਾਪਸ ਆਉਣ ਸਮੇਂ ਵਾਪਰੇ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿੱਲੀ ਕਿਸਾਨ ਮੋਰਚੇ ਵਿੱਚ ਪਾਇਲ ਦੇ ਪਿੰਡ ਝੱਮਟ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਅਨੁਸਾਰ 27 ਨਵੰਬਰ ਨੂੰ 2 ਮੋਟਰਸਾਈਕਲਾਂ ’ਤੇ ਸਵਾਰ 4 ਨੌਜਵਾਨ ਦਿੱਲੀ ਕਿਸਾਨ ਮੋਰਚੇ ਵਿੱਚ ਗਏ ਸਨ। ਘਰੇਲੂ ਰੁਝੇਵਿਆਂ ਕਾਰਨ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਮੋਟਰਸਾਈਕਲ ’ਤੇ ਘਰ ਵਾਪਸ ਆ ਰਹੇ ਬਲਜਿੰਦਰ ਸਿੰਘ ਗੋਲੂ (31) ਪੁੱਤਰ ਸਵਰਗੀ ਜਗਤਾਰ ਸਿੰਘ ਵਾਸੀ ਪਿੰਡ ਝੰਮਟ, ਲੁਧਿਆਣਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਇਹ ਕਿਸਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ ਆਪਣੀ ਮਾਤਾ ਚਰਨਜੀਤ ਕੌਰ, ਪਤਨੀ ਅਮਨਦੀਪ ਕੌਰ, ਇੱਕ ਪੁੱਤਰੀ ਅਤੇ ਇੱਕ ਪੁੱਤਰ ਛੱਡ ਗਿਆ ਹੈ। ਕਿਸਾਨ ਬਲਜਿੰਦਰ ਸਿੰਘ ਗੋਲੂ ਦਾ ਸਸਕਾਰ ਪਿੰਡ ਝੱਮਟ ਵਿੱਚ ਕਰ ਦਿੱਤਾ ਗਿਆ।

ਇਸ ਦੌਰਾਨ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਝੱਮਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਗੋਲੂ 27 ਨਵੰਬਰ ਤੋਂ ਹਰਿਆਣਾ ਬਾਰਡਰ ’ਤੇ ਆਪਣੇ ਸਾਥੀਆਂ ਸਮੇਤ ਧਰਨਾ ਦੇ ਰਿਹਾ ਸੀ। ਮ੍ਰਿਤਕ ਕਿਸਾਨ ਦੀ ਪਤਨੀ ਅਮਨਦੀਪ ਕੌਰ ਅਤੇ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਬਲਜਿੰਦਰ ਸਿੰਘ ਗੋਲੂ ਕੁੱਲ 3 ਕਿੱਲਿਆਂ ਦੀ ਖੇਤੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ ਪਰ ਹੁਣ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਬੀਕੇਯੂ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Leave a Reply

Your email address will not be published. Required fields are marked *